ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਇੱਕ ਹੋਰ ਬਿਹਤਰ ਫਿਲਮ ਵਜੋਂ ਵਜ਼ੂਦ ਵਿੱਚ ਲਿਆਂਦੀ ਗਈ ‘ਰੱਬ ਦਾ ਰੇਡੀਓ 3’ ਅੱਜ ਵਿਸ਼ਵ-ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ। ਇਸ ਫਿਲਮ ਦਾ ਨਿਰਦੇਸ਼ਨ ਫ਼ਿਲਮਕਾਰ ਦੇ ਤੌਰ ‘ਤੇ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹੈਰੀ ਭੱਟੀ ਵੱਲੋਂ ਕੀਤਾ ਗਿਆ ਹੈ।
‘ਵੇਹਲੀ ਜਨਤਾ ਫਿਲਮਜ਼’ ਦੇ ਬੈਨਰ ਹੇਠ ਬਣਾਈ ਗਈ ਇਸ ਅਰਥ-ਭਰਪੂਰ ਫ਼ਿਲਮ ਦਾ ਨਿਰਮਾਣ ਮਨਪ੍ਰੀਤ ਸਿੰਘ ਜੌਹਲ ਵੱਲੋਂ ਕੀਤਾ ਗਿਆ ਹੈ ਜਦਕਿ ਲੇਖ਼ਣ ਦੀ ਜ਼ਿੰਮੇਵਾਰੀ ਨੂੰ ਜੱਸ ਗਰੇਵਾਲ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ। ਪਰਿਵਾਰਿਕ ਅਤੇ ਸੰਗ਼ੀਤਮਈ ਰੰਗਾਂ ਵਿੱਚ ਬੁਣੀ ਗਈ ਇਸ ਫ਼ਿਲਮ ਵਿੱਚ ਟੁੱਟਦੇ-ਜੁੜਦੇ ਆਪਸੀ ਰਿਸ਼ਤਿਆਂ ਨੂੰ ਬੇਹੱਦ ਪ੍ਰਭਾਵਪੂਰਨ ਰੂਪ ਵਿੱਚ ਬਿਆਨ ਕੀਤਾ ਗਿਆ ਹੈ। ਇਸ ਫਿਲਮ ਰਾਹੀਂ ਮੌਜੂਦਾ ਸਮੇਂ ਵਿੱਚ ਆਪਣਿਆਂ ਵਿੱਚ ਵੱਧ ਰਹੇ ਸਵਾਰਥੀਪਣ ਨੂੰ ਵੀ ਦਰਸਾਇਆ ਗਿਆ ਹੈ।
ਸਾਲ 2017 ਵਿੱਚ ਆਈ ‘ਰੱਬ ਦਾ ਰੇਡਿਓ’ ਅਤੇ 2019 ਵਿੱਚ ਰਿਲੀਜ਼ ਹੋਈ ‘ਰੱਬ ਦਾ ਰੇਡਿਓ 2’ ਦੇ ਤੀਜੇ ਸੀਕਵਲ ਦੇ ਤੌਰ ‘ਤੇ ਇਹ ਫਿਲਮ ਦਰਸ਼ਕਾਂ ਸਨਮੁੱਖ ਕੀਤੀ ਜਾ ਰਹੀ ਹੈ। ਇਸ ਫਿਲਮ ਵਿੱਚ ਤਰਸੇਮ ਜੱਸੜ੍ਹ ਅਤੇ ਨਿਮਰਤ ਖਹਿਰਾ ਵੱਲੋਂ ਮੁੱਖ ਰੋਲ ਅਦਾ ਕੀਤੇ ਗਏ ਹਨ। ਇਨ੍ਹਾਂ ਤੋਂ ਇਲਾਵਾ, ਸ਼ਿਵੇਂਦਰ ਮਾਹਲ, ਸਰਦਾਰ ਸੋਹੀ, ਸੁਨੀਤਾ ਧੀਰ, ਨਿਰਮਲ ਰਿਸ਼ੀ, ਰੌਣਕ ਜੋਸ਼ੀ, ਨਵਦੀਪ ਕਲੇਰ, ਸੁੱਖੀ ਚਾਹਲ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਸਤਵੰਤ ਕੌਰ, ਜਤਿੰਦਰ ਕੌਰ, ਰੁਪਿੰਦਰ, ਗੁਰਦਿਆਲ ਪਾਰਸ, ਬਨਿੰਦਰ ਬੰਨੀ, ਜੱਸਾ ਢਿੱਲੋਂ, ਜਤਿੰਦਰ ਜੀਤੂ ਸਰਾਂ, ਮਨਜੀਤ ਸਿੰਘ, ਅਮਨਜੋਤ ਅਮੂ, ਦਿਸ਼ਮਾਯਰਾ, ਕਮਲਪ੍ਰੀਤ ਸਾਧਰਾ, ਜੱਸੀ ਜਸਪ੍ਰੀਤ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ।
ਨਿਰਮਾਣ ਪੜ੍ਹਾਅ ਤੋਂ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਬਣੀ ਇਸ ਫ਼ਿਲਮ ਨੂੰ ‘ਓਮਜੀ ਸਿਨੇ ਵਰਲਡ’ ਵੱਲੋਂ ਵਿਸ਼ਵ ਭਰ ਵਿੱਚ ਰਿਲੀਜ਼ ਕੀਤਾ ਗਿਆ ਹੈ। ਇਨ੍ਹਾਂ ਦੁਆਰਾ ਜਾਰੀ ਕੀਤੀ ਗਈ ਅਧਿਕਾਰਿਤ ਜਾਣਕਾਰੀ ਮੁਤਾਬਿਕ 254 ਸਿਨੇਮਾ ਘਰਾਂ ਅਤੇ 971 ਸ਼ੋਅਜ਼ ਨਾਲ ਇਹ ਫ਼ਿਲਮ ਆਪਣੀ ਸ਼ਾਨਦਾਰ ਓਪਨਿੰਗ ਵੱਲ ਵਧੇਗੀ, ਜੋ ਭਾਰਤ ਭਰ ਤੋਂ ਇਲਾਵਾ ਪਾਕਿਸਤਾਨ, ਕੈਨੇਡਾ, ਆਸਟ੍ਰੇਲੀਆ, ਯੂ.ਕੇ/ ਇਰੀਲੈਂਡ, ਯੂ.ਐੱਸ.ਏ, ਨਿਊਜ਼ੀਲੈਂਡ, ਓਮਾਨ, ਬੈਲਜੀਅਮ, ਯੂ.ਏ.ਈ ਅਤੇ ਇਟਲੀ ਵਿੱਚ ਇੱਕੋ ਸਮੇਂ ਰਿਲੀਜ਼ ਕੀਤੀ ਜਾ ਰਹੀ ਹੈ।
ਸਾਲ 2023 ਵਿੱਚ ਆਈ ‘ਮਸਤਾਨੇ’ ਅਤੇ ਸਾਲ 2025 ਵਿੱਚ ਆਈ ‘ਗੁਰੂ ਨਾਨਕ ਜਹਾਜ’ ਤੋਂ ਬਾਅਦ ਤਰਸੇਮ ਜੱਸੜ ਦੀ ਇਸ ਸਾਲ ਰਿਲੀਜ਼ ਹੋਈ ਇਹ ਪਹਿਲੀ ਅਤੇ ਇੱਕ ਹੋਰ ਵੱਡੀ ਫ਼ਿਲਮ ਹੈ, ਜਿਸ ਦਾ ਚੰਗੀਆਂ ਅਤੇ ਮਿਆਰੀ ਫਿਲਮਾਂ ਦੇਖਣ ਦੀ ਤਾਂਘ ਰੱਖਦੇ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ।