Shadow

‘ਮੋਰਿੰਡਾ ਮੰਥਨ’: ਕਾਂਗਰਸੀ ਹਾਈਕਮਾਂਡ ਨੂੰ ਹਫ਼ਤੇ ਦਾ ਅਲਟੀਮੇਟਮ

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ‘ਮੋਰਿੰਡਾ ਮੰਥਨ’ ’ਚ ਪਾਰਟੀ ਦੇ ਫ਼ੈਸਲੇ ਤੋਂ ਨਾਰਾਜ਼ ਆਗੂਆਂ ਨੇ ਕਾਂਗਰਸ ਹਾਈਕਮਾਂਡ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦੇ ਦਿੱਤਾ ਹੈ। ਕਈ ਘੰਟਿਆਂ ਦੇ ਸਿਆਸੀ ਮੰਥਨ ਮਗਰੋਂ ਨਾਰਾਜ਼ ਆਗੂਆਂ ਨੇ ਪਾਰਟੀ ਆਗੂਆਂ ਤੇ ਵਰਕਰਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਹਾਈਕਮਾਂਡ ਨੂੰ ਇੱਕ ਹਫ਼ਤੇ ਦੇ ਅੰਦਰ ਮਸਲੇ ਨੂੰ ਨਜਿੱਠਣ ਲਈ ਕਿਹਾ ਹੈ। ਸਾਬਕਾ ਮੁੱਖ ਮੰਤਰੀ ਚੰਨੀ ਦੀ ਮੋਰਿੰਡਾ ਵਿਚਲੀ ਰਿਹਾਇਸ਼ ’ਤੇ ਅੱਜ ਕਈ ਘੰਟੇ ਲੰਮੀ ਮੀਟਿੰਗ ਚੱਲੀ ਜਿਸ ’ਚ ਪੰਜਾਬ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਦੀਆਂ ਸ਼ਿਕਾਇਤਾਂ ਨੂੰ ਕੇਂਦਰੀ ਲੀਡਰਸ਼ਿਪ ਅੱਗੇ ਰੱਖਣ ਦਾ ਫ਼ੈਸਲਾ ਕੀਤਾ ਗਿਆ।

ਮੀਟਿੰਗ ’ਚ ਸ਼ਾਮਲ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਚੰਨੀ ਦੀ ਅਗਵਾਈ ’ਚ ਇੱਕ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਅਤੇ ਇਹ ਕਮੇਟੀ ਹਾਈਕਮਾਂਡ ਨੂੰ ਮਿਲੇਗੀ। ਮੀਟਿੰਗ ’ਚ ਚੰਨੀ ਨੂੰ ਭਵਿੱਖ ਦੀ ਰਣਨੀਤੀ ਤੈਅ ਕਰਨ ਦੇ ਵੀ ਪੂਰੇ ਅਧਿਕਾਰ ਦੇ ਦਿੱਤੇ ਗਏ ਹਨ। ਅੱਜ ਦੀ ਮੀਟਿੰਗ ਤੋਂ ਪਹਿਲਾਂ ਅਤੇ ਬਾਅਦ ’ਚ ਚੰਨੀ ਨੇ ਖ਼ੁਦ ਪੂਰੇ ਮਾਹੌਲ ’ਤੇ ਚੁੱਪ ਧਾਰੀ ਹੋਈ ਹੈ। ਅੱਜ ਦੀ ਮੀਟਿੰਗ ਦੇ ਫ਼ੈਸਲੇ ਤੋਂ ਸੰਕੇਤ ਮਿਲਦੇ ਹਨ ਕਿ ਹਾਲ ਦੀ ਘੜੀ ਨਾਰਾਜ਼ ਆਗੂ ਹਾਈਕਮਾਂਡ ਖ਼ਿਲਾਫ਼ ਕੋਈ ਖੁੱਲ੍ਹੀ ਬਗ਼ਾਵਤ ਨਹੀਂ ਕਰਨਾ ਚਾਹੁੰਦੇ ਹਨ।

ਚੰਨੀ ਨੂੰ ਭਵਿੱਖ ਦੀ ਰਣਨੀਤੀ ਦੇ ਅਧਿਕਾਰ ਦੇਣੇ ਇਹ ਵੀ ਸਿਆਸੀ ਇਸ਼ਾਰਾ ਕਰਦੇ ਹਨ ਕਿ ਨਾਰਾਜ਼ ਆਗੂ ਕੋਈ ਵੀ ਰੁਖ਼ ਅਖ਼ਤਿਆਰ ਕਰ ਸਕਦੇ ਹਨ। ਫ਼ਿਲਹਾਲ ਨਾਰਾਜ਼ ਆਗੂਆਂ ਨੇ ਮੁੱਢਲੇ ਪੜਾਅ ’ਤੇ ਗੱਲਬਾਤ ਦਾ ਰਾਹ ਅਖ਼ਤਿਆਰ ਕੀਤਾ ਹੈ। ਅੱਜ ਦੇ ਆਗੂਆਂ ਦਾ ਇਕੱਠ ਨਵੀਆਂ ਐਲਾਨੀਆਂ ਨਿਯੁਕਤੀਆਂ ’ਤੇ ਮੁੜ ਵਿਚਾਰ ਚਾਹੁੰਦਾ ਹੈ। ਅਮਰਿੰਦਰ ਸਿੰਘ ਰਾਜਾ  ਵੜਿੰਗ ਦੇ ਪ੍ਰਧਾਨ ਬਣੇ ਰਹਿਣ ’ਤੇ ਬਹੁਤੇ ਆਗੂਆਂ ਨੂੰ ਇਤਰਾਜ਼ ਹੈ। ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਮੌਜੂਦਾ ਪੁਨਰਗਠਨ ਮੌਕੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।

ਅੱਜ ਦੀ ਮੀਟਿੰਗ ’ਚ ਕਰੀਬ ਦੋ ਦਰਜਨ ਮੌਜੂਦਾ ਅਤੇ ਸਾਬਕਾ ਵਿਧਾਇਕ ਪੁੱਜੇ ਜਦੋਂ ਕਿ ਸਾਬਕਾ ਮੰਤਰੀ ਪਰਗਟ ਸਿੰਘ,  ਸਾਬਕਾ ਸਪੀਕਰ ਕੇ ਪੀ ਰਾਣਾ ਅਤੇ ਸੁਖਪਾਲ ਸਿੰਘ ਖਹਿਰਾ ਆਦਿ ਨੇ ਇਸ ਇਕੱਠ ਤੋਂ ਦੂਰੀ ਬਣਾਈ ਰੱਖੀ। ਦਿਲਚਸਪ ਗੱਲ ਇਹ ਰਹੀ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਮੀਟਿੰਗ ’ਚ ਪੁੱਜੇ ਜੋ ਕਿ ਕਿਸੇ ਵੇਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਰਹੇ ਹਨ। ਪ੍ਰਮੁੱਖ ਆਗੂਆਂ ’ਚ ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਸਿੰਘ ਕੋਟਲੀ, ਮੁਹੰਮਦ ਸਦੀਕ, ਓ ਪੀ ਸੋਨੀ ਅਤੇ ਗੁਰਪ੍ਰੀਤ ਸਿੰਘ ਕਾਂਗੜ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *