Shadow

ਸਿਹਤ ਵਿਭਾਗ ਵੱਲੋਂ ਸਬਜ਼ੀ ਮੰਡੀ ਰੂਪਨਗਰ ਵਿਖੇ ਨਸ਼ਾ ਛੁਡਾਊ ਜਾਗਰੂਕਤਾ ਕੈਂਪ ਦਾ ਕੀਤਾ ਗਿਆ ਆਯੋਜਨ

ਰੂਪਨਗਰ, 13 ਜੂਨ: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਤੇ ਸਿਵਲ ਸਰਜਨ ਡਾ. ਰਮਨ ਕੁਮਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਉਰਮਿਲ ਗਰਗ ਦੀ ਯੋਗ ਅਗਵਾਈ ਹੇਠ ਅੱਜ ਸਬਜ਼ੀ ਮੰਡੀ ਵਿਖੇ ਨਸ਼ਾ ਛੁਡਾਊ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਾ ਸੀ।
ਇਸ ਕੈਂਪ ਦੌਰਾਨ ਓਟ ਕਲੀਨਿਕ ਕਾਉਂਸਲਰ ਜਸਜੀਤ ਕੌਰ ਅਤੇ ਡੀ ਅਡਿਕਸ਼ਨ ਸੈਂਟਰ ਕੌਂਸਲਰ ਪ੍ਰਭਜੋਤ ਕੌਰ ਵੱਲੋਂ ਲੋਕਾਂ ਨੂੰ ਨਸ਼ੇ ਦੇ ਸਿਹਤ, ਸਮਾਜਿਕ ਅਤੇ ਪਰਿਵਾਰਕ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਨਸ਼ਾ ਮਨੁੱਖ ਦੇ ਸਰੀਰ ਨੂੰ ਹੀ ਨਹੀਂ, ਸਗੋਂ ਉਸਦੇ ਪਰਿਵਾਰਕ ਸੰਬੰਧਾਂ ਅਤੇ ਸਮਾਜਿਕ ਜੀਵਨ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਮਾਹਿਰਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਸ਼ਾ ਛੱਡਣਾ ਅਸੰਭਵ ਨਹੀਂ ਹੈ, ਜੇਕਰ ਵਿਅਕਤੀ ਨੂੰ ਸਹੀ ਮਾਰਗਦਰਸ਼ਨ ਅਤੇ ਸਮੇਂ ਸਿਰ ਇਲਾਜ ਮਿਲੇ। ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਹਰ ਕਿਸਮ ਦੇ ਨਸ਼ੇ ਦਾ ਇਲਾਜ ਬਿਲਕੁਲ ਮੁਫ਼ਤ ਉਪਲਬਧ ਹੈ। ਇਸ ਕੈਂਪ ਵਿੱਚ ਲੋਕਾਂ ਨੂੰ ਓਟ ਕਲੀਨਿਕ ਅਤੇ ਨਸ਼ਾ ਛੁਡਾਊ ਕੇਂਦਰ ਦੀ ਕਾਰਜਪ੍ਰਣਾਲੀ, ਦਾਖਲੇ ਦੀ ਪ੍ਰਕਿਰਿਆ ਅਤੇ ਉਪਲਬਧ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ ਗਿਆ।
ਇਸ ਮੌਕੇ ‘ਤੇ ਮਾਨਸਿਕ ਸਿਹਤ ਬਾਰੇ ਵੀ ਜਾਗਰੂਕਤਾ ਫੈਲਾਈ ਗਈ। ਮਾਹਿਰਾਂ ਨੇ ਦੱਸਿਆ ਕਿ ਅਕਸਰ ਨਸ਼ਿਆਂ ਦੀ ਸ਼ੁਰੂਆਤ ਮਾਨਸਿਕ ਤਣਾਅ, ਚਿੰਤਾ ਅਤੇ ਹੋਰ ਮਾਨਸਿਕ ਸਮੱਸਿਆਵਾਂ ਕਾਰਨ ਹੁੰਦੀ ਹੈ, ਇਸ ਲਈ ਇਨ੍ਹਾਂ ਸਮੱਸਿਆਵਾਂ ਦਾ ਸਮੇਂ ਸਿਰ ਇਲਾਜ ਬਹੁਤ ਜ਼ਰੂਰੀ ਹੈ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਕੈਂਪ ਦਾ ਮੁੱਖ ਮਕਸਦ ਨਸ਼ਾ-ਮੁਕਤ ਸਮਾਜ ਦੀ ਸਥਾਪਨਾ ਕਰਨਾ ਅਤੇ ਲੋੜਵੰਦ ਲੋਕਾਂ ਨੂੰ ਬਿਨਾਂ ਕਿਸੇ ਝਿਜਕ ਦੇ ਇਲਾਜ ਲਈ ਅੱਗੇ ਆਉਣ ਲਈ ਪ੍ਰੇਰਿਤ ਕਰਨਾ ਸੀ। ਸਿਹਤ ਵਿਭਾਗ ਵੱਲੋਂ ਇਸ ਤਰ੍ਹਾਂ ਦੇ ਜਾਗਰੂਕਤਾ ਕੈਂਪ ਅੱਗੇ ਵੀ ਜਾਰੀ ਰੱਖੇ ਜਾਣਗੇ ਤਾਂ ਜੋ ਸਮਾਜ ਨੂੰ ਨਸ਼ਿਆਂ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ।

Leave a Reply

Your email address will not be published. Required fields are marked *