
ਮਾਲੇਰਕੋਟਲਾ 28 ਜੂਨ :
ਜਿੱਥੇ ਅੱਜ ਵੀ ਬਹੁਤੇ ਕਿਸਾਨ ਰਵਾਇਤੀ ਫਸਲੀ ਚੱਕਰ ਤੱਕ ਹੀ ਸੀਮਤ ਹਨ, ਉੱਥੇ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਹਥੋਆ ਦੇ ਪ੍ਰਗਤੀਸ਼ੀਲ ਕਿਸਾਨ ਗੁਰਸਿਮਰਨ ਸਿੰਘ , ਪੁੱਤਰ ਸ. ਸੁਖਦੇਵ ਸਿੰਘ, ਆਪਣੀ ਮਹਿਜ਼ ਚਾਰ ਏਕੜ ਜ਼ਮੀਨ’ਤੇ ਵਿਭਿੰਨਤਾ ਅਧਾਰਿਤ ਖੇਤੀ ਅਪਣਾ ਕੇ ਹੋਰ ਕਿਸਾਨਾਂ ਲਈ ਇੱਕ ਪ੍ਰੇਰਣਾਦਾਇਕ ਮਿਸਾਲ ਬਣੇ ਹੋਏ ਹਨ। ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਜ਼ਮੀਨ ਦਾ ਰਕਬਾ ਨਹੀਂ, ਸਗੋਂ ਸੋਚ, ਯੋਜਨਾਬੰਦੀ ਅਤੇ ਨਵੀਆਂ ਤਕਨੀਕਾਂ ਨੂੰ ਅਪਣਾਉਣ ਦੀ ਇੱਛਾ ਹੀ ਸਫ਼ਲਤਾ ਦੀ ਅਸਲ ਕੁੰਜੀ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਾਲੇਰਕੋਟਲਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੀ ਰਹਿਨੁਮਾਈ ਹੇਠ ਗੁਰਸਿਮਰਨ ਸਿੰਘ ਨੇ ਆਪਣੇ ਖੇਤ ਨੂੰ ਇੱਕ ਬਹੁ-ਫਸਲੀ ਮਾਡਲ ਵਜੋਂ ਵਿਕਸਿਤ ਕੀਤਾ ਹੈ। ਉਹ ਆਪਣੇ ਫਾਰਮ ‘ਤੇ 20 ਤੋਂ ਵੱਧ ਕਿਸਮਾਂ ਦੀਆਂ ਫਸਲਾਂ, ਔਸ਼ਧੀ ਬੂਟਿਆਂ ਅਤੇ ਫਲਦਾਰ ਪੌਦਿਆਂ ਦੀ ਸਫ਼ਲ ਕਾਸ਼ਤ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਉਨ੍ਹਾਂ ਦੇ ਬਾਗ ਵਿੱਚ ਐਵੋਕਾਡੋ, ਪੀਕਨ (Pecan), ਜਪਾਨੀ ਫਲ, ਨਿੰਬੂ, ਅਮਰੂਦ, ਚੀਆ ਸੀਡ, ਕੈਲੀਫੋਰਨੀਆ ਬਦਾਮ ਸਮੇਤ ਕਈ ਉੱਚ ਮੁੱਲ ਵਾਲੀਆਂ ਫਸਲਾਂ ਅਤੇ ਫਲਦਾਰ ਪੌਦੇ ਲਗਾਏ ਗਏ ਹਨ। ਇਸ ਤੋਂ ਇਲਾਵਾ ਉਹ ਵਪਾਰਕ ਪੱਧਰ ‘ਤੇ ਬਾਂਸ ਦੀ ਖੇਤੀ ਵੀ ਕਰ ਰਹੇ ਹਨ, ਜਿਸ ਦੀ ਬਾਜ਼ਾਰ ਵਿੱਚ ਲਗਾਤਾਰ ਵਧਦੀ ਮੰਗ ਉਨ੍ਹਾਂ ਲਈ ਆਮਦਨ ਦਾ ਇੱਕ ਹੋਰ ਵਧੀਆ ਸਰੋਤ ਬਣੀ ਹੋਈ ਹੈ।
ਗੁਰਸਿਮਰਨ ਸਿੰਘ ਨੇ ਖੇਤੀ ਦੇ ਨਾਲ ਮਧੂ ਮੱਖੀ ਪਾਲਣ ਨੂੰ ਵੀ ਆਪਣਾ ਸਹਾਇਕ ਧੰਦਾ ਬਣਾਇਆ ਹੈ। ਇਸ ਨਾਲ ਨਾ ਸਿਰਫ਼ ਉਨ੍ਹਾਂ ਨੂੰ ਸ਼ਹਿਦ ਦੇ ਉਤਪਾਦਨ ਤੋਂ ਵਾਧੂ ਆਮਦਨ ਹੁੰਦੀ ਹੈ, ਸਗੋਂ ਫਲਦਾਰ ਬੂਟਿਆਂ ਅਤੇ ਹੋਰ ਫਸਲਾਂ ਵਿੱਚ ਪਰਾਗਣ ਦੀ ਪ੍ਰਕਿਰਿਆ ਬਿਹਤਰ ਹੋਣ ਕਾਰਨ ਉਤਪਾਦਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ।
ਰਬੀ ਸੀਜ਼ਨ ਦੌਰਾਨ ਉਹ ਜੈਵਿਕ ਤਰੀਕੇ ਨਾਲ “ਸੋਨਾਮੋਤੀ” ਕਣਕ ਦੀ ਕਾਸ਼ਤ ਕਰਦੇ ਹਨ। ਉਨ੍ਹਾਂ ਵੱਲੋਂ ਉਗਾਈ ਗਈ ਜੈਵਿਕ ਕਣਕ ਨੂੰ ਖਪਤਕਾਰਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਇਹ ਲਗਭਗ 9,000 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਦੀ ਹੈ, ਜੋ ਰਵਾਇਤੀ ਕਣਕ ਦੇ ਮੁਕਾਬਲੇ ਕਈ ਗੁਣਾ ਵਧੇਰੇ ਮੁੱਲ ਪ੍ਰਾਪਤ ਕਰਦੀ ਹੈ।
ਗੁਰਸਿਮਰਨ ਸਿੰਘ ਅਨੁਸਾਰ ਉਨ੍ਹਾਂ ਦੇ ਬਾਗ ਦੀ ਸਭ ਤੋਂ ਵੱਧ ਲਾਭਦਾਇਕ ਫਸਲ ਐਵੋਕਾਡੋ ਹੈ। ਇਸ ਦਾ ਫਲ 500 ਰੁਪਏ ਪ੍ਰਤੀ ਕਿਲੋਗ੍ਰਾਮ ਜਾਂ ਲਗਭਗ 300 ਰੁਪਏ ਪ੍ਰਤੀ ਫਲ ਤੱਕ ਵਿਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਚੰਗੀ ਆਰਥਿਕ ਆਮਦਨ ਪ੍ਰਾਪਤ ਹੋ ਰਹੀ ਹੈ। ਖੇਤੀ ਦੇ ਨਾਲ-ਨਾਲ ਉਹ ਇੱਕ ਨਰਸਰੀ ਵੀ ਚਲਾ ਰਹੇ ਹਨ, ਜਿੱਥੇ ਵੱਖ-ਵੱਖ ਫਲਦਾਰ ਅਤੇ ਉੱਚ ਮੁੱਲ ਵਾਲੇ ਪੌਦਿਆਂ ਦੇ ਬੂਟੇ ਤਿਆਰ ਕਰਕੇ ਵੇਚੇ ਜਾਂਦੇ ਹਨ। ਨਰਸਰੀ ਉਨ੍ਹਾਂ ਲਈ ਆਮਦਨ ਦਾ ਇੱਕ ਹੋਰ ਮਹੱਤਵਪੂਰਨ ਸਰੋਤ ਹੈ। ਇਸ ਦੇ ਨਾਲ ਹੀ ਉਹ ਹੋਰ ਕਿਸਾਨਾਂ ਨੂੰ ਵੀ ਉੱਚ ਮੁੱਲ ਵਾਲੀਆਂ ਫਸਲਾਂ, ਬਾਗਬਾਨੀ ਅਤੇ ਵਿਭਿੰਨਤਾ ਅਧਾਰਿਤ ਖੇਤੀ ਅਪਣਾਉਣ ਲਈ ਪ੍ਰੇਰਿਤ ਕਰ ਰਹੇ ਹਨ।
ਗੁਰਸਿਮਰਨ ਸਿੰਘ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਰਵਾਇਤੀ ਖੇਤੀ ਦੇ ਨਾਲ-ਨਾਲ ਬਾਗਬਾਨੀ, ਜੈਵਿਕ ਖੇਤੀ, ਨਰਸਰੀ, ਮਧੂ ਮੱਖੀ ਪਾਲਣ ਅਤੇ ਹੋਰ ਸਹਾਇਕ ਧੰਦੇ ਅਪਣਾਉਣ ਤਾਂ ਘੱਟ ਜ਼ਮੀਨ ਹੋਣ ਦੇ ਬਾਵਜੂਦ ਵੀ ਖੇਤੀ ਨੂੰ ਇੱਕ ਲਾਭਕਾਰੀ ਅਤੇ ਟਿਕਾਊ ਕਾਰੋਬਾਰ ਵਿੱਚ ਬਦਲਿਆ ਜਾ ਸਕਦਾ ਹੈ।
ਉਨ੍ਹਾਂ ਦੀ ਇਹ ਸਫ਼ਲਤਾ ਨਾ ਸਿਰਫ਼ ਸੀਮਾਂਤ ਅਤੇ ਛੋਟੇ ਕਿਸਾਨਾਂ ਲਈ ਪ੍ਰੇਰਣਾ ਹੈ, ਸਗੋਂ ਇਹ ਵੀ ਦਰਸਾਉਂਦੀ ਹੈ ਕਿ ਆਧੁਨਿਕ ਅਤੇ ਵਿਭਿੰਨਤਾ ਅਧਾਰਿਤ ਖੇਤੀ ਮਾਡਲ ਅਪਣਾ ਕੇ ਘੱਟ ਰਕਬੇ ਵਿੱਚ ਵੀ ਵਧੀਆ ਆਮਦਨ ਹਾਸਲ ਕੀਤੀ ਜਾ ਸਕਦੀ ਹੈ।