Shadow

ਜੇਕਰ ਲਾਰੈਂਸ ਹੀਰੋ ਹੈ ਤਾਂ ਉਸ ਨੂੰ ਜੇਲ੍ਹ ‘ਚ ਕਿਉਂ ਰੱਖਿਆ ? “ਲਾਰੈਂਸ ਆਫ਼ ਪੰਜਾਬ” ‘ਤੇ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾ

ਮਾਨਸਾ: ਦਸਤਾਵੇਜ਼ੀ-ਸੀਰੀਜ਼ “ਲਾਰੈਂਸ ਆਫ ਪੰਜਾਬ” ਨੂੰ ਲੈ ਕੇ ਵਿਵਾਦ ਲਗਾਤਾਰ ਵਧ ਰਿਹਾ ਹੈ, ਇਸ ਸੀਰੀਜ਼ ਨੂੰ ਲੈ ਕੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਦੇ ਖਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਫਿਲਮ ‘ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਫਿਲਮ “ਲਾਰੈਂਸ ਆਫ ਪੰਜਾਬ” ਵਿੱਚ ਗੈਂਗਸਟਰ ਦੀ ਕਹਾਣੀ ਦਿਖਾਈ ਜਾ ਰਹੀ ਹੈ।

ਮੈਨੂੰ ਸਰਕਾਰਾਂ ਦੀ ਕਾਰਗੁਜ਼ਾਰੀ ‘ਤੇ ਅਫਸੋਸ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ “ਮੈਨੂੰ ਸਰਕਾਰਾਂ ਦੀ ਕਾਰਗੁਜ਼ਾਰੀ ‘ਤੇ ਅਫਸੋਸ ਹੈ ਕਿ ਸਿਆਸੀ ਆਗੂ ਗੈਂਗਸਟਰਾਂ ਦੇ ਸਹਾਰੇ ਉੱਤੇ ਹਨ। ਲਾਰੈਂਸ ‘ਤੇ ਫਿਲਮ ਬਣਾਉਣ ਦੀ ਕੀ ਲੋੜ ਹੈ ? ਲਾਰੈਂਸ ਨੇ ਕਿਹੜਾ ਅਜਿਹਾ ਕੰਮ ਕੀਤਾ ਹੈ ਜੋ ਸਮਾਜ ਦੇਸ਼ ਅਤੇ ਕੌਮ ਲਈ ਮਾਣ ਵਾਲੀ ਗੱਲ ਹੈ। ਲਾਰੈਂਸ ਨੇ ਸਿਰਫ਼ ਫਿਰੋਤੀਆਂ ਮੰਗਣ ਅਤੇ ਕਤਲ ਕਰਵਾਉਣ ਤੋਂ ਇਲਾਵਾ ਕੋਈ ਚੰਗਾ ਕੰਮ ਕੀਤਾ ਹੈ ? ਜਿਸ ਬੰਦੇ ਨੇ ਪਤਾ ਨਹੀਂ ਕਿੰਨੇ ਹੀ ਬੱਚੇ ਮਰਵਾ ਦਿੱਤੇ ਹਨ, ਪਤਾ ਨਹੀਂ ਉਸ ‘ਤੇ ਕਿੰਨੇ ਹੀ ਮੁਕੱਦਮੇ ਦਰਜ ਹਨ, ਜੇਕਰ ਉਸ ਦੇ ਇਸ ਤਰ੍ਹਾਂ ਦੇ ਕੰਮ ਸਮਾਜ ਨੂੰ ਸੇਧ ਦੇਣ ਵਾਲੇ ਲੱਗ ਰਹੇ ਹਨ ਤਾਂ ਉਸ ਨੂੰ ਬਾਹਰ ਹੀ ਕੱਢ ਲਓ, ਜੇਲ੍ਹ ਵਿੱਚ ਕਿਉਂ ਰੱਖਿਆ ਹੈ ? ਚੋਣਾਂ ਦੇ ਇਸ ਸਾਲ ਵਿੱਚ ਇਹ ਫਿਲਮ ਲਿਆ ਕੇ ਗੈਂਗਸਟਰਾਂ ਦੇ ਨਾਮ ‘ਤੇ ਲੋਕਾਂ ਨੂੰ ਗੁੰਡਾਗਰਦੀ ਕਰਕੇ ਡਰਾਇਆ ਜਾ ਰਿਹਾ ਹੈ। ਕੁਝ ਸਮਝ ਨਹੀਂ ਆ ਰਹੀ ਕਿ ਇਸ ਵਿੱਚ ਸਰਕਾਰਾਂ ਦਾ ਇੰਨਾ ਯੋਗਦਾਨ ਕਿਉਂ ਹੈ ?”

“ਪਹਿਲਾਂ ਡੀਜੀਪੀ ਸਾਬ੍ਹ ਵੀ ਲਾਰੈਂਸ ਦੇ ਹੱਕ ਵਿੱਚ ਬਿਆਨ ਦਿੰਦੇ ਹਨ, ਫਿਰ ਸਾਡੀ ਪੰਜਾਬ ਪੁਲਿਸ ਜੇਲ੍ਹ ਵਿੱਚ ਉਸਦੀ ਇੰਟਰਵਿਊ ਕਰਵਾ ਦਿੰਦੀ ਹੈ। ਸਾਡੀ ਪੰਜਾਬ ਪੁਲਿਸ ਉਸ ਨੂੰ ਰਾਤ ਨੂੰ ਸ਼ਾਪਿੰਗ ਕਰਵਾ ਦਿੰਦੀ ਹੈ, ਉਸ ਨੂੰ ਪੂਜਾ ਕਰਨ ਲਈ ਪੰਡਤ ਦੇ ਦਿੰਦੀ ਹੈ, ਉਸ ਦੀ ਬਾਹਾਂ ‘ਤੇ ਟੈਟੂ ਬਣਵਾਉਣ ਲਈ ਜੇਲ੍ਹ ਵਿੱਚ ਪ੍ਰਬੰਧ ਕੀਤੇ ਜਾਂਦੇ ਹਨ। ਆਖਿਰ ਇਹ ਦੋਵੇਂ ਹੀ ਸਰਕਾਰਾਂ ਉਸ ਗੈਂਗਸਟਰ ਉੱਤੇ ਇੰਨੀਆਂ ਮਿਹਰਬਾਨ ਕਿਉਂ ਹਨ ?”- ਬਲਕੌਰ ਸਿੰਘ, ਸਿੱਧੂ ਮੂਸੇਵਾਲਾ ਦੇ ਪਿਤਾ

“ਜੇਕਰ ਲਾਰੈਂਸ ਹੀਰੋ ਹੈ ਤਾਂ ਉਹ ਜੇਲ੍ਹ ‘ਚ ਕਿਉਂ ਬੰਦ ਹੈ ?”

ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਲਾਰੈਂਸ ਸਰਕਾਰ ਦੀਆਂ ਨਜ਼ਰਾਂ ਵਿੱਚ ਮੁਲਜ਼ਮ ਹੈ ਤਾਂ ਉਸ ਨੂੰ ਉਸ ਸ੍ਰੇਣੀ ਵਿੱਚ ਹੀ ਰੱਖਿਆ ਜਾਣਾ ਚਾਹੀਦਾ ਹੈ। ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਲਾਰੈਂਸ ਹੀਰੋ ਹੈ ਉਸ ਉੱਤੇ ਫਿਲਮਾਂ ਬਣਾਈਆਂ ਜਾ ਸਕਦੀਆਂ ਹਨ। ਉਸ ਤੋਂ ਸਾਡੇ ਨੌਜਵਾਨਾਂ ਨੂੰ ਸਿੱਖਿਆ ਮਿਲੇਗੀ ਤਾਂ ਫਿਰ ਉਸ ਨੂੰ ਜੇਲ੍ਹ ਵਿੱਚ ਕਿਉਂ ਬੰਦ ਕੀਤਾ ਹੈ ? ਫਿਰ ਤਾਂ ਉਸ ਨੂੰ ਸਮਾਜ ਵਿੱਚ ਰਹਿ ਕੇ ਸਮਾਜ ਸੇਵਾ ਕਰਨ ਦਿੱਤੀ ਜਾਵੇ। ਉਹ ਆਪਣੇ ਪਰਿਵਾਰ ਵਿੱਚ ਰਹਿ ਕੇ ਆਪਣੇ ਮਾਂ-ਬਾਪ ਦੀ ਸੇਵਾ ਕਰੇ, ਲੋਕਾਂ ਦੀ ਸੇਵਾ ਕਰੇ।

“ਪੰਜਾਬ ਪੁਲਿਸ ਦਾ ਗੈਂਗਸਟਰਾਂ ਨਾਲ ਕੀ ਹੈ ਰਿਸ਼ਤੇਦਾਰੀ ?”

ਬਲਕੌਰ ਸਿੰਘ ਨੇ ਕਿਹਾ ਕਿ ਇਸ ਗੱਲ ਤੋਂ ਸਰਕਾਰ ਦੀ ਦੋਗਲੀ ਨੀਤੀ ਸਾਹਮਣੇ ਆਉਂਦੀ ਹੈ ਕਿ ਕਿਸ ਤਰ੍ਹਾਂ ਇਹ ਸਿਰਫ ਵੋਟਾਂ ਲੈਣ ਲਈ ਜਨਤਾ ਨਾਲ ਇਸ ਤਰ੍ਹਾਂ ਵਿਵਹਾਰ ਕਰਦੇ ਹਨ। ਇਸ ਵਿੱਚ ਜਿੰਨਾ ਬੀਜੇਪੀ ਜ਼ਿੰਮੇਵਾਰ ਹੈ ਤਾਂ ਘੱਟ ਸਾਡੀ ਸੂਬਾ ਸਰਕਾਰ ਵੀ ਨਹੀਂ ਹੈ। ਇਹ ਦੋਵੇਂ ਹੀ ਗੈਂਗਸਟਰਾਂ ਪ੍ਰਤੀ ਨਰਮੀ ਦਿਖਾਉਂਦੇ ਆ ਰਹੇ ਹਨ।” ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਪੁਲਿਸ ਨੂੰ ਕਿਹਾ ਕਿ ਪੰਜਾਬ ਪੁਲਿਸ ਜਵਾਬ ਦੇਵੇ ਕਿ ਉਨ੍ਹਾਂ ਦੀ ਗੈਂਗਸਟਰਾਂ ਨਾਲ ਕੀ ਰਿਸ਼ਤੇਦਾਰੀ ਹੈ ?

“ਜੋ AK47 ਲੈ ਕੇ ਬੈਠਾ ਉਸ ‘ਤੇ ਫਿਲਮਾਂ ਬਣਾਈਆਂ ਜਾ ਰਹੀਆਂ ਹਨ”

ਇਸਦੇ ਨਾਲ ਹੀ ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਫਿਲਮਾਂ ਬਣਨੀਆਂ ਚਾਹੀਦਆਂ ਨੇ ਤਾਂ ਏ.ਪੀ.ਜੇ. ਅਬਦੁਲ ਕਲਾਮ ਵਰਗਿਆਂ ‘ਤੇ ਬਣਨ, ਕਲਪਨਾ ਚਾਵਲਾ ‘ਤੇ ਬਣਨ, ਸਾਡੇ ਕਿੰਨੇ ਹੀ ਓਲੰਪਿਕ ਖਿਡਾਰੀ ਹਨ ਜੋ ਮੈਡਲ ਲੈ ਕੇ ਆਉਂਦੇ ਹਨ, ਉਨ੍ਹਾਂ ਉੱਤੇ ਫਿਲਮਾਂ ਬਣਾਉਣ ਦੀ ਲੋੜ ਹੈ। ਆਖਿਰ ਗੁੰਡਿਆਂ ‘ਤੇ ਫਿਲਮਾਂ ਬਣਾਉਣ ਦਾ ਕੀ ਮਤਲਬ ਹੈ ? ਇਹ ਇੱਕ ਗੁੰਡਾ ਹੈ ਜੋ AK47 ਲੈ ਕੇ ਬੈਠਾ ਹੈ ਅਤੇ ਉਸ ‘ਤੇ ਫਿਲਮਾਂ ਬਣਾਈਆਂ ਜਾ ਰਹੀਆਂ ਹਨ।

“ਮੇਰੇ ਪੁੱਤ ਨੇ SYL ਗਾਣੇ ਵਿੱਚ ਕਿਹੜੀਆਂ ਤੋਪਾਂ ਚਲਾ ਦਿੱਤੀਆਂ ਸਨ, ਜੋ ਤੁਸੀਂ ਹੁਣ ਤੱਕ ਗਾਣਾ ਬੈਨ ਕੀਤਾ ਹੋਇਆ ਹੈ ? ਇੱਕ ਗੁੰਡੇ ਉੱਤੇ ਫਿਲਮਾਂ ਬਣਾ ਕੇ ਤੁਸੀਂ ਉਸ ਨੂੰ ਰਿਲੀਜ਼ ਕਰ ਰਹੇ ਹੋ।” –ਬਲਕੌਰ ਸਿੰਘ, ਸਿੱਧੂ ਮੂਸੇਵਾਲਾ ਦੇ ਪਿਤਾ

“ਸਰਕਾਰ ਨੂੰ ਅਜਿਹੀ ਰਾਜਨੀਤੀ ਕਰਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ”

ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਅਜਿਹੀ ਰਾਜਨੀਤੀ ਕਰਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ। ਇਹ ਲੋਕ ਉਸ ਸੰਵਿਧਾਨ ਦੀ ਉਲੰਘਣਾ ਕਰ ਰਹੇ ਹਨ, ਜਿਸ ‘ਤੇ 100 ਕਰੋੜ ਦੀ ਅਬਾਦ ਵਾਲੇ ਲੋਕ ਵਿਸ਼ਵਾਸ ਕਰਦੇ ਹਨ। ਇਸ ਸਮੇਂ ਪੰਜਾਬ ਵਿੱਚ 2 ਵੱਡੀਆਂ ਸਮੱਸਿਆਵਾਂ ਹਨ ਜਿਸ ਵਿੱਚ ਇੱਕ ਗੈਂਗਸਟਵਾਦ ਹੈ ਅਤੇ ਦੂਜਾ ਨਸ਼ਾ। ਇਹ ਦੋਵੇਂ ਹੀ ਇੱਕੋ ਸਿੱਕੇ ਦੇ 2 ਪਹਿਲੂ ਹਨ। ਇਹ ਸਾਰਾ ਕੁਝ ਸਰਕਾਰਾਂ ਹੀ ਕਰਵਾ ਰਹੀਆਂ ਹਨ, ਪੰਜਾਬ ਵਿੱਚ ਗੈਂਗਸਟਰਾਂ ਜ਼ਰੀਏ ਹੀ ਨਸ਼ੇ ਦੀ ਸਪਲਾਈ ਹੋ ਰਹੀ ਹੈ, ਜਿਸ ਨਾਲ ਸਾਡੇ ਪੰਜਾਬ ਦੇ ਬੱਚੇ ਮਰ ਰਹੇ ਹਨ।

Leave a Reply

Your email address will not be published. Required fields are marked *