Shadow

ਲੁਧਿਆਣਾ ਵਿੱਚ ਮਾਨਸੂਨ ਦੌਰਾਨ ਲੋਕਾਂ ਦੀ ਸਹੂਲਤ ਲਈ 1700 ਸੀ.ਸੀ.ਟੀ.ਵੀ. ਕੈਮਰਿਆਂ ਵਾਲਾ “ਮਾਨਸੂਨ ਵਾਰ ਰੂਮ” ਸਥਾਪਿਤ: ਹਰਜੋਤ ਸਿੰਘ ਬੈਂਸ

*ਲੁਧਿਆਣਾ, 2 ਜੁਲਾਈ:* ਮਾਨਸੂਨ ਦੇ ਸੀਜ਼ਨ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਨੂੰ ਤੁਰੰਤ ਹੱਲ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਤੋਂ ਬਚਾਉਣ ਲਈ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਇੱਕ ਆਧੁਨਿਕ ‘ਮਾਨਸੂਨ ਵਾਰ ਰੂਮ’ ਸਥਾਪਿਤ ਕੀਤਾ ਗਿਆ ਹੈ। ਇਹ ਹਾਈਟੈਕ ਕੰਟਰੋਲ ਸੈਂਟਰ 1700 ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ 24 ਘੰਟੇ ਸ਼ਹਿਰ ‘ਤੇ ਨਜ਼ਰ ਰੱਖੇਗਾ। ਅੱਜ ਇੱਥੇ ਨਗਰ ਨਿਗਮ ਦੇ ਜ਼ੋਨ-ਡੀ, ਸਰਾਭਾ ਨਗਰ ਵਿੱਚ ਬਣੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ) ਵਿੱਚ ਸਥਾਪਿਤ ‘ਮਾਨਸੂਨ ਵਾਰ ਰੂਮ’ ਦੇ ਨਿਰੀਖਣ ਬਾਅਦ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਵਾਰ ਰੂਮ ਦੀਆਂ ਵੱਡੀਆਂ ਸਕ੍ਰੀਨਾਂ ‘ਤੇ ਜਿਹੜੇ ਚੌਕਾਂ ਵਿੱਚ ਪਾਣੀ ਭਰਨ ਦੀ ਸਮੱਸਿਆ ਸੀ, ਨੀਵੇਂ ਇਲਾਕਿਆਂ ਅਤੇ ਸੰਵੇਦਨਸ਼ੀਲ ਡਰੇਨਾਂ ਦੀ ਲਾਈਵ ਐਚ.ਡੀ. ਫੁਟੇਜ ਦਿਖਾਈ ਦੇਵੇਗੀ। ਇਸ ਪ੍ਰਣਾਲੀ ਰਾਹੀਂ ਪਾਣੀ ਭਰਨ ਦੀ ਸਮੱਸਿਆ ਦਾ ਸਕਿੰਟਾਂ ਵਿੱਚ ਪਤਾ ਲੱਗ ਜਾਵੇਗਾ, ਜਿਸ ਨਾਲ ਨਿਗਮ ਦੀਆਂ ਟੀਮਾਂ ਨੂੰ ਤੁਰੰਤ ਸਹੀ ਜਗ੍ਹਾ ‘ਤੇ ਭੇਜਿਆ ਜਾ ਸਕੇਗਾ। ਇਸ ਨਾਲ ਕਾਰਵਾਈ ਦਾ ਸਮਾਂ ਘੰਟਿਆਂ ਤੋਂ ਘਟ ਕੇ ਮਿੰਟਾਂ ਵਿੱਚ ਰਹਿ ਜਾਵੇਗਾ। ਕੰਟਰੋਲ ਸੈਂਟਰ ਦੇ ਕੰਮਕਾਜ ਦਾ ਜਾਇਜ਼ਾ ਲੈਣ ਤੋਂ ਬਾਅਦ ਸਥਾਨਕ ਸਰਕਾਰਾਂ ਮੰਤਰੀ ਨੇ ਐਲਾਨ ਕੀਤਾ ਕਿ ਜਲਦੀ ਹੀ ਇੱਕ ਸਮਰਪਿਤ ਮਾਨਸੂਨ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾਵੇਗਾ। ਸ਼ਹਿਰ ਦੇ ਲੋਕ ਇਸ ਹੈਲਪਲਾਈਨ ‘ਤੇ ਫ਼ੋਨ ਕਰਕੇ ਪਾਣੀ ਭਰਨ, ਜਾਮ ਜਾਂ ਓਵਰਫਲੋ ਹੋਏ ਨਾਲਿਆਂ ਬਾਰੇ ਸ਼ਿਕਾਇਤ ਦਰਜ ਕਰਵਾ ਸਕਣਗੇ, ਜਿਸ ਨੂੰ ਵਾਰ ਰੂਮ ਵਿੱਚ ਤੁਰੰਤ ਦਰਜ ਕਰ ਲਿਆ ਜਾਵੇਗਾ। ਹਰੇਕ ਸ਼ਿਕਾਇਤ ਨੂੰ ਸ਼ਹਿਰ ਦੇ ਨਕਸ਼ੇ ‘ਤੇ ਜੀਓ-ਟੈਗ ਕੀਤਾ ਜਾਵੇਗਾ ਅਤੇ ਸਭ ਤੋਂ ਨੇੜਲੀ ਫੀਲਡ ਟੀਮ ਨੂੰ ਸੌਂਪਿਆ ਜਾਵੇਗਾ, ਅਤੇ ਸਮੱਸਿਆ ਹੱਲ ਹੋਣ ਤੱਕ ਇਸਦੀ ਨਿਗਰਾਨੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕਰਨਾ ਹੈ ਤਾਂ ਜੋ ਲੋਕਾਂ ਨੂੰ ਤੁਰੰਤ ਰਾਹਤ ਮਿਲ ਸਕੇ। ਇਸ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਹੋਈ ਸਮੀਖਿਆ ਮੀਟਿੰਗ ਦੌਰਾਨ ਸ. ਹਰਜੋਤ ਸਿੰਘ ਬੈਂਸ ਨੇ ਮਾਨਸੂਨ ਦੌਰਾਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਇੱਕ ਐਕਸ਼ਨ ਪਲਾਨ ਤਿਆਰ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ 24 ਘੰਟੇ ਨਿਗਰਾਨੀ ਰੱਖਣ, ਬੁੱਢੇ ਦਰਿਆ ਅਤੇ ਮੁੱਖ ਸੀਵਰੇਜ ਲਾਈਨਾਂ ਦੀ ਸਫ਼ਾਈ (ਡੀਸਿਲਟਿੰਗ) ਕਰਨ, ਹਾਦਸਿਆਂ ਨੂੰ ਰੋਕਣ ਲਈ ਸਾਰੇ ਮੈਨਹੋਲਜ਼ ਨੂੰ ਢਕਣ, ਰੋਡ ਜਾਲੀਆਂ ਦੀ ਸਫ਼ਾਈ ਕਰਨ ਅਤੇ ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ। ਸ. ਬੈਂਸ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਸੀਂ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ‘ਮਿਸ਼ਨ ਕਲੀਨ ਪੰਜਾਬ’ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਸਾਡੀ ਜ਼ਮੀਨੀ ਪੱਧਰ ਉੱਤੇ ਵਿੱਢੀ ਵਿਹਾਰਕ ਮੁਹਿੰਮ ਹੈ।” ਉਨ੍ਹਾਂ ਚੇਤਾਵਨੀ ਦਿੱਤੀ ਕਿ ਸਫ਼ਾਈ ਜਾਂ ਐਮਰਜੈਂਸੀ ਡਿਊਟੀ ਵਿੱਚ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਨਿਗਮ ਕਮਿਸ਼ਨਰ ਓਜਸਵੀ ਅਲੰਕਾਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ, ਜੁਆਇੰਟ ਕਮਿਸ਼ਨਰ ਤਪਨ ਭਨੋਟ ਅਤੇ ਅਸਿਸਟੈਂਟ ਕਮਿਸ਼ਨਰ ਜਸਦੇਵ ਸੇਖੋਂ ਵੀ ਹਾਜ਼ਰ ਸਨ। ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਸਥਾਨਕ ਸਰਕਾਰਾਂ ਮੰਤਰੀ ਨੂੰ ਕਮਾਂਡ ਸੈਂਟਰ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਭਰੋਸਾ ਦਿੱਤਾ ਕਿ ਨਗਰ ਨਿਗਮ ਦੀਆਂ ਟੀਮਾਂ ਪੂਰੀ ਤਰ੍ਹਾਂ ਅਲਰਟ ‘ਤੇ ਹਨ। —-

Leave a Reply

Your email address will not be published. Required fields are marked *