
ਤਰਨ ਤਾਰਨ, 30 ਸਤੰਬਰ : ਜਨਗਣਨਾ-2027 ਤਹਿਤ ਦੂਸਰੇ ਫੇਜ਼ ਲਈ ਟ੍ਰੇਨਿੰਗਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸੇ ਤਹਿਤ ਫੇਜ਼-2 ਦੇ ਕੰਮ ਲਈ 40 ਫੀਲਡ ਟ੍ਰੇਨਰਾਂ ਦੀ ਤਿੰਨ ਦਿਨਾ ਟ੍ਰੇਨਿੰਗ ਮਿਤੀ 28, 29 ਅਤੇ 30 ਅਕਤੂਬਰ ਨੂੰ ਕਰਵਾਈ ਗਈ। ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਜ਼ਿਲ੍ਹਾ ਤਰਨ ਤਾਰਨ ਨਾਲ ਸਬੰਧਤ 40 ਫੀਲਡ ਟ੍ਰੇਨਰਾਂ ਵੱਲੋਂ ਭਾਗ ਲਿਆ ਗਿਆ। ਸਬੰਧਤ ਅਧਿਕਾਰੀਆਂ ਨੂੰ ਟ੍ਰੇਨਿੰਗ ਮੁਹੱਈਆ ਕਰਵਾਉਣ ਲਈ ਜਨਗਨਣਾ ਵਿਭਾਗ, ਪੰਜਾਬ ਚੰਡੀਗੜ੍ਹ ਵੱਲੋਂ ਤਾਇਨਾਤ ਸਹਾਇਕ ਡਾਇਰੈਕਟਰ ਸਵਦੇਸ਼ ਪ੍ਰਤਾਪ ਸਿੰਘ, ਜ਼ਿਲ੍ਹਾ ਕੋਅਰਡੀਨੇਟਰ ਹਿਤਾਂਸ਼ੂ ਅਤੇ ਮਾਸਟਰ ਟ੍ਰੇਨਰ ਸੁਰਿੰਦਰਪਾਲ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। ਉਪ ਅਰਥ ਅਤੇ ਅੰਕੜਾ ਸਲਾਹਕਾਰ ਤਰਨ ਤਾਰਨ ਡਾ. ਅਮਨਦੀਪ ਸਿੰਘ ਸੈਣੀ ਵੱਲੋਂ ਦੱਸਿਆ ਗਿਆ ਕਿ ਪੰਜਾਬ ਵਿਚ ਜਨਗਨਣਾ ਦਾ ਦੂਜਾ ਫੇਜ਼ ਮਿਤੀ 1 ਦਸੰਬਰ 2026 ਤੋ ਮਿਤੀ 4 ਜਨਵਰੀ 2027 ਤੱਕ ਚੱਲੇਗਾ ਅਤੇ ਰਵੀਜ਼ਨ ਫੇਜ਼ ਮਿਤੀ 5 ਜਨਵਰੀ 2027 ਤੋਂ 9 ਜਨਵਰੀ 2027 ਨੂੰ ਖ਼ਤਮ ਹੋਵੇਗਾ। fਮਤੀ 1 ਦਸਬੰਰ ਤੋ ਗਿਣਤੀਕਾਰ ਘਰ-ਘਰ ਜਾ ਕੇ ਡਾਟਾ ਇਕੱਤਰ ਕਰਨਗੇ, ਜਿਸ ਵਿਚ ਲੱਗਭਗ 40 ਸਵਾਲ ਪੁੱਛੇ ਜਾਣਗੇ ਅਤੇ ਇਹ ਸਾਰੀ ਪ੍ਰਕਿਰਿਆ ਆਨ ਲਾਈਨ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਮਿਤੀ 16 ਨਵੰਬਰ 2026 ਤੋ 30 ਨਵੰਬਰ 2026 ਤੱਕ ਸੈਲਫ ਇਨੂਮੀਰੇਸ਼ਨ ਲਈ ਪੋਰਟਲ ਸਮੂਹ ਨਾਗਰਿਕਾਂ ਲਈ ਖੁੱਲ੍ਹਾ ਰਹੇਗਾ, ਜਿਸ ਤਹਿਤ ਕੋਈ ਵੀ ਨਾਗਰਿਕ ਆਪਣੀ ਜਨਗਨਣਾ ਆਪ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਫੀਲਡ ਟ੍ਰੇਨਰਾਂ ਵੱਲੋ ਮਿਤੀ 5 ਅਕਤੂਬਰ ਤੋਂ ਜਨਗਨਣਾ ਲਈ ਨਿਯੁਕਤ ਕੀਤੇ ਗਏ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਟ੍ਰੇਨਿੰਗ ਦੇਣਗੇ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਵੀ ਕੀਤੀ ਕਿ ਸਰਕਾਰ ਦੇ ਇਸ ਮਹੱਤਵਪੂਰਨ ਕੰਮ ਵਿੱਚ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਜਨਗਨਣਾ ਤਹਿੱਤ ਨਾਗਰਿਕਾਂ ਵੱਲੋਂ ਮੁਹੱਈਆ ਕਰਵਾਈ ਗਈ ਸੂਚਨਾ ਗੁਪਤ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਜਨਗਨਣਾ ਡਿਜੀਟਲ ਮੋਡ ਰਾਹੀਂ ਕਰਵਾਈ ਜਾ ਰਹੀ ਹੈ। ਇਸ ਨਾਲ ਜਿਥੇ ਨਾਗਰਿਕਾਂ ਦੀ ਸੂਚਨਾ ਗੁਪਤ ਰਹੇਗੀ ਉਥੇ ਨਾਲ ਹੀ ਜਨਗਨਣਾ ਦੇ ਅੰਕੜੇ ਜਲਦ ਮੁਹੱਈਆ ਹੋ ਜਾਣਗੇ। ਇਹ ਅੰਕੜੇ ਭਵਿੱਖ ਦੀਆਂ ਵਿਕਾਸ ਯੋਜਨਾਵਾਂ ਲਈ ਅਹਿਮ ਭੂਮਿਕਾ ਨਿਭਾਉਣਗੇ। ਇਸ ਲਈ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਸਹੀ ਅੰਕੜੇ ਹੀ ਗਿਣਤੀਕਾਰਾਂ ਨੂੰ ਦਿੱਤੇ ਜਾਣ।