Wednesday, August 26
Shadow

ਫੂਡ ਇੰਸਪੈਕਟਰ ਲੈਪਟਾਪਾਂ ਨਾਲ ਹੋਣਗੇ ਹਾਈਟੈੱਕ; ਲਾਲ ਚੰਦ ਕਟਾਰੂਚੱਕ ਨੇ ਡਿਜੀਟਲ ਪਹਿਲਕਦਮੀ ਲਈ ਦਿੱਤੀ ਮਨਜ਼ੂਰੀ

ਚੰਡੀਗੜ੍ਹ, 25 ਅਗਸਤ: ਤਕਨਾਲੋਜੀ ਦੇ ਨਵੇਂ ਯੁੱਗ ਨਾਲ ਕਦਮ ਮਿਲਾ ਕੇ ਚੱਲਣ ਦੀ ਦਿਸ਼ਾ ਵਿੱਚ ਇੱਕ ਮਿਸਾਲੀ ਕਦਮ ਚੁੱਕਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਇੰਸਪੈਕਟਰ ਕਾਡਰ ਦੇ ਅਧਿਕਾਰੀਆਂ ਲਈ ਲੈਪਟਾਪਾਂ ਦੀ ਖਰੀਦ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਵਿਭਾਗ ਦੀ ਇੰਸਪੈਕਟਰ ਯੂਨੀਅਨ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਇਸ ਕਦਮ ਨੂੰ ਇੱਕ ਇਤਿਹਾਸਿਕ ਫ਼ੈਸਲਾ ਕਰਾਰ ਦਿੱਤਾ, ਜਿਸ ਨਾਲ ਇੰਸਪੈਕਟਰ ਹੁਣ ਵਧੇਰੇ ਸਟੀਕਤਾ ਅਤੇ ਪਾਰਦਰਸ਼ਿਤਾ ਨਾਲ ਆਪਣੀ ਡਿਊਟੀ ਨਿਭਾਉਣ ਦੇ ਯੋਗ ਬਣ ਜਾਣਗੇ, ਕਿਉਂਜੋ ਉਹ ਜ਼ਮੀਨੀ ਪੱਧਰ ‘ਤੇ ਵਿਭਾਗ ਦੇ ਅਸਲ ਸਿਪਾਹੀ ਹਨ। ਮੰਤਰੀ ਨੇ ਅੱਗੇ ਕਿਹਾ ਕਿ ਇਹ ਫ਼ੈਸਲਾ ਇਸ ਲਈ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਇੰਸਪੈਕਟਰ ਹੇਠਲੇ ਪੱਧਰ ‘ਤੇ ਖਰੀਦ ਪ੍ਰਕਿਰਿਆ ਨਾਲ ਜੁੜੇ ਕਿਸਾਨਾਂ, ਆੜ੍ਹਤੀਆਂ ਅਤੇ ਹੋਰ ਭਾਈਵਾਲਾਂ ਨਾਲ ਸਿੱਧਾ ਰਾਬਤਾ ਕਾਇਮ ਕਰਦੇ ਹਨ। ਮੰਤਰੀ ਨੇ ਇੰਸਪੈਕਟਰਾਂ ਲਈ ਸਫਰੀ ਭੱਤਾ (ਕਨਵੇਐਂਸ ਅਲਾਊਂਸ) ਨੂੰ ਵੀ ਮਨਜ਼ੂਰੀ ਦਿੱਤੀ ਤਾਂ ਜੋ ਉਨ੍ਹਾਂ ਨੂੰ ਮੰਡੀਆਂ ਦਾ ਦੌਰਾ ਕਰਨ ਅਤੇ ਖਾਸ ਤੌਰ ‘ਤੇ ਖਰੀਦ ਕਾਰਜਾਂ ਦੌਰਾਨ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਵਿੱਚ ਕੋਈ ਦਿੱਕਤ ਨਾ ਆਵੇ। ਵਿਭਾਗ ਦੇ ਦਫ਼ਤਰਾਂ ਦੇ ਸੁਚਾਰੂ ਅਤੇ ਸੁਚੱਜੇ ਕੰਮਕਾਜ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਮਜ਼ਬੂਤ ਬੁਨਿਆਦੀ ਢਾਂਚੇ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਸ੍ਰੀ ਕਟਾਰੂਚੱਕ ਨੇ ਇਨਫਰਾਸਟ੍ਰਕਚਰ ਅਲਾਊਂਸ ਨੂੰ ਵੀ ਪ੍ਰਵਾਨਗੀ ਦਿੱਤੀ, ਜਿਸ ਨਾਲ ਇੰਸਪੈਕਟਰ ਆਪਣੇ ਦਫ਼ਤਰਾਂ ਵਿੱਚ ਵਧੀਆ ਮਿਆਰ ਦਾ ਫ਼ਰਨੀਚਰ ਯਕੀਨੀ ਬਣਾ ਸਕਣਗੇ ਅਤੇ ਦਫ਼ਤਰੀ ਮਾਹੌਲ ਹੋਰ ਬਿਹਤਰ ਬਣ ਸਕੇਗਾ। ਮੰਤਰੀ ਨੇ ਇੰਸਪੈਕਟਰਾਂ ਨੂੰ ਸਮਾਜ ਦੇ ਗਰੀਬ ਵਰਗਾਂ ਲਈ ਆਉਂਦਾ ਅਨਾਜ ਉਨ੍ਹਾਂ ਤੱਕ ਹਰ ਹਾਲਤ ਵਿੱਚ ਪਹੁੰਚਣਾ ਯਕੀਨੀ ਬਣਾਉਣ ਲਈ ਵੀ ਪ੍ਰੇਰਿਆ। ਸ੍ਰੀ ਕਟਾਰੂਚੱਕ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਪਨਗਰੇਨ ਦੇ ਵਧੀਕ ਪ੍ਰਬੰਧ ਨਿਰਦੇਸ਼ਕ ਕਮਲ ਕੁਮਾਰ ਗਰਗ, ਵਧੀਕ ਨਿਰਦੇਸ਼ਕ ਡਾ. ਅੰਜੁਮਨ ਭਾਸਕਰ ਅਤੇ ਅਜੈਵੀਰ ਸਿੰਘ ਸਰਾਓ ਮੌਜੂਦ ਸਨ।

Leave a Reply

Your email address will not be published. Required fields are marked *