Thursday, November 12
Shadow

ਇੰਦਰਾ ਗਾਂਧੀ ਦੀ ਨੂੰਹ ਤੋਂ ਕਾਂਗਰਸ ਦੀ ਵੱਡੀ ਆਗੂ ਬਣਨ ਤੱਕ ਦਾ ਸਫ਼ਰ, ਸੋਨੀਆ ਗਾਂਧੀ ‘ਤੇ ਬਣੇਗੀ ਤੇਲਗੂ ਫਿਲਮ?

ਹੈਦਰਾਬਾਦ: ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਸਿਆਸੀ ਸਫ਼ਰ ਨੂੰ ਹੁਣ ਵੱਡੇ ਪਰਦੇ ‘ਤੇ ਦਿਖਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੋਨੀਆ ਗਾਂਧੀ ਦੀ ਆਤਮਕਥਾ ‘Belonging: A Journey of Love’ ‘ਤੇ ਆਧਾਰਿਤ ਇੱਕ ਤੇਲਗੂ ਫ਼ੀਚਰ ਫਿਲਮ ਬਣਾਉਣ ਦਾ ਪ੍ਰਸਤਾਵ ਸਾਹਮਣੇ ਆਇਆ ਹੈ। ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਿੰਗ ਪ੍ਰਧਾਨ ਜੱਗਾ ਰੈੱਡੀ ਨੇ ਵੀਰਵਾਰ ਨੂੰ ਸੰਗਾਰੈੱਡੀ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਦੌਰਾਨ ਇਸ ਪ੍ਰੋਜੈਕਟ ਦਾ ਐਲਾਨ ਕੀਤਾ।

ਇਸ ਫਿਲਮ ਰਾਹੀਂ ਸੋਨੀਆ ਗਾਂਧੀ ਦੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਭਾਰਤੀ ਰਾਜਨੀਤੀ ਵਿੱਚ ਉਨ੍ਹਾਂ ਦੇ ਉਭਾਰ ਤੱਕ ਦੇ ਸਫ਼ਰ ਨੂੰ ਦਿਖਾਉਣ ਦੀ ਯੋਜਨਾ ਹੈ। ਜੱਗਾ ਰੈੱਡੀ ਨੇ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਪਾਰਟੀ ਵਰਕਰਾਂ ਅਤੇ ਆਗੂਆਂ ਤੋਂ ਵਿੱਤੀ ਸਹਾਇਤਾ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਫਿਲਮ ਦੇ ਨਿਰਮਾਣ ਨਾਲ ਜੁੜੀਆਂ ਮੁੱਢਲੀਆਂ ਤਿਆਰੀਆਂ ਦੀ ਦੇਖਰੇਖ ਲਈ 50 ਮੈਂਬਰੀ ਕਮੇਟੀ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।

ਫਿਲਮ ਦੇ ਨਿਰਮਾਣ ਲਈ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਆਪਣੇ ਪੱਧਰ ‘ਤੇ ਫੰਡ ਇਕੱਠਾ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਦੌਰਾਨ ਸੰਗਾਰੈੱਡੀ ਵਿਧਾਨ ਸਭਾ ਹਲਕੇ ਦੇ ਕਾਂਗਰਸ ਕਨਵੀਨਰ ਨੇ ਪ੍ਰੋਜੈਕਟ ਲਈ 2 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਜੱਗਾ ਰੈੱਡੀ ਨੇ ਕਿਹਾ ਕਿ ਫਿਲਮ ਲਈ ਢੁੱਕਵਾਂ ਬਜਟ ਤਿਆਰ ਕਰਨ ਦੇ ਨਾਲ-ਨਾਲ ਇੱਕ ਚੰਗੇ ਨਿਰਦੇਸ਼ਕ ਦੀ ਚੋਣ ਵੀ ਕੀਤੀ ਜਾਵੇਗੀ।

ਉਨ੍ਹਾਂ ਮੁਤਾਬਕ ਲੋੜੀਂਦੀਆਂ ਤਿਆਰੀਆਂ ਪੂਰੀਆਂ ਹੋਣ ਤੋਂ ਬਾਅਦ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਅਤੇ ਟੀਪੀਸੀਸੀ ਪ੍ਰਧਾਨ ਮਹੇਸ਼ ਕੁਮਾਰ ਗੌੜ ਨੂੰ ਫਿਲਮ ਦੀ ਸ਼ੂਟਿੰਗ ਦੀ ਰਸਮੀ ਸ਼ੁਰੂਆਤ ਲਈ ਸੱਦਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੋਨੀਆ ਗਾਂਧੀ ਦੀ ਆਤਮਕਥਾ ਦੀਆਂ ਕਾਪੀਆਂ ਮੰਗਵਾ ਕੇ ਕਾਂਗਰਸੀ ਵਰਕਰਾਂ ਵਿੱਚ ਵੰਡਣ ਦੀ ਵੀ ਯੋਜਨਾ ਹੈ, ਤਾਂ ਜੋ ਉਹ ਉਨ੍ਹਾਂ ਦੇ ਜੀਵਨ ਅਤੇ ਸਿਆਸੀ ਸਫ਼ਰ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਣ।

ਇੰਦਰਾ ਗਾਂਧੀ ਦੀ ਨੂੰਹ ਤੋਂ ਸਿਆਸੀ ਆਗੂ ਬਣਨ ਤੱਕ ਦੀ ਕਹਾਣੀ

ਪ੍ਰਸਤਾਵਿਤ ਫਿਲਮ ਵਿੱਚ ਸੋਨੀਆ ਗਾਂਧੀ ਦੇ ਜੀਵਨ ਦੇ ਕਈ ਅਹਿਮ ਪੜਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਵਿੱਚ ਇਟਲੀ ਤੋਂ ਭਾਰਤ ਆਉਣ, ਗਾਂਧੀ ਪਰਿਵਾਰ ਨਾਲ ਜੁੜਨ, ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਨੂੰਹ ਅਤੇ ਰਾਜੀਵ ਗਾਂਧੀ ਦੀ ਪਤਨੀ ਬਣਨ ਤੋਂ ਲੈ ਕੇ ਕਾਂਗਰਸ ਦੀ ਪ੍ਰਮੁੱਖ ਆਗੂ ਵਜੋਂ ਉਨ੍ਹਾਂ ਦੀ ਪਛਾਣ ਬਣਨ ਤੱਕ ਦੀ ਕਹਾਣੀ ਦਿਖਾਈ ਜਾ ਸਕਦੀ ਹੈ।

ਇਸ ਤੋਂ ਇਲਾਵਾ ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸੋਨੀਆ ਗਾਂਧੀ ਦੇ ਜੀਵਨ ਵਿੱਚ ਆਏ ਮੁਸ਼ਕਲ ਦੌਰ ਨੂੰ ਵੀ ਫਿਲਮ ਦਾ ਹਿੱਸਾ ਬਣਾਉਣ ਦੀ ਉਮੀਦ ਹੈ। ਇਸ ਵਿੱਚ ਆਪਣੇ ਬੱਚਿਆਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਪਰਵਰਿਸ਼ ਦੇ ਨਾਲ-ਨਾਲ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਦੀ ਕਹਾਣੀ ਵੀ ਦਿਖਾਈ ਜਾ ਸਕਦੀ ਹੈ।

ਕਿਉਂ ਠੁਕਰਾਇਆ ਸੀ ਪ੍ਰਧਾਨ ਮੰਤਰੀ ਦਾ ਅਹੁਦਾ?

ਸੋਨੀਆ ਗਾਂਧੀ ਦੇ ਸਿਆਸੀ ਜੀਵਨ ਦਾ ਸਭ ਤੋਂ ਚਰਚਿਤ ਪਹਿਲੂ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਦਾ ਅਹੁਦਾ ਸਵੀਕਾਰ ਨਾ ਕਰਨਾ ਰਿਹਾ ਹੈ। ਜੱਗਾ ਰੈੱਡੀ ਨੇ ਆਪਣੇ ਭਾਸ਼ਣ ਵਿੱਚ ਇਸ ਫ਼ੈਸਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਮੁਤਾਬਕ, ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਜਦੋਂ ਪੀਵੀ ਨਰਸਿਮ੍ਹਾ ਰਾਓ ਪ੍ਰਧਾਨ ਮੰਤਰੀ ਬਣੇ ਤਾਂ ਸੋਨੀਆ ਗਾਂਧੀ ਨੇ ਖ਼ੁਦ ਇਸ ਅਹੁਦੇ ਦੀ ਮੰਗ ਨਹੀਂ ਕੀਤੀ ਸੀ।

ਇਸ ਤੋਂ ਬਾਅਦ 2004 ਵਿੱਚ ਯੂਪੀਏ ਸਰਕਾਰ ਬਣਨ ਸਮੇਂ ਵੀ ਕਾਂਗਰਸ ਦੇ ਕਈ ਆਗੂ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਸਨ, ਪਰ ਉਨ੍ਹਾਂ ਨੇ ਇਹ ਅਹੁਦਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਸਮਰਥਨ ਕੀਤਾ।

ਜੱਗਾ ਰੈੱਡੀ ਨੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਦੇ ਨਿਰਮਾਣ ਵਿੱਚ ਵੀ ਸੋਨੀਆ ਗਾਂਧੀ, ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਦੀ ਅਹਿਮ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੇ ਵੱਖ-ਵੱਖ ਧਰਮਾਂ, ਜਾਤਾਂ ਅਤੇ ਭਾਸ਼ਾਵਾਂ ਵਾਲੇ ਦੇਸ਼ ਵਿੱਚ ਆਪਣੀ ਵੱਖਰੀ ਸਿਆਸੀ ਪਛਾਣ ਬਣਾਈ ਹੈ।

ਹੁਣ ਦੇਖਣਾ ਹੋਵੇਗਾ ਕਿ ਸੋਨੀਆ ਗਾਂਧੀ ਦੀ ਜ਼ਿੰਦਗੀ ‘ਤੇ ਬਣਨ ਵਾਲੀ ਇਸ ਤੇਲਗੂ ਫਿਲਮ ਨੂੰ ਕਦੋਂ ਸ਼ੁਰੂ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਕਿਹੜੇ ਕਲਾਕਾਰ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।

Leave a Reply

Your email address will not be published. Required fields are marked *