Shadow

ਪੀਏਯੂ-ਕੇਵੀਕੇ, ਸੰਗਰੂਰ ਵੱਲੋਂ ਪਿੰਡ ਮਹਿਲਾਂ ਵਿਖੇ ਪਾਣੀ-ਬੱਚਤ ਕਰਨ ਵਾਲੀ ਮੂੰਗਫਲੀ ਦਾ ਪ੍ਰਦਰਸ਼ਨ

ਸੁਨਾਮ, 21 ਜੂਨ- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਤੇਲ ਬੀਜ ਸੈਕਸ਼ਨ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੀਏਯੂ, ਲੁਧਿਆਣਾ ਦੇ ਸਹਿਯੋਗ ਨਾਲ ਬਹਾਰ ਰੁੱਤ ਦੀ ਮੂੰਗਫਲੀ ਦੀ ਕਿਸਮ ਜੇ 87 ਦੀ ਖੇਤ ਪ੍ਰਦਰਸ਼ਨੀ ਨੂੰ ਦਿਖਾਉਣ ਲਈ ਇੱਕ ਖੇਤ ਦਿਵਸ ਮਨਾਇਆ ਗਿਆ। ਇਹ ਸਮਾਗਮ ਪਿੰਡ ਮਹਿਲਾਂ, ਬਲਾਕ ਸੁਨਾਮ ਵਿਖੇ ਅਗਾਂਹਵਧੂ ਕਿਸਾਨ ਸ. ਬੇਅੰਤ ਸਿੰਘ ਅਤੇ ਸ. ਕੇਵਲ ਸਿੰਘ ਦੇ ਖੇਤ ਵਿੱਚ ਕਰਵਾਇਆ ਗਿਆ।

ਡਾ. ਮਨਦੀਪ ਸਿੰਘ, ਇੰਚਾਰਜ, ਪੀਏਯੂ-ਕੇਵੀਕੇ ਸੰਗਰੂਰ ਨੇ ਦੱਸਿਆ ਕਿ ਇਸ ਖੇਤ ਦਿਵਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਬਹਾਰ/ਗਰਮੀ ਰੁੱਤ ਦੀ ਮੱਕੀ ਦੇ ਟਿਕਾਊ ਬਦਲ ਵਜੋਂ ਮੂੰਗਫਲੀ ਦੇ ਵਾਤਾਵਰਣ-ਪੱਖੀ ਅਤੇ ਆਰਥਿਕ ਲਾਭਾਂ ਬਾਰੇ ਜਾਗਰੂਕ ਕਰਨਾ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਹਾਰ ਰੁੱਤ ਦੀ ਮੂੰਗਫਲੀ ਨੂੰ ਮੱਕੀ ਦੇ ਮੁਕਾਬਲੇ ਬਹੁਤ ਘੱਟ ਪਾਣੀ ਅਤੇ ਘੱਟ ਖਾਦਾਂ-ਦਵਾਈਆਂ ਦੀ ਲੋੜ ਪੈਂਦੀ ਹੈ, ਜਿਸ ਨਾਲ ਖੇਤੀ ਲਾਗਤ ਕਾਫ਼ੀ ਘੱਟ ਜਾਂਦੀ ਹੈ। ਫਲੀਦਾਰ ਫਸਲ ਹੋਣ ਕਰਕੇ ਇਹ ਕੁਦਰਤੀ ਤੌਰ ‘ਤੇ ਨਾਈਟ੍ਰੋਜਨ ਸਥਿਰ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਾਉਂਦੀ ਹੈ।
ਮੇਜ਼ਬਾਨ ਕਿਸਾਨਾਂ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਸਾਲ 2025 ਵਿੱਚ ਇੱਕ ਏਕੜ ‘ਤੇ ਕੀਤੇ ਸਫਲ ਤਜਰਬੇ ਤੋਂ ਬਾਅਦ, ਉਨ੍ਹਾਂ ਨੇ ਸਾਲ 2026 ਵਿੱਚ ਇਸ ਨੂੰ ਚਾਰ ਏਕੜ ਤੱਕ ਵਧਾ ਦਿੱਤਾ। ਉਨ੍ਹਾਂ ਦੱਸਿਆ ਕਿ ਮੂੰਗਫਲੀ ਦੀ ਖੇਤੀ ਦਾ ਖਰਚਾ ਬਾਹਰ ਮੱਕੀ ਨਾਲੋਂ 40-50 ਫ਼ੀਸਦ ਘੱਟ ਹੈ, ਜੋ ਇਸ ਨੂੰ ਆਰਥਿਕ ਤੌਰ ‘ਤੇ ਲਾਹੇਵੰਦ ਬਣਾਉਂਦਾ ਹੈ।

ਤਕਨੀਕੀ ਸੈਸ਼ਨ ਦੌਰਾਨ, ਡਾ. ਗੁਰਪ੍ਰੀਤ ਸਿੰਘ, ਵਿਸਥਾਰ ਮਾਹਿਰ (ਤੇਲ ਬੀਜ), ਪੀਏਯੂ ਲੁਧਿਆਣਾ ਨੇ ਮੂੰਗਫਲੀ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਅਤੇ ਸੁਧਰੀਆਂ ਉਤਪਾਦਨ ਤਕਨੀਕਾਂ ਬਾਰੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਜੇ 87 ਕਿਸਮ ਦੀ ਬਹਾਰ ਰੁੱਤ ਵਿੱਚ ਝਾੜ ਸਮਰੱਥਾ 15.8 ਕੁਇੰਟਲ/ਏਕੜ ਹੈ, ਜਦੋਂ ਕਿ ਸਾਉਣੀ ਰੁੱਤ ਵਿੱਚ ਇਸ ਦੀ ਔਸਤ ਪੈਦਾਵਾਰ 12.8 ਕੁਇੰਟਲ/ਏਕੜ ਹੁੰਦੀ ਹੈ।

ਡਾ. ਕੇ.ਕੇ. ਸ਼ਰਮਾ, ਤੇਲਬੀਜ ਰੋਗ ਵਿਗਿਆਨੀ ਨੇ ਮੂੰਗਫਲੀ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਡਾ. ਇੰਦਰਜੀਤ ਸਿੰਘ ਭੱਟੀ, ਬਲਾਕ ਖੇਤੀਬਾੜੀ ਅਫ਼ਸਰ, ਸੁਨਾਮ ਨੇ ਧਰਤੀ ਹੇਠਲੇ ਪਾਣੀ ਦੀ ਸੰਭਾਲ ‘ਤੇ ਜ਼ੋਰ ਦਿੰਦਿਆਂ ਕਿਸਾਨਾਂ ਨੂੰ ਮੂੰਗਫਲੀ ਵਰਗੀਆਂ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਸਿੱਧੀ ਬਿਜਾਈ ਵਾਲੇ ਝੋਨੇ ਅਤੇ ਸਾਉਣੀ ਰੁੱਤ ਦੀ ਮੱਕੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀਆਂ ਸਬਸਿਡੀ ਸਕੀਮਾਂ ਬਾਰੇ ਵੀ ਦੱਸਿਆ ਅਤੇ ਕਿਸਾਨਾਂ ਨੂੰ ਸਬਸਿਡੀ ਵਾਲੇ ਖਾਦ-ਬੀਜ ਅਤੇ ਹੋਰ ਲਾਭ ਲੈਣ ਲਈ ਕਿਸਾਨ ਆਈਡੀ ਤਹਿਤ ਰਜਿਸਟ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ।

ਸਮਾਗਮ ਦੇ ਅੰਤ ਵਿੱਚ ਮਾਹਿਰਾਂ ਅਤੇ ਕਿਸਾਨਾਂ ਨੇ ਮਿਲ ਕੇ ਪ੍ਰਦਰਸ਼ਨੀ ਪਲਾਟ ਦਾ ਨਿਰੀਖਣ ਕੀਤਾ ਅਤੇ ਆਉਣ ਵਾਲੇ ਸਾਲਾਂ ਵਿੱਚ ਬਹਾਰ ਰੁੱਤ ਦੀ ਮੂੰਗਫਲੀ ਦੀ ਕਾਸ਼ਤ ਨੂੰ ਵਧਾਉਣ ਲਈ ਲੋੜੀਂਦੀ ਮਸ਼ੀਨਰੀ ਦੀ ਉਪਲਬਧਤਾ ਅਤੇ ਮੰਡੀਕਰਨ ਦੇ ਸਾਧਨਾਂ ਬਾਰੇ ਸਾਰਥਕ ਵਿਚਾਰ-ਵਟਾਂਦਰਾ ਕੀਤਾ।

ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਮਸ਼ੀਨਰੀ) ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Leave a Reply

Your email address will not be published. Required fields are marked *