*ਚੰਡੀਗੜ੍ਹ/ਹੁਸ਼ਿਆਰਪੁਰ, 14 ਜੁਲਾਈ:* ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਇੱਥੇ ਲਗਭਗ 123 ਕਰੋੜ ਰੁਪਏ ਦੀ ਲਾਗਤ ਨਾਲ ਕੰਢੀ ਕੈਨਾਲ ਦੀ ਕਾਇਆ-ਕਲਪ ਤੋਂ ਬਾਅਦ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਟੇਲਾਂ ਤੱਕ ਸਿੰਚਾਈ ਲਈ 100 ਫ਼ੀਸਦੀ ਨਹਿਰੀ ਪਾਣੀ ਪਹੁੰਚਾਵੇਗੀ।
ਜ਼ਿਲ੍ਹੇ ਦੇ ਪਿੰਡ ਦਾਤਾਰਪੁਰ ਵਿਖੇ ਸ਼ਾਹ ਨਹਿਰ ਫੀਡਰ ਪ੍ਰਾਜੈਕਟ ਅਤੇ ਸ਼ਾਹ ਨਹਿਰ ਕੈਨਾਲ ਸਿਸਟਮ ਅਤੇ ਘੋਗਰਾ ਡਿਸਟ੍ਰੀਬਿਊਟਰੀ ਨਾਲ ਸੰਬੰਧਤ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਦਿਆਂ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਕੰਢੀ ਕੈਨਾਲ ਦੀ ਕਾਇਆ-ਕਲਪ ਨਾਲ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਕਿਸਾਨਾਂ ਨੂੰ ਸਿੰਚਾਈ ਦੀ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਕੰਢੀ ਨਹਿਰ ਦੇ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ 450 ਪਿੰਡਾਂ ਦੇ 1,35,000 ਏਕੜ ਰਕਬੇ ਨੂੰ ਸਿੰਚਾਈ ਸਹੂਲਤਾਂ ਪ੍ਰਦਾਨ ਹੋਈਆਂ ਹਨ ਜਿਸ ਨਾਲ ਸੂਬੇ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਨਵਾਂ ਇਤਿਹਾਸ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸੂਬੇ ਵਿੱਚ 86 ਫ਼ੀਸਦੀ ਨਹਿਰੀ ਪਾਣੀ ਦੀ ਵਰਤੋਂ ਸਿੰਚਾਈ ਲਈ ਹੋ ਰਹੀ ਹੈ ਅਤੇ ਟੇਲਾਂ ਤੱਕ ਪਾਣੀ ਪੁੱਜਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਹਿਰਾਂ ਅਤੇ ਨਹਿਰੀ ਪਾਣੀ ਵੱਲ ਧਿਆਨ ਨਹੀਂ ਦਿੱਤਾ ਅਤੇ ਪਿਛਲੇ ਸਮਿਆਂ ਦੌਰਾਨ ਸਿਰਫ਼ 26 ਫ਼ੀਸਦੀ ਨਹਿਰੀ ਪਾਣੀ ਦੀ ਹੀ ਵਰਤੋਂ ਹੁੰਦੀ ਰਹੀ ਜਿਸ ਕਰਕੇ ਸੂਬੇ ਦੀ ਕਿਸਾਨੀ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਵਿਧਾਇਕ ਕਰਮਵੀਰ ਸਿੰਘ ਘੁੰਮਣ ਅਤੇ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਸਮੇਤ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਸ਼ਾਹ ਨਹਿਰ ਅਧੀਨ ਆਉਂਦੀਆਂ ਕੁੱਲ 22 ਡਿਸਟ੍ਰੀਬਿਊਟ੍ਰੀਜ਼ ਵਿੱਚੋਂ ਕਈਆਂ ਦੀ ਹਾਲਤ ਬਹੁਤ ਹੀ ਖਸਤਾ ਸੀ, ਜਿਸ ਕਰਕੇ ਇਨ੍ਹਾਂ ਅਧੀਨ ਆਉਂਦੇ ਰਕਬੇ ਦੇ ਕਿਸਾਨ ਸਿੰਚਾਈ ਸਹੂਲਤਾਂ ਤੋਂ ਵਾਂਝੇ ਸਨ। ਉਨ੍ਹਾਂ ਕਿਹਾ ਕਿ ਇਸ ਸਮਸਿੱਆ ਦੇ ਹੱਲ ਲਈ ਇਨ੍ਹਾਂ ਡਿਸਟ੍ਰੀਬਿਊਟ੍ਰੀਜ਼/ਖਾਲਿਆਂ ਦੀ ਕੰਕਰੀਟ ਲਾਈਨਿੰਗ ਦਾ ਕੰਮ 78 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕਰਵਾਇਆ ਗਿਆ, ਜਿਸ ਨਾਲ ਲਗਭਗ 150 ਪਿੰਡਾਂ ਦੇ 60,000 ਏਕੜ ਰਕਬੇ ਨੂੰ ਸਿੰਚਾਈ ਸਹੂਲਤਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੰਢੀ ਨਹਿਰ ਅਧੀਨ ਮੁੱਖ ਨਹਿਰ ਦਾ ਨਿਰਮਾਣ, ਹੁਸ਼ਿਆਰਪੁਰ ਤੋਂ ਬਲਾਚੌਰ ਬੁਰਜੀ ਤੋਂ 59,500 ਕਿ:ਮੀ: ਤੋਂ 129,035 ਕਿ:ਮੀ: ਤੱਕ ਜੁਲਾਈ 2016 ਵਿੱਚ ਪੂਰਾ ਹੋਇਆ ਸੀ ਅਤੇ ਕਈ ਥਾਵਾਂ ‘ਤੇ ਹਾਲਤ ਮਾੜੀ ਹੋਣ ਕਾਰਜ ਅਕਸਰ ਲੀਕੇਜ ਅਤੇ ਸੀਪੇਜ ਦੀ ਸਮੱਸਿਆ ਬਣੀ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਕੰਢੀ ਨਹਿਰ ਦੇ ਸਾਲ 2016 ਵਿੱਚ ਪੂਰਾ ਹੋ ਜਾਣ ਦੇ ਬਾਵਜੂਦ ਪਾਣੀ ਪੂਰੀ ਸਮਰੱਥਾ ਨਾਲ ਟੇਲ ਤੱਕ ਕਦੇ ਵੀ ਨਹੀਂ ਪਹੁੰਚਿਆ ਸੀ ਅਤੇ ਟੇਲਾਂ ਤੱਕ ਸਹੀ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਨਹਿਰ ਦੀ ਕੰਕਰੀਟ ਲਾਈਨਿੰਗ ਅਤੇ ਰੀਹੈਬਲੀਟੇਸ਼ਨ ਲਈ ਇੱਕ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ ਜਿਸ ਨਾਲ ਪ੍ਰਾਜੈਕਟ ਦਾ ਕੰਮ ਸਾਲ 2023-24 ਵਿੱਚ ਮੁਕੰਮਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਬੁਰਜੀ 0.0 ਤੋਂ 129,035 ਕਿਲੋਮੀਟਰ ਤੱਕ ਟੇਲ ਤੱਕ ਪਾਣੀ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ 35 ਤੋਂ 40 ਸਾਲ ਪਹਿਲਾਂ ਬਣਾਏ ਗਏ 11 ਡਿਸਟ੍ਰੀਬਿਊਟਰੀ/ਮਾਈਨਰ, ਜੋ ਸਿਰਫ਼ 14,000 ਏਕੜ ਤੱਕ ਹੀ ਸਪਲਾਈ ਪਹੁੰਚਾ ਰਿਹਾ ਸੀ, ਦਾ ਕੰਮ ਸਾਲ 2025 ਵਿੱਚ ਮੁਕੰਮਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਹੁਸ਼ਿਆਰਪੁਰ ਜਿਲ੍ਹੇ ਦੇ ਚਾਰ ਹਲਕਿਆਂ ਮੁਕੇਰੀਆਂ, ਦਸੂਹਾ, ਉੜਮੁੜ ਟਾਂਡਾ ਅਤੇ ਸ਼ਾਮ ਚੌਰਾਸੀ ਦੇ ਕਮਾਂਡ ਖੇਤਰ ਦੇ ਕਿਸਾਨਾਂ ਨੂੰ ਲਗਭਗ 28,300 ਏਕੜ ਬਰਾਨੀ ਜ਼ਮੀਨ ਲਈ ਸਿੰਚਾਈ ਸਹੂਲਤਾਂ ਮਿਲ ਰਹੀਆਂ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਡਿਸਟ੍ਰੀਬਿਊਟਰੀ/ਮਾਈਨਰਾਂ ਦੀ ਕੁੱਲ ਲੰਬਾਈ ਲਗਭਗ 61 ਕਿ:ਮੀ: ਹੈ ਅਤੇ ਸਰਕਾਰ ਵੱਲੋਂ ਸਾਲ 2024-25 ਵਿੱਚ ਕੰਢੀ ਕੈਨਾਲ ਅਧੀਨ ਆਉਂਦੇ ਕਿਸਾਨਾਂ ਨੂੰ ਹੋਰ ਬਿਹਤਰ ਸਿੰਚਾਈ ਸਹੂਲਤਾਂ ਪ੍ਰਦਾਨ ਕਰਨ ਲਈ ਕੰਢੀ ਕੈਨਾਲ ਦੇ ਡਿਸਟ੍ਰੀਬਿਊਟਰੀ/ਮਾਈਨਰਾਂ ਦੀ ਵੰਡ ਪ੍ਰਣਾਲੀ ਨੂੰ ਜ਼ਮੀਨਦੋਜ਼ ਪਾਈਪਾਂ ਰਾਹੀਂ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਗਭਗ 80 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਾਜੈਕਟ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹੁਣ ਕੰਢੀ ਨਹਿਰ ਵਿੱਚ ਪਾਣੀ ਆਪਣੀ ਪੂਰੀ ਡਿਜ਼ਾਈਨ ਕੀਤੀ ਸਮੱਰਥਾ ਅਨੁਸਾਰ ਨਾਲ ਚਲ ਰਿਹਾ ਹੈ, ਜਿਸ ਨਾਲ ਹੁਸ਼ਿਆਰਪੁਰ ਜਿਲ੍ਹੇ ਦੇ 215 ਪਿੰਡਾਂ ਵਿੱਚ ਲਗਭਗ 60,000 ਏਕੜ ਬਰਾਨੀ ਖੇਤਰ ਨੂੰ ਸਿੰਚਾਈ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਕਿਸਾਨਾਂ ਵੱਲੋਂ ਹੋਰ ਪਾਣੀ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪਾਈਪਲਾਈਨ ਵਿੱਚ ਵਾਧੇ ਦੇ ਪ੍ਰਾਜੈਕਟ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਗਿਆ ਅਤੇ ਸਰਕਾਰ ਵੱਲੋਂ ਲਗਭਗ 17 ਕਰੋੜ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ, ਜਿਸ ਦਾ ਕੰਮ ਪ੍ਰਗਤੀ ਅਧੀਨ ਹੈ ਜਿਸ ਨਾਲ ਲਗਭਗ 8760 ਏਕੜ ਸੀ.ਸੀ.ਏ. ਵਿੱਚ ਹੋਰ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੁਧਾਰਾਂ ਨਾਲ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 218 ਪਿੰਡਾਂ ਦੇ 72,931 ਏਕੜ ਬਰਾਨੀ ਖੇਤਰ ਨੂੰ ਸਿੰਚਾਈ ਸਹੂਲਤਾਂ ਉਪਲਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਲਗਭਗ 450 ਪਿੰਡਾਂ ਦੇ ਲਗਭਗ 1,35,000 ਏਕੜ ਰਕਬੇ ਨੂੰ ਸਿੰਚਾਈ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਕੰਢੀ ਨਹਿਰ ਦੇ ਆਲੇ-ਦੁਆਲੇ ਦੇ ਉੱਚੇ ਖੇਤਰਾਂ ਤੱਕ ਪਾਣੀ ਨੂੰ ਪਹੁੰਚਾਉਣ ਅਤੇ ਪਾਣੀ ਦੀ ਬੱਚਤ ਨੂੰ ਦੇਖਦੇ ਹੋਏ ਮਾਈਕ੍ਰੋ ਇਰੀਗੇਸ਼ਨ ਸਕੀਮ (ਸਪ੍ਰੀਕਲਰ ਅਤੇ ਡਰਿੱਪ ਇਰੀਗੇਸ਼ਨ) ਦਾ ਨਿਰਮਾਣ ਕੀਤਾ ਗਿਆ ਜਿਸ ਨੂੰ ਲਾਗੂ ਕਰਨ ਉਪਰੰਤ ਸਪ੍ਰੀਕਲਰ ਸਕੀਮ ਰਾਹੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ 12 ਪਿੰਡਾਂ ਦੇ ਕਿਸਾਨਾਂ ਦੇ ਲਗਭਗ 601 ਏਕੜ ਅਤੇ ਡਰਿੱਪ ਸਕੀਮ ਰਾਹੀਂ 3 ਪਿੰਡਾਂ ਠਰੋਲੀ, ਮਾਂਝੀ ਅਤੇ ਨਾਰਾ ਦੇ ਕਿਸਾਨਾ ਨੂੰ ਲਗਭਗ 144 ਏਕੜ ਰਕਬੇ ਨੂੰ ਸਿੰਚਾਈ ਸਹੁਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ ਕਿਸਾਨਾਂ ਵਿੱਚ ਬੇਹੱਦ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿੰਚਾਈ ਲਈ ਪਾਣੀ ਉੱਚੇ ਲੈਵਲ ਵਾਲੇ ਖੇਤਰਾਂ ਤੱਕ ਪਹੁੰਚਣ ਨਾਲ ਫਸਲਾਂ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੰਢੀ ਏਰੀਏ ਦੇ ਧਤਰੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਜਲ ਸਰੋਤ ਵਿਭਾਗ ਵੱਲੋਂ ਨਹਿਰ ਦੇ ਨਾਲ ਲਗਦੇ ਟਿਊਬਵੈੱਲ ਚੱਕ ਦੇ ਏਰੀਏ ਵਿੱਚ ਪੁਰਾਣੇ ਬੰਦ ਪਏ ਟਿਊਬਲਾਂ ਨੂੰ ਖੋਜਿਆ ਗਿਆ, ਜਿਨ੍ਹਾਂ ਨੂੰ ਨਹਿਰ ਤੋਂ ਪਾਈਪ ਰਾਹੀ ਪਾਣੀ ਪਾ ਕੇ ਰਿਚਾਰਜਿੰਗ ਸਿਸਟਮ ਵਜੋਂ ਵਰਤਣ ਲਈ 20 ਲੱਖ ਰੁਪਏ ਦਾ ਪ੍ਰਾਜੈਕਟ ਮੁਕੰਮਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਹਿਰ ਦੇ ਨਾਲ ਲਗਦੇ ਪਿੰਡ ਵਿੱਚ ਖਾਲੀ ਪਈ ਜਗ੍ਹਾ ਨੂੰ ਲੱਭ ਕੇ ਨਹਿਰੀ ਪਾਣੀ ਪਾ ਕੇ ਪੌਂਡ ਬਣਾਉਣ ਦਾ ਪ੍ਰਾਜੈਕਟ 5.16 ਕਰੋੜ ਰੁਪਏ ਦੀ ਲਾਗਤ ਨਾਲ ਮੁੰਕਮਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਕੰਢੀ ਨਹਿਰ ਵਿੱਚ ਪੈਂਦੇ ਵੱਖ-ਵੱਖ ਚੋਆਂ ਉੱਪਰ 18 ਨਵੀਆਂ ਅਸਕੇਪ/ਪਾਈਪ ਅਸਕੇਪ 4.18 ਕਰੋੜ ਦੀ ਲਾਗਤ ਨਾਲ ਬਣਾਈਆਂ ਗਈਆਂ ਜਿਸ ਦੀ ਮਦਦ ਨਾਲ ਨਹਿਰ ਦਾ ਵਾਧੂ ਪਾਣੀ ਚੋਅ ਵਿੱਚ ਸੁੱਟ ਕੇ ਜ਼ਮੀਨ ਨੂੰ ਵਾਟਰ ਰਿਚਾਰਜ ਕੀਤਾ ਜਾ ਰਿਹਾ ਹੈ ਅਤੇ ਬਰਸਾਤੀ ਸੀਜ਼ਨ ਦੌਰਾਨ ਵਾਧੂ ਪਾਣੀ ਨਾਲ ਨਹਿਰ ਨੂੰ ਟੁੱਟਣ ਤੋਂ ਬਚਾਇਆ ਜਾ ਸਕੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਕੰਢੀ ਨਹਿਰ ‘ਤੇ ਸਥਿਤ ਵੱਖ-ਵੱਖ ਲਿਫਟ ਸਿੰਚਾਈ ਸਕੀਮਾਂ ਅਤੇ ਮਾਈਕ੍ਰੋ ਇਰੀਗੇਸ਼ਨ ਸਕੀਮਾਂ ਅਧੀਨ ਕੁੱਲ 2302.5 ਕਿਲੋਵਾਟ ਸਮਰੱਥਾ ਦੇ ਸੋਲਰ ਪੈਨਲ ਸਿਸਟਮ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਰਾਹੀਂ ਨਹਿਰ ਦੇ ਪਾਣੀ ਨੂੰ ਊਰਜਾ-ਕੁਸ਼ਲ ਢੰਗ ਨਾਲ ਖੇਤਾਂ ਤੱਕ ਪਹੁੰਚਾਇਆ ਜਾਂਦਾ ਹੈ।
ਡੈਮਾਂ ਦੀ ਡੀਸਿਲਟਿੰਗ ਕਰਵਾਉਣ ਸਬੰਧੀ ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਲਾ ਹੁਸ਼ਿਆਰਪੁਰ ਵਿਖੇ ਡੈਮਾਂ ਨੂੰ ਬਣੇ ਲੰਮਾਂ ਸਮਾਂ ਹੋ ਗਿਆ ਹੈ ਅਤੇ ਬਰਸਾਤਾਂ ਦੇ ਸੀਜ਼ਨ ਦੌਰਾਨ ਡੈਮਾਂ ਦੇ ਕੈਚਮੈਂਟ ਏਰੀਏ ਵਿੱਚੋਂ ਕਾਫੀ ਮਾਤਰਾ ਵਿੱਚ ਖੋਰਾ ਲੱਗ ਕੇ ਮਿੱਟੀ-ਰੇਤ ਆਦਿ ਖੱਡਾਂ ਵਿੱਚ ਵਹਿ ਕੇ ਆਉਂਦਾ ਹੈ ਜਿਸ ਨਾਲ ਸਟੋਰੇਜ ਸਮਰੱਥਾ ਵਿੱਚ ਰੁਕਾਵਟ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ 6 ਡੈਮਾਂ ਵਿੱਚ ਡੀਸਿਲਟਿੰਗ ਦਾ ਕੰਮ ਚੱਲ ਰਿਹਾ ਹੈ। ਇਸ ਨਾਲ ਡੈਮਾਂ ਦੀ ਕਪੈਸਿਟੀ ਨੂੰ ਵਧਾ ਕੇ ਕਿਸਾਨਾਂ ਨੂੰ ਹੋਰ ਸਿੰਚਾਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਸਰਕਾਰ ਦੇ ਮਾਲੀਏ ਵਿੱਚ ਵੀ ਵਾਧਾ ਹੋਵੇਗਾ।
ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਅਤੇ ਪੰਚਾਇਤਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਟੇਲਾਂ ਤੱਕ ਨਹਿਰੀ ਪਾਣੀ ਨੂੰ ਪੁੱਜਦਾ ਕਰਕੇ ਇਤਿਹਾਸਿਕ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਸਿੰਚਾਈ ਲਈ ਵਰਤੋਂ ਦੀ ਉਨ੍ਹਾਂ ਵੱਲੋਂ ਪਿਛਲੇ ਲੰਮੇਂ ਸਮੇਂ ਤੋਂ ਮੰਗ ਰੱਖੀ ਜਾ ਰਹੀ ਸੀ, ਜੋ ਮੌਜੂਦਾ ਸਰਕਾਰ ਨੇ ਪੂਰੀ ਕਰਕੇ ਸਿੰਚਾਈ ਦੀ ਵੱਡੀ ਸਹੂਲਤ ਪ੍ਰਦਾਨ ਕੀਤੀ ਹੈ।
ਇਸ ਮੌਕੇ ਚੇਅਰਮੈਨ ਬੌਬੀ ਕੌਸ਼ਲ, ਆਸ਼ੂ ਅਰੋੜਾ, ਕੁਲਦੀਪ ਕੁਮਾਰ, ਸੋਮਾ ਦੇਵੀ, ਵਿਕਰਾਂਤ ਜਯੋਤੀ, ਸ਼ਿਵਮ ਤਜੂਲਾ, ਕਿਸ਼ੋਰੀ ਲਾਲ, ਮਹੰਤ ਰਮੇਸ਼ਵਰ. ਸਪਿਂਕਾ ਰਾਣੀ ਆਦਿ ਮੌਜੂਦ ਸਨ।
ਕੈਪਸ਼ਨ: ਪੰਜਾਬ ਦੇ ਜਲ ਸਰੋਤ, ਭੂਮੀ ਤੇ ਜਲ ਸੰਭਾਲ ਅਤੇ ਖਣਨ ਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਦਾਤਾਰਪੁਰ ਅਤੇ ਘੋਗਰਾ ਵਿਖੇ ਕੰਢੀ ਕੈਨਾਲ ਨਾਲ ਸਬੰਧਤ ਪ੍ਰਾਜੈਕਟਾਂ ਦਾ ਉਦਘਾਟਨ ਕਰਦੇ ਹੋਏ।