Shadow

ਪੰਜਾਬ ਸਰਕਾਰ ਸੂਬੇ ‘ਚ “ਹਮਾਰੇ ਰਾਮ” ਨਾਟਕ ਦੀ ਵਿਆਪਕ ਪੇਸ਼ਕਾਰੀ ਕਰਵਾਏਗੀ: ਤਰੁਨਪ੍ਰੀਤ ਸਿੰਘ ਸੌਂਦ

ਚੰਡੀਗੜ੍ਹ, 3 ਅਗਸਤ: ਅਮੀਰ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਗਤ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਦੀ ਅਹਿਮ ਪਹਿਲਕਦਮੀ ਤਹਿਤ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਗਸਤ ਅਤੇ ਸਤੰਬਰ ਮਹੀਨਿਆਂ ਦੌਰਾਨ ਪੂਰੇ ਸੂਬੇ ‘ਚ “ਹਮਾਰੇ ਰਾਮ” ਨਾਟਕ ਦੀ ਵਿਆਪਕ ਪੇਸ਼ਕਾਰੀ ਕਰਵਾਏਗੀ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਲੋਕਾਂ ਨੂੰ ਸਮਕਾਲੀ ਨਾਟਕੀ ਪੇਸ਼ਕਾਰੀਆਂ ਰਾਹੀਂ ਭਗਵਾਨ ਰਾਮ ਦੇ ਸਦੀਵੀ ਆਦਰਸ਼ਾਂ ਨੂੰ ਦਰਸਾਉਂਦੇ ਸ਼ਾਨਦਾਰ ਸਟੇਜ ਸ਼ੋਅਜ਼ ਕਰਵਾਉਣ ਲਈ ਲੜੀਵਾਰ ਸਮਾਗਮਾਂ ਦੀ ਵਿਆਪਕ ਯੋਜਨਾ ਉਲੀਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਰਾਮਾਇਣ ਦੇ ਇਤਿਹਾਸਕ ਮਹਾਂਕਾਵਿ ਰਾਹੀਂ ਸਨਾਤਨ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਏਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੀਆਂ ਨਿੱਜੀ ਆਸਥਾਵਾਂ ਦਾ ਸਤਿਕਾਰ ਕਰਦੀ ਹੈ ਅਤੇ ਹਮੇਸ਼ਾ ਧਾਰਮਿਕ ਮਾਨਤਾਵਾਂ ਤੋਂ ਉੱਪਰ ਉੱਠ ਕੇ ਸ਼ਾਨਦਾਰ ਸਮਾਗਮ ਕਰਦੀ ਆ ਰਹੀ ਹੈ। ਸ. ਸੌਂਦ ਨੇ ਦੱਸਿਆ ਕਿ ਨਾਟਕ ‘ਹਮਾਰੇ ਰਾਮ’ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਦੁਆਰਾ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਹੁਣ ਮਾਨ ਸਰਕਾਰ ਇਸ ਨੂੰ ਪੰਜਾਬ ਦੇ ਵਸਨੀਕਾਂ ਨੂੰ ਵੀ ਇਹ ਨਾਟਕੀ ਪੇਸ਼ਕਾਰੀਆਂ ਦਿਖਾਉਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ੋਅ ਦੀ ਸਕ੍ਰੀਨਿੰਗ ਦੌਰਾਨ ਲਾਈਟ ਅਤੇ ਸਾਊਂਡ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਇਹ ਪੇਸ਼ਕਾਰੀ 7 ਅਤੇ 8 ਅਗਸਤ ਨੂੰ ਮੋਹਾਲੀ ਦੀ ਐਮਿਟੀ ਯੂਨੀਵਰਸਿਟੀ ਵਿਖੇ, 9 ਅਤੇ 24 ਅਗਸਤ ਨੂੰ ਬਠਿੰਡਾ ਦੇ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ, 28 ਅਤੇ 29 ਅਗਸਤ ਨੂੰ ਜਲੰਧਰ ਦੇ ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ, 30 ਅਗਸਤ ਨੂੰ ਫਿਰੋਜ਼ਪੁਰ ਦੇ ਜੇਨੇਸਿਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਐਂਡ ਰਿਸਰਚ ਵਿਖੇ, 4 ਅਤੇ 5 ਸਤੰਬਰ ਨੂੰ ਹੁਸ਼ਿਆਰਪੁਰ ਦੇ ਕੈਂਬਰਿਜ ਸਕੂਲ ਵਿਖੇ, 6 ਅਤੇ 11 ਸਤੰਬਰ ਨੂੰ ਗੁਰਦਾਸਪੁਰ ਦੇ ਸੁਖਜਿੰਦਰਾ ਕਾਲਜ ਵਿਖੇ, 12 ਅਤੇ 13 ਸਤੰਬਰ ਨੂੰ ਪਠਾਨਕੋਟ ਦੇ ਦੀਨ ਦਿਆਲ ਆਡੀਟੋਰੀਅਮ ਵਿਖੇ, 16 ਅਤੇ 17 ਸਤੰਬਰ ਨੂੰ ਅੰਮ੍ਰਿਤਸਰ ਦੇ ਜੀ.ਐਨ.ਡੀ.ਯੂ. ਕੈਂਪਸ ਵਿਖੇ, 18 ਅਤੇ 19 ਸਤੰਬਰ ਨੂੰ ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ, 20 ਸਤੰਬਰ ਨੂੰ ਖੰਨਾ ਵਿਖੇ, 25 ਅਤੇ 26 ਸਤੰਬਰ ਨੂੰ ਲੁਧਿਆਣਾ ਦੇ ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਅਤੇ 27 ਸਤੰਬਰ ਨੂੰ ਸੰਗਰੂਰ ਦੇ ਐਸ.ਐਲ.ਆਈ.ਈ.ਟੀ. ਲੌਂਗੋਵਾਲ ਵਿਖੇ ਕੀਤੀਆਂ ਜਾਣਗੀਆਂ, ਜਿਸ ਵਿੱਚ ਕੁੱਲ 41 ਪੇਸ਼ਕਾਰੀਆਂ ਹੋਣਗੀਆਂ। ਸ. ਸੌਂਦ ਨੇ ਦੱਸਿਆ ਕਿ ਫੈਲਿਸਿਟੀ ਥੀਏਟਰ ਦੁਆਰਾ ਤਿਆਰ ਕੀਤਾ ਗਿਆ “ਹਮਾਰੇ ਰਾਮ” ਇੱਕ ਵਿਆਪਕ ਹਿੰਦੀ ਸਟੇਜ ਪ੍ਰੋਗਰਾਮ ਹੈ ਜੋ ਮਨਮੋਹਕ ਦ੍ਰਿਸ਼ਾਂ, ਹਵਾਈ ਕਲਾਬਾਜ਼ੀਆਂ ਅਤੇ ਅਤਿ-ਆਧੁਨਿਕ ਸਟੇਜ ਪ੍ਰਬੰਧਾਂ ਰਾਹੀਂ ਮਹਾਂਕਾਵਿ ਰਾਮਾਇਣ ਨੂੰ ਜੀਵੰਤ ਰੂਪ ਵਿੱਚ ਦਰਸਾਉਂਦਾ ਕਰਦਾ ਹੈ। ਇਸ ਨਾਟਕ ਵਿੱਚ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਰਾਵਣ ਦੇ ਰੂਪ ਵਿੱਚ ਅਤੇ ਰਾਹੁਲ ਆਰ. ਭੂਚਰ ਭਗਵਾਨ ਰਾਮ ਦੀ ਭੂਮਿਕਾ ਵਿੱਚ ਹਨ। ਇਸ ਨਾਟਕ ਦੀ ਵਿਲੱਖਣਤਾ ‘ਤੇ ਚਾਨਣਾ ਪਾਉਂਦਿਆਂ ਸੈਰ-ਸਪਾਟਾ ਮੰਤਰੀ ਨੇ ਕਿਹਾ ਕਿ ਪਰੰਪਰਾਗਤ ਦ੍ਰਿਸ਼ਾਂ ਦੇ ਉਲਟ, “ਹਮਾਰੇ ਰਾਮ” ਪ੍ਰੋਗਰਾਮ ਰਾਮਾਇਣ ਨੂੰ ਵਿਲੱਖਣ ਅਤੇ ਅਣਛੂਹੇ ਦ੍ਰਿਸ਼ਟੀਕੋਣਾਂ ਤੋਂ ਪੇਸ਼ ਕਰੇਗਾ। ਇਹ ਕਹਾਣੀ ਸੀਤਾ ਮਾਤਾ ਜੀ ਦੇ ਵਿਛੋੜੇ ਤੋਂ ਬਾਅਦ ਲਵ ਅਤੇ ਕੁਸ਼ ਦੁਆਰਾ ਭਗਵਾਨ ਰਾਮ ਦਾ ਸਾਹਮਣਾ ਕਰਨ ਨਾਲ ਸ਼ੁਰੂ ਹੁੰਦੀ ਹੈ ਅਤੇ ਸੂਰਜ ਦੇਵਤਾ ਦੇ ਅਲੌਕਿਕ ਦ੍ਰਿਸ਼ਟੀਕੋਣ ਰਾਹੀਂ ਪੇਸ਼ ਕੀਤੀ ਜਾਂਦੀ ਹੈ, ਜੋ ਦਰਸ਼ਕਾਂ ਨੂੰ ਇਸ ਸਤਿਕਾਰਯੋਗ ਮਹਾਂਕਾਵਿ ਦੀ ਇੱਕ ਨਵੀਂ ਵਿਆਖਿਆ ਪ੍ਰਦਾਨ ਕਰਦੀ ਹੈ। ਸ. ਸੌਂਦ ਨੇ ਕਿਹਾ ਕਿ ਇਨ੍ਹਾਂ ਪੇਸ਼ਕਾਰੀਆਂ ਦਾ ਉਦੇਸ਼ ਨੌਜਵਾਨ ਪੀੜ੍ਹੀ ਵਿੱਚ ਭਾਰਤ ਦੀ ਅਧਿਆਤਮਿਕ, ਸੱਭਿਆਚਾਰਕ ਅਤੇ ਨੈਤਿਕ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਹੈ, ਨਾਲ ਹੀ ਵਿਸ਼ਵ ਪੱਧਰੀ ਨਾਟਕ ਕਲਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਸਦਾ ਪਾਸਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਨਿਵੇਕਲੇ ਅਤੇ ਆਕਰਸ਼ਕ ਮਾਧਿਅਮਾਂ ਰਾਹੀਂ ਦੇਸ਼ ਦੀਆਂ ਅਮੀਰ ਸੱਭਿਆਚਾਰਕ ਪਰੰਪਰਾਵਾਂ ਦੀ ਸੰਭਾਲਣ ਅਤੇ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਦੱਸਿਆ ਕਿ ਇਹ ਵਿਆਪਕ ਨਾਟਕੀ ਪੇਸ਼ਕਾਰੀ  ਸੰਗੀਤ, ਵਿਜ਼ੂਅਲ ਇਫੈਕਟਸ ਅਤੇ ਆਧੁਨਿਕ ਤਕਨਾਲੋਜੀ ਨੂੰ ਜੋੜ ਕੇ ਇੱਕ ਅਨੋਖਾ ਸੱਭਿਆਚਾਰਕ ਅਨੁਭਵ ਪੈਦਾ ਕਰਦੀ ਹੈ, ਜੋ ਸਮਾਜ ਦੇ ਸਾਰੇ ਵਰਗਾਂ ਦੇ ਦਰਸ਼ਕਾਂ ਨੂੰ ਪ੍ਰਭਾਵਿਤ ਕਰੇਗੀ। ਇਸ ਦੌਰਾਨ, ਪੰਜਾਬ ਹੈਰੀਟੇਜ਼ ਅਤੇ ਸੈਰ-ਸਪਾਟਾ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਅਤੇ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਦੇ ਜੀਵਨ, ਆਦਰਸ਼ਾਂ ਅਤੇ ਸਦੀਵੀ ਸੰਦੇਸ਼ ‘ਤੇ ਅਧਾਰਤ ਇਸ ਸ਼ਾਨਦਾਰ ਪੇਸ਼ਕਾਰੀ ਦੇ ਗਵਾਹ ਬਣਨ।

Leave a Reply

Your email address will not be published. Required fields are marked *