Shadow

ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ

ਚੰਡੀਗੜ੍ਹ, 22 ਜੁਲਾਈ 2026: ਪੰਜਾਬ ਦੀਆਂ 100 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਲਈ ਭਗਵੰਤ ਮਾਨ ਸਰਕਾਰ ਵੱਲੋਂ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਸਿਰਫ਼ ਆਰਥਿਕ ਮਦਦ ਨਹੀਂ ਹੈ। ਇਹ ਉਨ੍ਹਾਂ ਦੇ ਜੀਵਨ ਦੇ ਆਖ਼ਰੀ ਪੜਾਅ ਵਿੱਚ ਸਨਮਾਨ, ਆਤਮਨਿਰਭਰਤਾ ਅਤੇ ਭਰੋਸੇ ਦਾ ਨਵਾਂ ਆਧਾਰ ਬਣ ਗਈ ਹੈ। ਇਨ੍ਹਾਂ ਵਿੱਚੋਂ ਕਈ ਔਰਤਾਂ ਤੁਰਨ-ਫਿਰਨ ਤੋਂ ਅਸਮਰੱਥ ਹਨ, ਕਿਸੇ ਨੂੰ ਠੀਕ ਤਰ੍ਹਾਂ ਸੁਣਾਈ ਨਹੀਂ ਦਿੰਦਾ ਅਤੇ ਕੋਈ ਠੀਕ ਤਰ੍ਹਾਂ ਬੋਲ ਵੀ ਨਹੀਂ ਸਕਦੀ। ਫਿਰ ਵੀ, ਸਦੀ ਦਾ ਅੰਕੜਾ ਪਾਰ ਕਰ ਚੁੱਕੀਆਂ ਇਹ ਮਹਿਲਾਵਾਂ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਇਹ ਰਕਮ ਉਨ੍ਹਾਂ ਦੀ ਆਪਣੀ ਹੈ ਅਤੇ ਉਹ ਇਸ ਨੂੰ ਆਪਣੀ ਮਰਜ਼ੀ ਅਨੁਸਾਰ ਖ਼ਰਚ ਕਰ ਸਕਦੀਆਂ ਹਨ। ਇਸ ਹੱਕ ਦਾ ਅਹਿਸਾਸ ਹੀ ਉਨ੍ਹਾਂ ਨੂੰ ਡੂੰਘੀ ਤਸੱਲੀ ਦਿੰਦਾ ਹੈ। ਕਈ ਲਾਭਪਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਯੋਜਨਾ ਬਾਰੇ ਸਭ ਤੋਂ ਪਹਿਲਾਂ ਆਪਣੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਤੋਂ ਪਤਾ ਲੱਗਿਆ। ਉਹ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀਆਂ ਸਨ, ਇਸ ਲਈ ਉਨ੍ਹਾਂ ਨੇ ਆਪਣੇ ਬੱਚਿਆਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਮਨਾਇਆ ਤਾਂ ਜੋ ਉਹ ਉਨ੍ਹਾਂ ਨਾਲ ਨੇੜਲੇ ਆਂਗਣਵਾੜੀ ਕੇਂਦਰ ਜਾ ਕੇ ਲੋੜੀਂਦੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਵਾ ਸਕਣ। ਇਹ ਸਹਾਇਤਾ ਉਨ੍ਹਾਂ ਲਈ ਇਸ ਕਰਕੇ ਵੀ ਹੋਰ ਮਹੱਤਵਪੂਰਨ ਹੈ ਕਿਉਂਕਿ ਇਹ ਉਨ੍ਹਾਂ ਨੂੰ ਮਿਲ ਰਹੀ ਬੁਢਾਪਾ ਜਾਂ ਵਿਧਵਾ ਪੈਨਸ਼ਨ ਤੋਂ ਇਲਾਵਾ ਦਿੱਤੀ ਜਾ ਰਹੀ ਹੈ। ਸੰਗਰੂਰ ਦੀ 109 ਸਾਲਾ ਭਰਪੂਰ ਕੌਰ ਨੇ ਆਪਣੇ ਪੜਪੋਤੇ ਦੀ ਪਤਨੀ ਦੀ ਮਦਦ ਨਾਲ ਅਰਜ਼ੀ ਦੀ ਪ੍ਰਕਿਰਿਆ ਪੂਰੀ ਕੀਤੀ ਅਤੇ ਹੁਣ ਉਸੇ ਦੀ ਸਹਾਇਤਾ ਨਾਲ ਬੈਂਕ ਤੋਂ ਪੈਸੇ ਕਢਵਾਉਂਦੇ ਹਨ। ਉਨ੍ਹਾਂ ਨੇ ਇਹ ਰਕਮ ਆਪਣੇ ਬਟੂਏ ਵਿੱਚ ਸੰਭਾਲ ਕੇ ਰੱਖੀ ਹੋਈ ਹੈ। ਉਹ ਕਹਿੰਦੇ ਹਨ, “ਮੈਂ ਇਸ ਪੈਸੇ ਦਾ ਕੁਝ ਹਿੱਸਾ ਆਪਣੀਆਂ ਧੀਆਂ ’ਤੇ ਖ਼ਰਚ ਕਰਾਂਗੀ, ਜਿਨ੍ਹਾਂ ਦੀ ਉਮਰ ਵੀ ਹੁਣ 50 ਸਾਲ ਤੋਂ ਵੱਧ ਹੈ, ਅਤੇ ਬਾਕੀ ਰਕਮ ਨਾਲ ਆਪਣੇ ਲਈ ਹਿਅਰਿੰਗ ਏਡ ਖਰੀਦਾਂਗੀ। ਮੈਨੂੰ ਸੁਣਨ ਵਿੱਚ ਦਿੱਕਤ ਹੈ, ਪਰ ਇਸ ਤੋਂ ਇਲਾਵਾ ਮੈਂ ਬਿਲਕੁਲ ਤੰਦਰੁਸਤ ਹਾਂ। ਅੱਜ ਵੀ ਘਰ ਦਾ ਸਾਰਾ ਕੰਮ ਆਪ ਕਰ ਲੈਂਦੀ ਹਾਂ। ਮੈਨੂੰ ਨਾ ਗੋਡਿਆਂ ਦਾ ਦਰਦ ਹੈ ਤੇ ਨਾ ਹੀ ਕੋਈ ਹੋਰ ਬੀਮਾਰੀ। ਅੱਜ ਤੱਕ ਕਿਸੇ ਵੀ ਸਰਕਾਰ ਨੇ ਅਜਿਹਾ ਕੰਮ ਨਹੀਂ ਕੀਤਾ।” ਕੋਟਕਪੂਰਾ ਦੀ 110 ਸਾਲਾ ਮੁਖਤਿਆਰ ਕੌਰ ਨੂੰ ਵੀ ਇਸ ਯੋਜਨਾ ਤਹਿਤ ਵਿੱਤੀ ਸਹਾਇਤਾ ਮਿਲੀ ਹੈ। ਉਨ੍ਹਾਂ ਨੂੰ ਸੁਣਨ ਵਿੱਚ ਦਿੱਕਤ ਹੈ, ਪਰ ਉਹ ਸਾਫ਼-ਸਾਫ਼ ਗੱਲ ਕਰ ਸਕਦੇ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਨੇ ਇਹ ਰਕਮ ਘਰੇਲੂ ਲੋੜਾਂ ’ਤੇ ਖ਼ਰਚ ਕੀਤੀ। ਉਹ ਕਹਿੰਦੇ ਹਨ, “ਮੈਂ ਪਹਿਲਾਂ ਕਦੇ ਕਿਸੇ ਸਰਕਾਰ ਨੂੰ ਪੰਜਾਬ ਦੀਆਂ ਮਹਿਲਾਵਾਂ ਨੂੰ ਇੰਨਾ ਸਨਮਾਨ ਦਿੰਦੇ ਨਹੀਂ ਦੇਖਿਆ।” ਫ਼ਰੀਦਕੋਟ ਦੀ 102 ਸਾਲਾ ਜਸਮੇਲ ਕੌਰ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਪਰਿਵਾਰ ਦੀ ਸੇਵਾ ਕਰਦਿਆਂ ਬਿਤਾਇਆ ਹੈ। ਉਨ੍ਹਾਂ ਨੂੰ ਮਿਲੀ ਸਹਾਇਤਾ ਰਕਮ ਵੀ ਉਨ੍ਹਾਂ ਨੇ ਪਰਿਵਾਰ ਦੀ ਭਲਾਈ ਲਈ ਹੀ ਵਰਤੀ। ਉਹ ਕਹਿੰਦੇ ਹਨ, “ਮੈਂ ਕੁਝ ਪੈਸੇ ਆਪਣੀ ਦਵਾਈ-ਬੂਟੀ ’ਤੇ ਖ਼ਰਚ ਕੀਤੇ ਤੇ ਕੁਝ ਪੈਸੇ ਆਪਣੀ ਧੀ ਨੂੰ ਉਸਦੇ ਪਤੀ ਦੇ ਇਲਾਜ ਲਈ ਦੇ ਦਿੱਤੇ।” ਮੁਸਕਰਾਉਂਦਿਆਂ ਉਹ ਕਹਿੰਦੇ ਹਨ, “ਮੈਨੂੰ ਖ਼ੁਸ਼ੀ ਹੈ ਕਿ ਭਗਵੰਤ ਮਾਨ ਸਰਕਾਰ ਮਹਿਲਾਵਾਂ ਦਾ ਇੰਨਾ ਧਿਆਨ ਰੱਖ ਰਹੀ ਹੈ। ਇਸ ਉਮਰ ਵਿੱਚ ਪੈਸਾ ਤੁਹਾਡਾ ਸਭ ਤੋਂ ਵੱਡਾ ਸਹਾਰਾ ਬਣ ਜਾਂਦਾ ਹੈ। ਹਰ ਕੰਮ ਲਈ ਇਸ ਦੀ ਲੋੜ ਪੈਂਦੀ ਹੈ। ਹੁਣ ਤਾਂ ਹਰ ਸਾਹ ਲੈਣਾ ਵੀ ਔਖਾ ਲੱਗਦਾ ਹੈ।” ਮੋਗਾ ਦੀ 102 ਸਾਲਾ ਪ੍ਰੀਤਮ ਕੌਰ ਬਹੁਤ ਕਮਜ਼ੋਰ ਹਨ ਅਤੇ ਉਨ੍ਹਾਂ ਨੂੰ ਸੁਣਨ ਵਿੱਚ ਵੀ ਦਿੱਕਤ ਹੁੰਦੀ ਹੈ। ਉਮਰ ਦੇ ਕਾਰਨ ਉਹ ਬਹੁਤ ਘੱਟ ਬੋਲਦੇ ਹਨ, ਇਸ ਲਈ ਉਨ੍ਹਾਂ ਦੇ ਪੁੱਤਰ ਸਿਕੰਦਰ ਸਿੰਘ ਦੱਸਦੇ ਹਨ ਕਿ 3,000 ਰੁਪਏ ਦੀ ਇਸ ਸਹਾਇਤਾ ਨੇ ਉਨ੍ਹਾਂ ਦੀ ਮਾਤਾ ਦੀ ਜ਼ਿੰਦਗੀ ਕੁਝ ਆਸਾਨ ਬਣਾ ਦਿੱਤੀ ਹੈ। ਪਰਿਵਾਰ ਨੇ ਇਸ ਰਕਮ ਨਾਲ ਉਨ੍ਹਾਂ ਲਈ ਇੱਕ ਵ੍ਹੀਲਚੇਅਰ ਖਰੀਦੀ, ਜਿਸ ਨਾਲ ਹੁਣ ਉਹ ਘਰ ਦੇ ਅੰਦਰ ਆਸਾਨੀ ਨਾਲ ਆ-ਜਾ ਸਕਦੇ ਹਨ। ਬਾਕੀ ਰਕਮ ਉਨ੍ਹਾਂ ਦੀਆਂ ਦਵਾਈਆਂ ’ਤੇ ਖ਼ਰਚ ਕੀਤੀ ਗਈ। ਪ੍ਰੀਤਮ ਕੌਰ ਲਈ ਇਹ ਸਹਾਇਤਾ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਪਹਿਲਾਂ ਨਾਲੋਂ ਵੱਧ ਸੁਖਾਲਾ ਬਣਾਉਣ ਦਾ ਸਾਧਨ ਬਣੀ ਹੈ। 102 ਸਾਲਾ ਅੰਗਰੇਜ਼ ਕੌਰ ਵੀ ਇਸ ਯੋਜਨਾ ਤੋਂ ਬਹੁਤ ਖ਼ੁਸ਼ ਹਨ। ਉਨ੍ਹਾਂ ਨੂੰ ਸੁਣਨ ਵਿੱਚ ਦਿੱਕਤ ਹੁੰਦੀ ਹੈ, ਪਰ ਉਨ੍ਹਾਂ ਦਾ ਉਤਸ਼ਾਹ ਸਾਫ਼ ਦਿਖਾਈ ਦਿੰਦਾ ਹੈ। ਉਹ ਪੂਰੇ ਵਿਸ਼ਵਾਸ ਨਾਲ ਕਹਿੰਦੇ ਹਨ, “ਮੈਂ ਤਾਂ ਇਹ ਪੈਸਾ ਆਪਣੇ ਕੋਲ ਹੀ ਰੱਖਾਂਗੀ। ਜਿੱਥੇ ਮੇਰਾ ਦਿਲ ਕਰੇਗਾ, ਉੱਥੇ ਹੀ ਖ਼ਰਚ ਕਰਾਂਗੀ।” ਉਨ੍ਹਾਂ ਨੇ ਇਸ ਰਕਮ ਨਾਲ ਆਪਣੀਆਂ ਦਵਾਈਆਂ ਖਰੀਦੀਆਂ, ਆਪਣੇ ਲਈ ਨਵਾਂ ਸੂਟ ਲਿਆ ਅਤੇ ਕੁਝ ਪੈਸੇ ਆਪਣੀ ਪੋਤੀ ’ਤੇ ਵੀ ਖ਼ਰਚ ਕੀਤੇ। 102 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਦਾ ਇਹ ਪਿਆਰ ਅਤੇ ਦਰਿਆਦਿਲੀ ਦੂਜਿਆਂ ਪ੍ਰਤੀ ਉਨ੍ਹਾਂ ਦੇ ਸਨੇਹ ਨੂੰ ਦਰਸਾਉਂਦੀ ਹੈ। ਇਨ੍ਹਾਂ ਮਹਿਲਾਵਾਂ ਦੀ ਵਧਦੀ ਉਮਰ ਨਾਲ ਜੁੜੀਆਂ ਸਿਹਤ ਸਮੱਸਿਆਵਾਂ, ਸਰੀਰਕ ਸੀਮਾਵਾਂ ਅਤੇ ਔਖੇ ਹਾਲਾਤਾਂ ਵਿੱਚ ਵੀ ਉਨ੍ਹਾਂ ਦਾ ਸ਼ਾਂਤ ਹੌਂਸਲਾ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਦੀ ਮਹੱਤਤਾ ਨੂੰ ਹੋਰ ਉਜਾਗਰ ਕਰਦਾ ਹੈ। ਇਨ੍ਹਾਂ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਲਈ ਇਹ ਵਿੱਤੀ ਸਹਾਇਤਾ ਸਿਰਫ਼ ਉਨ੍ਹਾਂ ਦੇ ਬੈਂਕ ਖ਼ਾਤੇ ਵਿੱਚ ਆਉਣ ਵਾਲੀ ਰਕਮ ਨਹੀਂ, ਸਗੋਂ ਉਨ੍ਹਾਂ ਦੇ ਸਨਮਾਨਯੋਗ ਜੀਵਨ ਨੂੰ ਦਿੱਤਾ ਗਿਆ ਸਤਿਕਾਰ, ਆਰਥਿਕ ਸਹਾਰਾ ਅਤੇ ਇਸ ਗੱਲ ਦਾ ਪ੍ਰਤੀਕ ਹੈ ਕਿ ਸਮਾਜ ਅਤੇ ਸਰਕਾਰ ਦੀ ਨਜ਼ਰ ਵਿੱਚ ਅੱਜ ਵੀ ਉਨ੍ਹਾਂ ਦੀ ਅਹਿਮੀਅਤ ਕਾਇਮ ਹੈ। ਆਪਣੇ ਸ਼ਾਂਤ ਅਤੇ ਪ੍ਰੇਰਣਾਦਾਇਕ ਜੀਵਨ ਰਾਹੀਂ ਇਹ ਮਹਿਲਾਵਾਂ ਇਹ ਸੰਦੇਸ਼ ਦਿੰਦੀਆਂ ਹਨ ਕਿ ਸਨਮਾਨ, ਸਵੈ-ਮਾਣ ਅਤੇ ਆਪਣੀ ਮਰਜ਼ੀ ਨਾਲ ਫ਼ੈਸਲੇ ਕਰਨ ਦੀ ਆਜ਼ਾਦੀ ਜੀਵਨ ਦੇ ਹਰ ਪੜਾਅ ’ਤੇ ਅਨਮੋਲ ਹੁੰਦੀ ਹੈ।

Leave a Reply

Your email address will not be published. Required fields are marked *