Wednesday, August 12
Shadow

ਪੰਜਾਬੀ ਸਿਨੇਮਾ ਦੀਆਂ ਸਭ ਤੋਂ ਮਹਿੰਗੀਆਂ ਫਿਲਮਾਂ, ਜਿਸ ‘ਤੇ ਲੱਗੇ ਕਰੋੜਾਂ ਰੁਪਏ

Punjabi Film Industry: ਪੰਜਾਬੀ ਸਿਨੇਮਾ ਨੇ ਪਿਛਲੇ ਇੱਕ ਦਹਾਕੇ ਵਿੱਚ ਸਿਰਫ਼ ਕਹਾਣੀਆਂ ਅਤੇ ਕਲਾਕਾਰਾਂ ਦੇ ਪੱਧਰ ’ਤੇ ਹੀ ਤਰੱਕੀ ਨਹੀਂ ਕੀਤੀ, ਸਗੋਂ ਫਿਲਮਾਂ ਦੇ ਬਜਟ ਨੇ ਵੀ ਵੱਡੀ ਛਾਲ ਮਾਰੀ ਹੈ। ਇੱਕ ਸਮਾਂ ਸੀ, ਜਦੋਂ ਪੰਜਾਬੀ ਫਿਲਮਾਂ ਕੁਝ ਕਰੋੜ ਰੁਪਏ ਦੇ ਬਜਟ ਵਿੱਚ ਤਿਆਰ ਹੋ ਜਾਂਦੀਆਂ ਸਨ, ਪਰ ਹੁਣ ਵੱਡੇ ਸਿਤਾਰਿਆਂ, ਵਿਦੇਸ਼ੀ ਲੋਕੇਸ਼ਨਾਂ, VFX, ਐਕਸ਼ਨ ਸੀਕਵੈਂਸ ਅਤੇ ਵੱਡੇ ਪੱਧਰ ਦੀ ਪ੍ਰੋਡਕਸ਼ਨ ਕਾਰਨ ਕਈ ਫਿਲਮਾਂ ਦਾ ਬਜਟ 10 ਤੋਂ 20 ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ।

ਅਦਾਕਾਰਾ ਸਰਗੁਣ ਮਹਿਤਾ ਨੇ ਵੀ 2026 ਵਿੱਚ ਪੰਜਾਬੀ ਸਿਨੇਮਾ ਵਿੱਚ ਬਜਟ ਦੇ ਵਧਣ ਦੀ ਗੱਲ ਕਰਦਿਆਂ ਦੱਸਿਆ ਸੀ ਕਿ ਅੱਜ ਪੰਜਾਬੀ ਫਿਲਮਾਂ 6 ਕਰੋੜ ਤੋਂ ਲੈ ਕੇ 30 ਕਰੋੜ ਰੁਪਏ ਤੱਕ ਦੇ ਪੱਧਰ ’ਤੇ ਬਣ ਰਹੀਆਂ ਹਨ।

ਪੰਜਾਬੀ ਸਿਨੇਮਾ ਦੀਆਂ ਸਭ ਤੋਂ ਮਹਿੰਗੀਆਂ ਫਿਲਮਾਂ

ਚਾਰ ਸਾਹਿਬਜ਼ਾਦੇ

ਜੇਕਰ ਭਾਰਤੀ ਪੰਜਾਬੀ ਸਿਨੇਮਾ ਦੀਆਂ ਮਹਿੰਗੀਆਂ ਫਿਲਮਾਂ ਦੀ ਗੱਲ ਕਰੀਏ ਤਾਂ ‘ਚਾਰ ਸਾਹਿਬਜ਼ਾਦੇ’ ਦਾ ਨਾਂਅ ਸਭ ਤੋਂ ਉੱਪਰ ਆਉਂਦਾ ਹੈ। 2014 ਵਿੱਚ ਰਿਲੀਜ਼ ਹੋਈ ਇਸ ਐਨੀਮੇਸ਼ਨ ਫਿਲਮ ਦਾ ਬਜਟ ਕਰੀਬ 20 ਕਰੋੜ ਰੁਪਏ ਦੱਸਿਆ ਜਾਂਦਾ ਹੈ। ਫਿਲਮ ਨੂੰ ਹੈਰੀ ਬਵੇਜਾ ਨੇ ਡਾਇਰੈਕਟ ਕੀਤਾ ਸੀ ਅਤੇ ਇਸ ਵਿੱਚ ਸਿੱਖ ਇਤਿਹਾਸ ਨੂੰ ਐਨੀਮੇਸ਼ਨ ਰਾਹੀਂ ਵੱਡੇ ਪੱਧਰ ’ਤੇ ਪੇਸ਼ ਕੀਤਾ ਗਿਆ। ਉਸ ਸਮੇਂ ਲਈ ਪੰਜਾਬੀ ਸਿਨੇਮਾ ਵਿੱਚ 20 ਕਰੋੜ ਰੁਪਏ ਦਾ ਨਿਵੇਸ਼ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਸੀ। ਹਾਲਾਂਕਿ, 2014 ਵਿੱਚ ਬਾਕਸ ਆਫਿਸ ਨੇ ਇਸ ਦੀ ਬਣਾਉਣ ਅਤੇ ਰਿਲੀਜ਼ ਦੀ ਲਾਗਤ ਕਰੀਬ 10 ਕਰੋੜ ਰੁਪਏ ਦੱਸੀ ਸੀ, ਇਸ ਲਈ ਵੱਖ-ਵੱਖ ਸਰੋਤਾਂ ਵਿੱਚ ਬਜਟ ਦੇ ਅੰਕੜੇ ਵੱਖਰੇ ਮਿਲਦੇ ਹਨ।

ਜ਼ੋਰਾਵਰ

ਇਸ ਤੋਂ ਬਾਅਦ ਮਹਿੰਗੀਆਂ ਪੰਜਾਬੀ ਫਿਲਮਾਂ ਦੀ ਚਰਚਾ ਵਿੱਚ ‘ਜ਼ੋਰਾਵਰ’ ਦਾ ਨਾਂਅ ਵੀ ਆਉਂਦਾ ਹੈ। ਇਸ ਫਿਲਮ ਦਾ ਅਨੁਮਾਨਿਤ ਬਜਟ ਕਰੀਬ 16 ਕਰੋੜ ਰੁਪਏ ਦੱਸਿਆ ਜਾਂਦਾ ਹੈ। ਵੱਡੇ ਪੱਧਰ ਦੀ ਪ੍ਰੋਡਕਸ਼ਨ ਅਤੇ ਐਕਸ਼ਨ ਵਾਲੀਆਂ ਪੰਜਾਬੀ ਫਿਲਮਾਂ ਲਈ ਇਹ ਬਜਟ ਆਪਣੇ ਸਮੇਂ ਵਿੱਚ ਕਾਫੀ ਵੱਡਾ ਮੰਨਿਆ ਗਿਆ।

ਕੈਰੀ ਆਨ ਜੱਟਾ 3

ਫਿਰ ਆਉਂਦੀ ਹੈ ਗਿੱਪੀ ਗਰੇਵਾਲ ਦੀ ‘ਕੈਰੀ ਆਨ ਜੱਟਾ 3’, ਸਾਲ 2023 ਵਿੱਚ ਆਈ ਇਸ ਫਿਲਮ ਦਾ ਅਨੁਮਾਨਿਤ ਬਜਟ ਕਰੀਬ 15 ਕਰੋੜ ਰੁਪਏ ਦੱਸਿਆ ਜਾਂਦਾ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਲਗਭਗ 15 ਕਰੋੜ ਦੇ ਬਜਟ ਵਾਲੀ ਇਸ ਫਿਲਮ ਨੇ ਦੁਨੀਆ ਭਰ ਵਿੱਚ 100 ਕਰੋੜ ਰੁਪਏ ਦੇ ਕਰੀਬ ਕਾਰੋਬਾਰ ਕਰਕੇ ਪੰਜਾਬੀ ਸਿਨੇਮਾ ਲਈ ਨਵਾਂ ਬੈਂਚਮਾਰਕ ਕਾਇਮ ਕੀਤਾ। ਵੱਖ-ਵੱਖ ਬਾਕਸ ਆਫਿਸ ਸਰੋਤਾਂ ਵਿੱਚ ਇਸ ਦੀ ਅੰਤਿਮ ਕਮਾਈ ਦੇ ਅੰਕੜੇ ਥੋੜ੍ਹੇ ਵੱਖ ਹਨ, ਪਰ ਇਹ ਫਿਲਮ 100 ਕਰੋੜ ਕਲੱਬ ਵਿੱਚ ਪਹੁੰਚਣ ਵਾਲੀਆਂ ਪਹਿਲੀਆਂ ਭਾਰਤੀ ਪੰਜਾਬੀ ਫਿਲਮਾਂ ਵਿੱਚੋਂ ਇੱਕ ਬਣੀ।

ਸਰਦਾਰ ਜੀ 3

ਇਸੇ ਕੜੀ ਵਿੱਚ ‘ਸਰਦਾਰ ਜੀ 3’ ਦਾ ਨਾਂਅ ਵੀ ਮਹੱਤਵਪੂਰਨ ਹੈ। ਦਿਲਜੀਤ ਦੁਸਾਂਝ, ਨੀਰੂ ਬਾਜਵਾ ਅਤੇ ਹਾਨੀਆ ਆਮਿਰ ਸਟਾਰਰ ਇਸ ਫਿਲਮ ਦਾ ਅਨੁਮਾਨਿਤ ਬਜਟ ਕਰੀਬ 15 ਕਰੋੜ ਰੁਪਏ ਦੱਸਿਆ ਗਿਆ ਹੈ। ਫਿਲਮ ਦੀ ਪ੍ਰੋਡਕਸ਼ਨ ਵਿੱਚ ਵੱਡੀ ਸਟਾਰਕਾਸਟ ਅਤੇ ਹੌਰਰ-ਕਾਮੇਡੀ ਦੇ ਨਾਲ ਵਿਦੇਸ਼ੀ ਮਾਰਕੀਟ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ। ਫਿਲਮ ਨੇ ਭਾਰਤ ਵਿੱਚ ਰਿਲੀਜ਼ ਨਾ ਹੋਣ ਦੇ ਬਾਵਜੂਦ ਵਿਦੇਸ਼ੀ ਬਾਜ਼ਾਰ ਵਿੱਚ ਚੰਗਾ ਕਾਰੋਬਾਰ ਕੀਤਾ।

ਜੱਟ ਐਂਡ ਜੂਲੀਅਟ 3

‘ਜੱਟ ਐਂਡ ਜੂਲੀਅਟ 3’ ਵੀ ਪੰਜਾਬੀ ਸਿਨੇਮਾ ਦੇ ਵੱਧਦੇ ਬਜਟ ਅਤੇ ਵੱਡੇ ਪੈਮਾਨੇ ਦੀ ਉਦਾਹਰਨ ਹੈ। ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਜੋੜੀ ਵਾਲੀ ਇਸ ਫਿਲਮ ਦਾ ਅਨੁਮਾਨਿਤ ਬਜਟ ਕਰੀਬ 12 ਕਰੋੜ ਰੁਪਏ ਦੱਸਿਆ ਜਾਂਦਾ ਹੈ। ਫਿਲਮ ਨੇ ਬਾਕਸ ਆਫਿਸ ’ਤੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਲਗਭਗ 110 ਕਰੋੜ ਰੁਪਏ ਦੀ ਵਰਲਡਵਾਈਡ ਕਮਾਈ ਕੀਤੀ ਅਤੇ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚ ਸ਼ਾਮਲ ਹੋ ਗਈ।

ਛੱਲਾ ਮੁੜਕੇ ਨੀ ਆਇਆ

ਅਮਰਿੰਦਰ ਗਿੱਲ ਦੀ ‘ਛੱਲਾ ਮੁੜ ਕੇ ਨੀਂ ਆਇਆ’ ਵੀ ਮਹਿੰਗੀਆਂ ਪੰਜਾਬੀ ਫਿਲਮਾਂ ਦੀ ਸੂਚੀ ਵਿੱਚ ਸ਼ਾਮਲ ਹੈ। 2022 ਵਿੱਚ ਰਿਲੀਜ਼ ਹੋਈ ਇਸ ਇਤਿਹਾਸਕ-ਡਰਾਮਾ ਫਿਲਮ ਦਾ ਅਨੁਮਾਨਿਤ ਬਜਟ ਕਰੀਬ 11 ਕਰੋੜ ਰੁਪਏ ਦੱਸਿਆ ਜਾਂਦਾ ਹੈ। ਫਿਲਮ ਦੀ ਕਹਾਣੀ ਪ੍ਰੀ-ਪਾਰਟੀਸ਼ਨ ਪੰਜਾਬ ਅਤੇ ਰੋਜ਼ਗਾਰ ਦੀ ਭਾਲ ਵਿੱਚ ਕੈਨੇਡਾ ਜਾਣ ਵਾਲੇ ਪੰਜਾਬੀਆਂ ਦੇ ਸੰਘਰਸ਼ ’ਤੇ ਆਧਾਰਿਤ ਸੀ। ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੀਆਂ ਫਿਲਮਾਂ ਪੰਜਾਬੀ ਸਿਨੇਮਾ ਵਿੱਚ ਹਨ, ਜਿੰਨਾਂ ਦਾ ਬਜਟ ਕਾਫੀ ਜਿਆਦਾ ਰਿਹਾ ਹੈ, ਜਿਸ ਵਿੱਚ ਤਰਸੇਮ ਜੱਸੜ ਦੀਆਂ ਫਿਲਮਾਂ ਸ਼ਾਮਿਲ ਹਨ।

ਉਲੇਖਯੋਗ ਹੈ ਕਿ ਪੰਜਾਬੀ ਫਿਲਮਾਂ ਦੇ ਬਜਟ ਵਿੱਚ ਵਾਧੇ ਦਾ ਸਭ ਤੋਂ ਵੱਡਾ ਕਾਰਨ ਸਿਰਫ਼ ਸਿਤਾਰਿਆਂ ਦੀ ਫੀਸ ਨਹੀਂ ਹੈ। ਅੱਜ ਫਿਲਮਾਂ ਦੀ ਸ਼ੂਟਿੰਗ ਪੰਜਾਬ ਤੋਂ ਬਾਹਰ ਕੈਨੇਡਾ, ਇੰਗਲੈਂਡ ਅਤੇ ਹੋਰ ਵਿਦੇਸ਼ੀ ਲੋਕੇਸ਼ਨਾਂ ’ਤੇ ਹੁੰਦੀ ਹੈ। ਇਸ ਦੇ ਨਾਲ VFX, ਐਕਸ਼ਨ, ਵੱਡੇ ਸੈੱਟ, ਪੋਸਟ-ਪ੍ਰੋਡਕਸ਼ਨ ਅਤੇ ਅੰਤਰਰਾਸ਼ਟਰੀ ਪੱਧਰ ਦੀ ਮਾਰਕੀਟਿੰਗ ’ਤੇ ਵੀ ਖਰਚ ਵਧਿਆ ਹੈ।

ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਵਿਦੇਸ਼ੀ ਦਰਸ਼ਕ ਮਾਰਕੀਟ ਵੀ ਹੈ। ਕੈਨੇਡਾ, ਅਮਰੀਕਾ, ਯੂਕੇ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਪੰਜਾਬੀ ਦਰਸ਼ਕਾਂ ਦੀ ਵੱਡੀ ਗਿਣਤੀ ਹੋਣ ਕਾਰਨ ਹੁਣ ਨਿਰਮਾਤਾ ਸਿਰਫ਼ ਪੰਜਾਬ ਦੇ ਬਾਕਸ ਆਫਿਸ ’ਤੇ ਨਿਰਭਰ ਨਹੀਂ ਰਹਿੰਦੇ। ਇਸ ਦਾ ਅਸਰ ਫਿਲਮਾਂ ਦੇ ਬਜਟ ਅਤੇ ਕਹਾਣੀਆਂ ਦੇ ਪੈਮਾਨੇ ’ਤੇ ਵੀ ਪਿਆ ਹੈ।

ਦਿਲਚਸਪ ਗੱਲ ਇਹ ਹੈ ਕਿ ਬਜਟ ਵਧਣ ਦੇ ਨਾਲ-ਨਾਲ ਪੰਜਾਬੀ ਸਿਨੇਮਾ ਦਾ ਬਾਕਸ ਆਫਿਸ ਵੀ ਤੇਜ਼ੀ ਨਾਲ ਵਧਿਆ ਹੈ। ‘ਜੱਟ ਐਂਡ ਜੂਲੀਅਟ 3’ ਨੇ ਲਗਭਗ 110 ਕਰੋੜ ਰੁਪਏ ਅਤੇ ‘ਕੈਰੀ ਆਨ ਜੱਟਾ 3’ ਨੇ ਕਰੀਬ 100 ਕਰੋੜ ਰੁਪਏ ਦਾ ਵਰਲਡਵਾਈਡ ਕਾਰੋਬਾਰ ਕੀਤਾ। ਇਸ ਨਾਲ ਇਹ ਸਾਬਤ ਹੋਇਆ ਕਿ ਪੰਜਾਬੀ ਦਰਸ਼ਕ ਵੱਡੇ ਪੱਧਰ ’ਤੇ ਬਣੀਆਂ ਫਿਲਮਾਂ ਨੂੰ ਵੀ ਸਵੀਕਾਰ ਕਰ ਸਕਦੇ ਹਨ।

Leave a Reply

Your email address will not be published. Required fields are marked *