ਚੰਡੀਗੜ੍ਹ ਗ੍ਰੇਨੇਡ ਹਮਲਾ: ਪੰਜਾਬ ਪੁਲਿਸ ਵੱਲੋਂ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪਰੇਸ਼ਨ ‘ਚ ਮੁੱਖ ਦੋਸ਼ੀ ਗ੍ਰਿਫਤਾਰ; ਗਲਾਕ ਪਿਸਤੌਲ ਬਰਾਮਦ
ਚੰਡੀਗੜ੍ਹ, 13 ਸਤੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖਿੱਤੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਚੰਡੀਗੜ੍ਹ ਗ੍ਰੇਨੇਡ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਦੀ ਗ੍ਰਿਫ਼ਤਾਰੀ ਨਾਲ ਇਸ ਕੇਸ ਨੂੰ ਸਫ਼ਲਤਾ-ਪੂਰਵਕ ਸੁਲਝਾ ਲਿਆ ਹੈ। ਦੱਸਣਯੋਗ ਹੈ ਕਿ ਧਮਾਕੇ ਦੀ ਇਸ ਘਟਨਾ ਨੂੰ ਆਈ.ਐਸ.ਆਈ. ਦੀ ਹਮਾਇਤ ਪ੍ਰਾਪਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਨਾਲ ਸਬੰਧਤ ਪਾਕਿਸਤਾਨ ਅਧਾਰਤ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਅਮਰੀਕਾ ਅਧਾਰਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਦੇ ਇਸ਼ਾਰੇ ‘ਤੇ ਅੰਜ਼ਾਮ ਦਿੱਤਾ ਗਿਆ ਸੀ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਪਾਸੀਆ ਦੇ ਰਹਿਣ ਵਾਲੇ ਰੋਹਨ ਮਸੀਹ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਮੁਲਜ਼ਮ ਦੇ ਕਬਜ਼ੇ 'ਚੋਂ ਅਤਿ-ਆਧੁਨਿਕ 9 ਐਮ.ਐਮ. ਗਲਾਕ ਪਿਸਤੌਲ ਅਤੇ ਗੋਲੀ-ਸਿੱਕਾ ਵੀ ਬਰਾਮਦ ਕੀਤਾ...








