ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਛੇ ਵਿਅਕਤੀ 2.9 ਕਿਲੋ ਹੈਰੋਇਨ, 8 ਪਿਸਤੌਲਾਂ ਸਮੇਤ ਕਾਬੂ
ਚੰਡੀਗੜ੍ਹ/ਅੰਮ੍ਰਿਤਸਰ, 28 ਅਗਸਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਅਤੇ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਦੋ ਵੱਖ-ਵੱਖ ਆਪਰੇਸ਼ਨਾਂ ਦੌਰਾਨ ਛੇ ਵਿਅਕਤੀਆਂ ਨੂੰ 2.9 ਕਿਲੋਗ੍ਰਾਮ ਹੈਰੋਇਨ ਅਤੇ ਅੱਠ ਅਧੁਨਿਕ ਪਿਸਤੌਲਾਂ ਦੇ ਨਾਲ-ਨਾਲ ਛੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਕੇ ਹਥਿਆਰ ਅਤੇ ਨਸ਼ਾ ਤਸਕਰੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਇੰਦਰਪਾਲ ਸਿੰਘ ਅਤੇ ਸਿਕੰਦਰਜੀਤ ਸਿੰਘ, ਦੋਵੇਂ ਵਾਸੀ ਪਿੰਡ ਭਿੰਡੀ ਔਲਖ, ਅੰਮ੍ਰਿਤਸਰ; ਹੈਪੀ ਸਿੰਘ ਉਰਫ਼ ਵੀਰਪਾਲ ਸਿੰਘ, ਵਾਸੀ ਕੱਕੜ, ਅੰਮ੍ਰਿਤਸਰ; ਸੁਨੀਲ ਮਸੀਹ ਅਤੇ ਰਾਜਨ ਮਸੀਹ, ਦੋਵੇਂ ਵਾਸੀ ਮਾਹਲ, ਗੁਰਦਾਸਪੁਰ ਅਤੇ ਪਰਦੀਪ ਸਿੰਘ ਵਾਸੀ ਨੂਰਪੁਰ, ਅੰਮ੍ਰਿਤਸਰ ਵਜੋਂ ਹੋਈ ਹੈ।
...








