ਵਿਦਿਆਰਥੀਆਂ ਦਾ ਸੰਘਰਸ਼ ਭਵਿੱਖੀ ਪੀੜ੍ਹੀਆਂ ਵੱਲੋਂ “ਰੋਸ ਦੇ ਰੁੱਖ” ਵਜੋਂ ਯਾਦ ਰੱਖਿਆ ਜਾਵੇਗਾ: ਕੁਲਤਾਰ ਸਿੰਘ ਸੰਧਵਾਂ
ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਜੁਲਾਈ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਹਾਲ ਹੀ ਵਿੱਚ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਸੰਘਰਸ਼ ਭਵਿੱਖੀ ਪੀੜ੍ਹੀਆਂ ਵੱਲੋਂ ਭਾਰਤ ਦੇ ਇਤਿਹਾਸ ਵਿੱਚ "ਰੋਸ ਦੇ ਰੁੱਖ (Tree of Resistance)" ਵਜੋਂ ਯਾਦ ਰੱਖਿਆ ਜਾਵੇਗਾ।
ਸੈਕਟਰ 66-ਏ, ਮੋਹਾਲੀ ਵਿਖੇ ਸਥਿਤ 'ਸਟੋਰੀਲਾਈਨ ਮੋਂਟੇਸਰੀ ਐਂਡ ਕੈਫੇ' ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸੰਧਵਾਂ ਨੇ ਕਿਹਾ ਕਿ ਇਹ ਸੰਘਰਸ਼ ਦੇ ਬੀਜ ਕੁਝ ਸਾਲ ਪਹਿਲਾਂ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੀਤੇ ਗਏ ਇਤਿਹਾਸਕ ਅੰਦੋਲਨ ਦੌਰਾਨ ਬੀਜੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਅੰਦੋਲਨ ਦੇਸ਼ ਦੇ ਨੌਜਵਾਨਾਂ ਦੀ ਜਾਗਰੂਕਤਾ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਉਨ੍ਹਾਂ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੰਘਰਸ਼ ਨੇ ਕਈ ਲੁਕੇ ਹੋਏ ਮੁੱਦਿਆਂ ਨੂੰ ਵੀ ਸਾਹਮਣੇ ਲਿਆਂਦਾ ਹੈ।
...








