Shadow

ਸਿਵਲ ਸਰਜਨ ਨੇ ਵਿਸ਼ਵ ਖੂਨਦਾਨ ਦਿਵਸ ਮੌਕੇ ਸਵੈਇੱਛਿਕ ਖੂਨਦਾਨ ਕਰਨ ਲਈ ਸੁਨੇਹਾ ਦਿੱਤਾ

ਰੂਪਨਗਰ, 15 ਜੂਨ: ਵਿਸ਼ਵ ਖੂਨਦਾਨ ਦਿਵਸ ਦੇ ਮੌਕੇ ‘ਤੇ ਸਿਵਲ ਸਰਜਨ ਰੂਪਨਗਰ ਡਾ. ਰਮਨ ਗੁਪਤਾ ਅਤੇ ਸਹਾਇਕ ਸਿਵਲ ਸਰਜਨ ਡਾ. ਬੌਬੀ ਗੁਲਾਟੀ ਵੱਲੋਂ ਗੁਬਾਰੇ ਛੱਡ ਕੇ ਲੋਕਾਂ ਨੂੰ ਸਵੈਇੱਛਿਕ ਖੂਨਦਾਨ ਕਰਨ ਲਈ ਸੁਨੇਹਾ ਦਿੱਤਾ ਗਿਆ। ਇਸ ਮੌਕੇ ਲੋਕਾਂ ਨੂੰ ਖੂਨਦਾਨ ਦੇ ਮਹੱਤਵ ਅਤੇ ਇਸ ਨਾਲ ਹੋਣ ਵਾਲੇ ਲਾਭਾਂ ਬਾਰੇ ਵੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਡਾ. ਰਮਨ ਗੁਪਤਾ ਨੇ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਅਤੇ ਇੱਕ ਯੂਨਿਟ ਖੂਨ ਕਈ ਕੀਮਤੀ ਜ਼ਿੰਦਗੀਆਂ ਬਚਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਨਿਯਮਿਤ ਤੌਰ ‘ਤੇ ਸਵੈਇੱਛਿਕ ਖੂਨਦਾਨ ਕਰਨ ਲਈ ਅਪੀਲ ਕੀਤੀ।
ਡਾ. ਗੁਪਤਾ ਨੇ ਦੱਸਿਆ ਕਿ ਖੂਨਦਾਨ ਦਿਲ ਦੀ ਸਿਹਤ ਲਈ ਲਾਭਦਾਇਕ ਹੈ ਅਤੇ ਇਸ ਨਾਲ ਸਰੀਰ ਵਿੱਚ ਨਵੇਂ ਖੂਨ ਦੇ ਸੈੱਲ ਬਣਦੇ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਜਿਗਰ ਦੀ ਸੁਰੱਖਿਆ ਕਰਨ, ਕੈਲੋਰੀ ਬਰਨ ਕਰਨ ਵਿੱਚ ਮਦਦ ਕਰਨ, ਮੁਫ਼ਤ ਸਿਹਤ ਜਾਂਚ ਦਾ ਮੌਕਾ ਪ੍ਰਦਾਨ ਕਰਨ ਅਤੇ ਮਾਨਸਿਕ ਖੁਸ਼ੀ ਤੇ ਸੰਤੁਸ਼ਟੀ ਪ੍ਰਾਪਤ ਕਰਨ ਵਿੱਚ ਵੀ ਸਹਾਇਕ ਹੈ।
ਉਨ੍ਹਾਂ ਦੱਸਿਆ ਕਿ ਖੂਨਦਾਨ ਕਰਨ ਵਾਲੇ ਵਿਅਕਤੀ ਦੀ ਉਮਰ 18 ਤੋਂ 65 ਸਾਲ ਹੋਣੀ ਚਾਹੀਦੀ ਹੈ ਅਤੇ ਵਜ਼ਨ ਘੱਟੋ-ਘੱਟ 45 ਤੋਂ 50 ਕਿਲੋਗ੍ਰਾਮ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਵਾਲੇ ਵਿਅਕਤੀ ਦਾ ਹੀਮੋਗਲੋਬਿਨ ਸਧਾਰਣ ਮਾਤਰਾ ਵਿੱਚ ਹੋਣਾ ਚਾਹੀਦਾ ਹੈ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੋਵੇ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਖੂਨਦਾਨ ਨਾ ਕੀਤਾ ਹੋਵੇ।
ਡਾ. ਬੌਬੀ ਗੁਲਾਟੀ ਨੇ ਕਿਹਾ ਕਿ ਖੂਨ ਦੀ ਲੋੜ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਨੂੰ ਪੈ ਸਕਦੀ ਹੈ, ਇਸ ਲਈ ਸਿਹਤਮੰਦ ਵਿਅਕਤੀਆਂ ਨੂੰ ਅੱਗੇ ਆ ਕੇ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਨਾਲ ਨਾ ਸਿਰਫ਼ ਦੂਜਿਆਂ ਦੀ ਜ਼ਿੰਦਗੀ ਬਚਦੀ ਹੈ, ਸਗੋਂ ਦਾਨੀ ਦੀ ਸਿਹਤ ‘ਤੇ ਵੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ।
ਇਸ ਮੌਕੇ ਡਾ. ਹਰਲੀਨ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫਸਰ ਗੁਰਮੀਤ ਕੌਰ, ਰਵਿੰਦਰ ਸਿੰਘ ਅਤੇ ਹੋਰ ਸਟਾਫ ਹਾਜਰ ਸਨ।

Leave a Reply

Your email address will not be published. Required fields are marked *