Shadow

ਓ.ਐਸ.ਡੀ. ਸੁਖਵੀਰ ਸਿੰਘ ਵੱਲੋਂ ਧੂਰੀ ਵਿਖੇ ਕਰੀਬ ਢਾਈ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਧੂਰੀ, 2 ਨਵੰਬਰ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸ. ਸੁਖਵੀਰ ਸਿੰਘ ਨੇ ਅੱਜ ਧੂਰੀ ਸ਼ਹਿਰ ਵਿਖੇ ਕਰੀਬ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਅਤੇ ਵਿਕਸਤ ਕੀਤੇ ਜਾ ਰਹੇ ਵੱਖ-ਵੱਖ ਵਿਕਾਸ ਤੇ ਸੁੰਦਰੀਕਰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਵਿੱਚ ਸ਼ਹਿਰ ਦੇ ਪ੍ਰਮੁੱਖ ਕ੍ਰਾਂਤੀ ਚੌਂਕ ਵਿਖੇ 1.41 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਕਲੋਕ ਟਾਵਰ ਅਤੇ 1.6 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਐਮ.ਸੀ. ਪਾਰਕ ਸ਼ਾਮਲ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਸ਼ਹਿਰ ਦੀ ਦਿੱਖ ਹੋਰ ਖ਼ੂਬਸੂਰਤ ਬਣਨ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੂੰ ਬਿਹਤਰ ਜਨਤਕ ਸਹੂਲਤਾਂ ਮਿਲਣਗੀਆਂ।

ਇਸ ਮੌਕੇ ਓ.ਐਸ.ਡੀ. ਸੁਖਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਧੂਰੀ ਦੇ ਸਰਬਪੱਖੀ ਵਿਕਾਸ ਅਤੇ ਸੁੰਦਰੀਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇਸ ਨੂੰ ਆਧੁਨਿਕ ਦਿੱਖ ਦੇਣ ਅਤੇ ਲੋਕਾਂ ਨੂੰ ਸਾਫ਼-ਸੁਥਰਾ ਤੇ ਸੁਖਾਵਾਂ ਵਾਤਾਵਰਨ ਮੁਹੱਈਆ ਕਰਵਾਉਣ ਲਈ ਵਿਕਾਸ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ।

ਉਨ੍ਹਾਂ ਦੱਸਿਆ ਕਿ ਕ੍ਰਾਂਤੀ ਚੌਂਕ ਵਿਖੇ ਮਹਾਰਾਜਾ ਅਗਰਸੈਨ ਜੀ ਨੂੰ ਸਮਰਪਿਤ 1.41 ਕਰੋੜ ਰੁਪਏ ਦੀ ਲਾਗਤ ਨਾਲ ਕਲੋਕ ਟਾਵਰ ਦਾ ਨਿਰਮਾਣ ਮੁਕੰਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੌਂਕ ਦੀ ਸੁੰਦਰਤਾ ਵਧਾਉਣ ਲਈ ਹੈਰੀਟੇਜ ਲਾਈਟਾਂ ਲਗਾਈਆਂ ਗਈਆਂ ਹਨ। ਕਲੋਕ ਟਾਵਰ ਦੀ ਬਣਤਰ ਵਿੱਚ ਗਰੇਨਾਈਟ ਮਾਰਬਲ, ਟਾਈਲਾਂ ਅਤੇ ਜਾਲੀ ਦਾ ਕੰਮ ਕੀਤਾ ਗਿਆ ਹੈ ਅਤੇ ਇਸ ਦੇ ਚਾਰੇ ਪਾਸੇ ਘੜੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਕਲੋਕ ਟਾਵਰ ਆਉਣ ਵਾਲੇ ਸਮੇਂ ਵਿੱਚ ਧੂਰੀ ਸ਼ਹਿਰ ਦੀ ਨਵੀਂ ਪਹਿਚਾਣ ਬਣੇਗਾ ਅਤੇ ਸ਼ਹਿਰ ਦੀ ਸੁੰਦਰਤਾ ਵਿੱਚ ਹੋਰ ਵਾਧਾ ਕਰੇਗਾ।

ਐਮ.ਸੀ. ਪਾਰਕ ਦੇ ਵਿਕਾਸ ਸਬੰਧੀ ਉਨ੍ਹਾਂ ਦੱਸਿਆ ਕਿ ਪਾਰਕ ਦੇ ਸਰਬਪੱਖੀ ਵਿਕਾਸ ‘ਤੇ ਕੁੱਲ 1.06 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਪ੍ਰੋਜੈਕਟ ਤਹਿਤ ਪਾਰਕ ਦੇ ਵਿਕਾਸ ਕਾਰਜ ਮੁਕੰਮਲ ਕਰਕੇ ਅੱਜ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਨਾਲ ਸ਼ਹਿਰ ਵਾਸੀਆਂ ਨੂੰ ਸੈਰ ਕਰਨ, ਆਰਾਮ ਕਰਨ ਅਤੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਲਈ ਸੁੰਦਰ ਥਾਂ ਮਿਲਣ ਦੇ ਨਾਲ-ਨਾਲ ਪਾਰਕਿੰਗ ਦੀ ਬਿਹਤਰ ਸਹੂਲਤ ਵੀ ਪ੍ਰਾਪਤ ਹੋਵੇਗੀ।

ਓ.ਐਸ.ਡੀ. ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਧੂਰੀ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਲਗਾਤਾਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਪ੍ਰੋਜੈਕਟਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਧੂਰੀ ਨੂੰ ਇੱਕ ਅਜਿਹਾ ਸੁੰਦਰ ਅਤੇ ਆਧੁਨਿਕ ਸ਼ਹਿਰ ਬਣਾਉਣਾ ਹੈ, ਜਿੱਥੇ ਵਸਨੀਕਾਂ ਨੂੰ ਬਿਹਤਰ ਸਹੂਲਤਾਂ ਮਿਲਣ ਅਤੇ ਸ਼ਹਿਰ ਆਪਣੀ ਵੱਖਰੀ ਪਹਿਚਾਣ ਕਾਇਮ ਕਰ ਸਕੇ।

ਇਸ ਮੌਕੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਸ. ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਧੂਰੀ ਸ਼ਹਿਰ ਵਿੱਚ ਵਿਕਾਸ ਦੀ ਨਵੀਂ ਤਸਵੀਰ ਉਭਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸੁੰਦਰੀਕਰਨ ਅਤੇ ਲੋਕਾਂ ਦੀ ਸਹੂਲਤ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕ੍ਰਾਂਤੀ ਚੌਂਕ ਵਿਖੇ ਬਣਿਆ ਕਲੋਕ ਟਾਵਰ ਧੂਰੀ ਦੀ ਨਵੀਂ ਪਹਿਚਾਣ ਬਣੇਗਾ, ਜਦਕਿ ਐਮ.ਸੀ. ਪਾਰਕ ਦਾ ਵਿਕਾਸ ਸ਼ਹਿਰ ਵਾਸੀਆਂ ਨੂੰ ਪਰਿਵਾਰਾਂ ਸਮੇਤ ਸਮਾਂ ਬਿਤਾਉਣ ਲਈ ਵਧੀਆ ਜਨਤਕ ਸਥਾਨ ਮੁਹੱਈਆ ਕਰਵਾਏਗਾ।

ਨਗਰ ਕੌਂਸਲ ਧੂਰੀ ਦੀ ਪ੍ਰਧਾਨ ਸ੍ਰੀਮਤੀ ਅਮਰਜੋਤ ਕੌਰ ਬਾਜਵਾ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐਮ.ਸੀ. ਪਾਰਕ ਦੇ ਵਿਕਾਸ ਨਾਲ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰੇ ਅਤੇ ਸੁੰਦਰ ਵਾਤਾਵਰਨ ਵਿੱਚ ਸੈਰ ਕਰਨ ਅਤੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਸ਼ਹਿਰ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਤੈਅ ਸਮੇਂ ਅਨੁਸਾਰ ਮੁਕੰਮਲ ਕਰਵਾਉਣ ਲਈ ਨਗਰ ਕੌਂਸਲ ਵਚਨਬੱਧ ਹੈ।

ਇਸ ਮੌਕੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਸ. ਦਲਵੀਰ ਸਿੰਘ ਢਿੱਲੋਂ, ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਸ. ਰਾਜਵੰਤ ਸਿੰਘ ਘੁੱਲੀ, ਮੈਂਬਰ ਵਕਫ਼ ਬੋਰਡ ਡਾ. ਅਨਵਰ ਭਸੌੜ, ਨਗਰ ਕੌਂਸਲ ਧੂਰੀ ਦੇ ਪ੍ਰਧਾਨ ਸ੍ਰੀਮਤੀ ਅਮਰਜੋਤ ਕੌਰ ਬਾਜਵਾ, ਪੁਸ਼ਪਿੰਦਰ ਸ਼ਰਮਾ, ਰੂਬਲ ਬਾਜਵਾ, ਨਗਰ ਕੌਂਸਲ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ।

Leave a Reply

Your email address will not be published. Required fields are marked *