Shadow

ਨੋਡਲ ਅਫ਼ਸਰ ਸਵੀਪ ਵੱਲੋਂ ਵੱਖ-ਵੱਖ ਸਕੂਲਾਂ ‘ਚ ਬਣੇ ਬੂਥਾਂ ਦਾ ਦੌਰਾ

ਤਰਨ ਤਾਰਨ, 11 ਜੁਲਾਈ – ਪੰਜਾਬ ਭਰ ਵਿੱਚ ਐਸ.ਆਈ.ਆਰ 2026 ਤਹਿਤ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਇਸ ਪ੍ਰਕਿਰਿਆ ਨੂੰ ਹੋਰ ਵਧੇਰੇ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਹਰੇਕ ਬੂਥ ਉੱਪਰ ਲਗਾਏ ਜਾ ਰਹੇ ਦੋ ਰੋਜ਼ਾ ਵਿਸ਼ੇਸ਼ ਕੈਂਪਾਂ ਦੇ ਪਹਿਲੇ ਦਿਨ ਅੱਜ ਜ਼ਿਲ੍ਹੇ ਭਰ ਦੇ ਬੂਥਾਂ ਉੱਪਰ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਹਰੇਕ ਬੂਥ ਉੱਪਰ ਡਿਊਟੀ ‘ਤੇ ਤਾਇਨਾਤ ਬੀ.ਐਲ.ਓ ਦੇ ਨਾਲ ਅਧਿਆਪਕਾਂ ਦੀ ਦੋ ਰੋਜ਼ਾ ਵਿਸ਼ੇਸ਼ ਡਿਊਟੀ ਵੀ ਲਗਾਈ ਗਈ ਹੈ, ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਾਈ ਜਾ ਸਕੇ।

ਬੀ.ਐਲ.ਓ ਅਤੇ ਅਧਿਆਪਕਾਂ ਦੇ ਕੰਮ ਨੂੰ ਹੋਰ ਹੁਲਾਰਾ ਦੇਣ ਅਤੇ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ-ਕਮ-ਨੋਡਲ ਅਫ਼ਸਰ ਸਵੀਪ ਰਜਿੰਦਰ ਕੌਰ ਨੇ ਅੱਜ ਜ਼ਿਲ੍ਹੇ ਭਰ ਦੇ ਵੱਖ-ਵੱਖ ਸਕੂਲਾਂ ਵਿੱਚ ਬਣੇ ਬੂਥਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਬੂਥਾਂ ਦਾ ਨਿਰੀਖਣ ਕੀਤਾ ਗਿਆ।

ਦੌਰੇ ਦੌਰਾਨ ਉਨ੍ਹਾਂ ਬੂਥਾਂ ‘ਤੇ ਕੰਮ ਕਰ ਰਹੇ ਸਮੂਹ ਅਮਲੇ ਨਾਲ ਗੱਲਬਾਤ ਕੀਤੀ ਅਤੇ ਹਾਜ਼ਰ ਲੋਕਾਂ ਨੂੰ ਵੋਟ ਦੇ ਅਧਿਕਾਰ, ਵੋਟਰ ਸੂਚੀ ਦੀ ਸ਼ੁੱਧਤਾ ਅਤੇ ਨੈਤਿਕ ਵੋਟਿੰਗ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਰੇਕ ਯੋਗ ਨਾਗਰਿਕ ਦਾ ਨਾਮ ਵੋਟਰ ਸੂਚੀ ਵਿੱਚ ਹੋਣਾ ਚਾਹੀਦਾ ਹੈ ਅਤੇ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨਾਂ ਨੂੰ ਆਪਣੀ ਵੋਟ ਜ਼ਰੂਰ ਬਣਵਾਉਣੀ ਚਾਹੀਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਕੈਂਪਾਂ ਰਾਹੀਂ ਲੋਕਾਂ ਨੂੰ ਸਿੱਧੇ ਤੌਰ ‘ਤੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਵੋਟਰ ਆਪਣੇ ਅਧਿਕਾਰ ਤੋਂ ਵਾਂਝਾ ਨਾ ਰਹੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਮਤਦਾਨ ਯਕੀਨੀ ਬਣਾਇਆ ਜਾ ਸਕੇ।

ਬੂਥਾਂ ‘ਤੇ ਆਏ ਲੋਕਾਂ ਨੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਵੋਟਰ ਸੂਚੀ ਸਬੰਧੀ ਆਪਣੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੀ ਹੱਲ ਮਿਲ ਰਿਹਾ ਹੈ।

Leave a Reply

Your email address will not be published. Required fields are marked *