Shadow

0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ:ਵਧੀਕ ਡਿਪਟੀ ਕਮਿਸ਼ਨਰ

ਸੰਗਰੂਰ, 22 ਜੂਨ- ਡਿਪਟੀ ਕਮਿਸ਼ਨਰ, ਸੰਗਰੂਰ, ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅੰਕੁਰ ਮਹਿੰਦਰੂ ਦੀ ਪ੍ਰਧਾਨਗੀ ਹੇਠ ਅਤੇ ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਪੋਲੀਓ ਸਬੰਧੀ ਮੀਟਿੰਗ ਕੀਤੀ ਗਈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵੱਲੋ ਮੀਟਿੰਗ ਵਿੱਚ ਹਾਜ਼ਰ ਸਮੂਹ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਇਸ ਕਾਰਜ ਵਿੱਚ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜ਼ੋ ਜ਼ਿਲ੍ਹੇ ਅੰਦਰ ਕੋਈ ਵੀ 0 ਤੋਂ 5 ਸਾਲ ਦੀ ਉਮਰ ਤਕ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਸਿਹਤ ਵਿਭਾਗ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਭਾਵੇਂ ਕਿ ਦੇਸ਼ ਵਿੱਚੋਂ ਪੋਲੀਓ ਦਾ ਲਗਭਗ ਖਾਤਮਾ ਹੋ ਚੁੱਕਾ ਹੈ ਪਰ ਗੁਆਂਢੀ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਸਬੰਧੀ ਪੋਲੀਓ ਦਾ ਖਦਸ਼ਾ ਬਣਿਆ ਰਹਿੰਦਾ ਹੈ, ਜਿਸ ਨੂੰ ਦੇਖਦਿਆਂ ਸਰਕਾਰ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ।

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਇਸ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਇਸ ਮੁਹਿੰਮ ਦੌਰਾਨ ਐਚ.ਪੀ.ਵੀ. ਵੈਕਸੀਨ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।

ਅਮਰਜੀਤ ਕੌਰ, ਸਿਵਲ ਸਰਜਨ, ਸੰਗਰੂਰ ਨੇ ਦੱਸਿਆ ਕਿ ਇਹ ਪਲਸ ਪੋਲੀਓ ਮੁਹਿੰਮ 28 ਤੋਂ 30 ਜੂਨ 2026 ਤਕ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹੇ ਅੰਦਰ 0 ਤੋਂ 5 ਸਾਲ ਦੀ ਉਮਰ ਤਕ ਦੇ ਲਗਭਗ 87,540 ਬੱਚਿਆਂ ਨੂੰ ਕਵਰ ਕਰਨ ਲਈ 703 ਪੋਲੀਓ ਬੂਥ, 797 ਟੀਮਾਂ 111 ਸੁਪਰਵਾਈਜ਼ਰ ਲਗਾਏ ਗਏ ਹਨ।

ਇਸ ਮੌਕੇ ਡਾ. ਅੰਜੂ ਸਿੰਗਲਾ, ਜ਼ਿਲ੍ਹਾ ਟੀਕਾਕਰਨ ਅਫਸਰ ਸੰਗਰੂਰ ਵੱਲੋਂ ਮੀਟਿੰਗ ਦੌਰਾਨ ਦੱਸਿਆ ਕਿ ਆਪਣੇ 0 ਤੋਂ 5 ਸਾਲ ਤੱਕ ਦਾ ਕੋਈ ਵੀ ਬੱਚਾ ਭਾਵੇਂ ਰੂਟੀਨ ਦੀਆਂ ਬੂੰਦਾਂ ਲੈ ਚੁੱਕਾ ਹੋਵੇ, ਭਾਵੇਂ ਬੱਚਾ ਬਿਮਾਰ ਹੋਵੇ, ਭਾਵੇਂ ਦਸਤ ਲੱਗੇ ਹੋਣ ਉਸ ਨੂੰ ਇਹ ਪੋਲੀਓ ਦੀਆਂ ਦੋ ਬੂੰਦਾਂ ਜ਼ਰੂਰ ਪਿਲਾਈਆਂ ਜਾਣ।

ਇਸ ਮੌਕੇ ਜ਼ਿਲ੍ਹਾ ਸੰਗਰੂਰ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।

Leave a Reply

Your email address will not be published. Required fields are marked *