Shadow

‘ਧੁਰੰਦਰ 2’ ਤੋਂ ਬਾਅਦ ਦਿੱਲੀ ਸ਼ੋਅ ‘ਚ ਧਮਾਲ ਮਚਾਉਣ ਲਈ ਤਿਆਰ ਇਹ ਅਦਾਕਾਰ, ਜਾਣੋ ਕਦੋਂ ਸ਼ੁਰੂ ਹੋਵੇਗਾ ਇਹ ਪਲੇ?

ਚੰਡੀਗੜ੍ਹ: ਹਾਲ ਹੀ ਵਿੱਚ ਸਾਹਮਣੇ ਆਈਆਂ ਹਿੰਦੀ ਫਿਲਮਾਂ ‘ਧੁਰੰਦਰ’ ਅਤੇ ‘ਧੁਰੰਦਰ 2’ ਨਾਲ ਇੰਨੀ-ਦਿਨੀਂ ਚਰਚਾ ਦਾ ਕੇਂਦਰ-ਬਿੰਦੂ ਬਣੇ ਰਾਕੇਸ਼ ਬੇਦੀ ਹੁਣ ਦਿੱਲੀ ਵਿੱਚ ਅਗਲੇ ਮਹੀਨੇ ਹੋਣ ਜਾ ਰਹੇ ਆਪਣੇ ਇੱਕ ਵਿਸ਼ੇਸ਼ ਸ਼ੋਅ ‘ਬੀਵੀ ਓ ਬੀਵੀ’ ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਦੀ ਤਿਆਰੀ ਉਨ੍ਹਾਂ ਦੀ ਟੀਮ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।

ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਮੁੰਬਈ ਦੀ ਰਹਿਨੁਮਾਈ ਹੇਠ ਵੱਡੇ ਪੱਧਰ ‘ਤੇ ਮੰਚਨ ਹੋਣ ਜਾ ਰਹੇ ਇਸ ਪਲੇ ਦਾ ਲੇਖਣ ਅਤੇ ਨਿਰਦੇਸ਼ਨ ਰਾਕੇਸ਼ ਬੇਦੀ ਖੁਦ ਕਰਨਗੇ, ਜੋ ਪਹਿਲੀ ਵਾਰ ਦੇਸ਼ ਦੀ ਰਾਜਧਾਨੀ ਵਿੱਚ ਆਪਣੇ ਇਸ ਖਾਸ ਸ਼ੋਅ ਦੀ ਪੇਸ਼ਕਾਰੀ ਕਰਨ ਜਾ ਰਹੇ ਹਨ। 23 ਅਤੇ 24 ਮਈ ਨੂੰ ਦੋ ਰੋਜਾ ਲੜੀ ਅਧੀਨ ਐਨ.ਸੀ.ਯੂ.ਆਈ ਆਡੀਟੋਰੀਅਮ ਸਿਰੀ ਫੋਰਟ ਵਿਖੇ ਅਯੋਜਿਤ ਕੀਤੀ ਜਾ ਰਹੀ ਇਹ ਨਾਟ ਲੜੀ ਨੂੰ ਚਾਰ ਚੰਨ ਲਾਉਣ ਵਿੱਚ ਪੰਜਾਬ ਮੂਲ ਦੇ ਪੰਜਾਬੀ ਅਤੇ ਹਿੰਦੀ ਅਦਾਕਾਰ ਅਵਤਾਰ ਗਿੱਲ ਵੀ ਅਹਿਮ ਭੂਮਿਕਾ ਨਿਭਾਉਣਗੇ।

ਇਨ੍ਹਾਂ ਤੋਂ ਇਲਾਵਾ, ਇਸ ਪਲੇ ਦੇ ਸਹਿਯੋਗੀ ਕਲਾਕਾਰਾਂ ਵਿੱਚ ਸੁਧਾ ਚੰਦਰਨ, ਸੁਲਭਾ ਆਰੀਆ, ਰਸ਼ਮੀ ਸ਼ਰਮਾ, ਮੰਜੂ ਸ਼ਰਮਾ, ਰਿਧਿਮਾ ਬੇਦੀ, ਰਾਜਨ ਕਪੂਰ, ਸ਼ਰਮੀਲੀ, ਨੀਰਜ ਪਾਂਡੇ, ਅੰਕਿਤਾ ਪਾਂਡੇ, ਪ੍ਰਸ਼ਾਂਤ ਪਡਾਲੇ ਆਦਿ ਵੀ ਸ਼ਾਮਲ ਹਨ। ਥੀਏਟਰ ਦੇ ਨਾਲ-ਨਾਲ ਫ਼ਿਲਮੀ ਗਲਿਆਰਿਆਂ ਵਿੱਚ ਵੀ ਖਿੱਚ ਦਾ ਕੇਂਦਰ ਬਣਿਆ ਇਹ ਹਾਸਰਸ ਭਰਪੂਰ ਨਾਟਕ ਮਰਦ ਸ਼ਾਵਨਵਾਦ ਅਤੇ ਆਧੁਨਿਕ ਰਿਸ਼ਤਿਆਂ ਦੇ ਵਿਸ਼ਿਆਂ ‘ਤੇ ਕੇਂਦ੍ਰਿਤ ਹੈ, ਜਿਸ ਨੂੰ ਆਈ.ਪੀ.ਟੀ.ਏ ਮੁੰਬਈ ਅਤੇ ਫੈਲੀਸਿਟੀ ਥੀਏਟਰ ਵੱਲੋਂ ਸ਼ਾਨਦਾਰ ਵਜ਼ੂਦ ਦਿੱਤਾ ਜਾ ਰਿਹਾ ਹੈ।

ਆਪਣੇ ਇਸ ਨਵੇਂ ਨਾਟਕ ਨੂੰ ਮਿਲ ਰਹੇ ਪ੍ਰੀ-ਮੰਚਨ ਹੁੰਗਾਰੇ ਨੂੰ ਲੈ ਕੇ ਅਦਾਕਾਰ ਅਤੇ ਨਿਰਦੇਸ਼ਕ ਰਾਕੇਸ਼ ਬੇਦੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਠੰਢੇ ਰਹੇ ਕਰਿਅਰ ਨੂੰ ਤੇਜ਼ ਰਫਤਾਰ ਦੇਣ ਵਿੱਚ ‘ਧੁਰੰਦਰ’ ਸੀਰੀਜ਼ ਦੀਆਂ ਫਿਲਮਾਂ ਨੇ ਅਹਿਮ ਯੋਗਦਾਨ ਪਾਇਆ ਹੈ। ਇਸ ਫਿਲਮ ਦੀ ਸ਼ਾਨਦਾਰ ਕਾਮਯਾਬੀ ਇਸ ਮੰਝੇ ਹੋਏ ਅਦਾਕਾਰ ਲਈ ਇੱਕ ਅਹਿਮ ਟਰਨਿੰਗ ਪੁਆਇੰਟ ਸਾਬਿਤ ਹੋਈ ਹੈ।

Leave a Reply

Your email address will not be published. Required fields are marked *