Shadow

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸੰਤ ਕਬੀਰ ਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਰਧਾ ਦੇ ਫੁੱਲ ਭੇਟ

ਚੰਡੀਗੜ੍ਹ, 28 ਜੂਨ 2026: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਉੱਘੇ ਕਵੀ ਅਤੇ ਦਾਰਸ਼ਨਿਕ ਸੰਤ ਕਬੀਰ ਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਆਪਣੇ ਸੰਦੇਸ਼ ਵਿੱਚ ਸਪੀਕਰ ਨੇ ਕਿਹਾ ਕਿ ਸੰਤ ਕਬੀਰ ਦਾਸ ਜੀ ਦੀਆਂ ਸਿੱਖਿਆਵਾਂ ਮੌਜੂਦਾ ਸਮੇਂ ਦੇ ਸੰਦਰਭ ਵਿੱਚ ਵੀ ਬਹੁਤ ਪ੍ਰਸੰਗਿਕ ਰਹਿਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਕਬੀਰ ਜੀ ਨੇ ਜੀਵਨ ਭਰ ਸਮਾਜਿਕ ਬੁਰਾਈਆਂ, ਜਾਤ-ਪਾਤ ਦੇ ਵਿਤਕਰੇ ਅਤੇ ਧਾਰਮਿਕ ਕੱਟੜਤਾ ਖ਼ਿਲਾਫ਼ ਲੜਾਈ ਲੜੀ। ਸ. ਸੰਧਵਾਂ ਨੇ ਕਿਹਾ ਕਿ ਕਬੀਰ ਜੀ ਨੇ ਵਿਸ਼ਵਵਿਆਪੀ ਪਿਆਰ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਅਤੇ ਮਨੁੱਖਤਾ ਨੂੰ ਸਮਾਜਿਕ ਭੇਦਭਾਵਾਂ ਤੋਂ ਉੱਪਰ ਉੱਠਣ ਦੀ ਪ੍ਰੇਰਨਾ ਦਿੱਤੀ। ਸਪੀਕਰ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਜੀ ਦੀ ਪਵਿੱਤਰ ਬਾਣੀ ਦਾ ਸ਼ਾਮਲ ਹੋਣਾ ਉਨ੍ਹਾਂ ਦੇ ਡੂੰਘੇ ਅਧਿਆਤਮਿਕ ਫਲਸਫੇ ਅਤੇ ਸਮਾਨਤਾਵਾਦੀ ਸਮਾਜ ਲਈ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਬਿਹਤਰ ਅਤੇ ਵਧੇਰੇ ਸਮਾਵੇਸ਼ੀ ਸਮਾਜ ਦੀ ਸਿਰਜਣਾ ਲਈ ਮਹਾਨ ਸੰਤ ਕਬੀਰ ਜੀ ਦੁਆਰਾ ਦਿਖਾਏ ਸੱਚ, ਮਨੁੱਖਤਾ ਅਤੇ ਸਮਾਜਿਕ ਸਦਭਾਵਨਾ ਦੇ ਮਾਰਗ ‘ਤੇ ਚੱਲਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *