Shadow

‘ਅਮਰ ਸਿੰਘ ਚਮਕੀਲਾ’ ਤੋਂ ਬਾਅਦ ਮੁੜ ਦਿਲਜੀਤ ਦੁਸਾਂਝ ਦੀ ਫ਼ਿਲਮ ਲਈ ਇਕੱਠੇ ਹੋਏ ਬਾਲੀਵੁੱਡ ਦੇ ਇਹ 2 ਮਸ਼ਹੂਰ ਚਿਹਰੇ

ਫਰੀਦਕੋਟ: ਸਾਲ 2024 ਵਿੱਚ ਸਾਹਮਣੇ ਆਈ ਨੈੱਟਫਲਿਕਸ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੇ ਕਾਫ਼ੀ ਸਫ਼ਲਤਾ ਹਾਸਿਲ ਕੀਤੀ ਸੀ। ਇਸ ਫਿਲਮ ਦੇ ਗੀਤ ਅਤੇ ਸੰਗ਼ੀਤ ਪੱਖਾਂ ਨੂੰ ਚਾਰ ਚੰਨ ਲਾਉਣ ਵਿੱਚ ਬਾਲੀਵੁੱਡ ਦੀਆਂ ਦੋ ਦਿੱਗਜ ਸ਼ਖਸ਼ੀਅਤਾਂ ਏ.ਆਰ ਰਹਿਮਾਨ ਅਤੇ ਇਰਸ਼ਾਦ ਕਾਮਿਲ ਵੱਲੋ ਅਹਿਮ ਭੂਮਿਕਾ ਨਿਭਾਈ ਗਈ ਸੀ। ਇਹ ਦੋਨੋਂ ਹੁਣ ਇੱਕ ਵਾਰ ਫਿਰ ਦਿਲਜੀਤ ਦੁਸਾਂਝ ਅਤੇ ਇਮਤਿਆਜ਼ ਅਲੀ ਦੀ ਨਵੀਂ ਫ਼ਿਲਮ ‘ਮੈਂ ਵਾਪਸ ਆਉਂਗਾ’ ਦਾ ਅਹਿਮ ਹਿੱਸਾ ਬਣ ਗਏ ਹਨ। ਇਨ੍ਹਾਂ ਦੋਨਾਂ ਦੀ ਸੰਗ਼ੀਤਕ ਸਿਰਜਣਾ ਦਾ ਅਹਿਸਾਸ ਕਰਵਾਉਂਦੀ ਇਹ ਫ਼ਿਲਮ ਜਲਦ ਵਿਸ਼ਵ-ਭਰ ਦੇ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

‘ਐਪਲਾਜ਼ ਐਂਟਰਟੇਨਮੈਂਟ ਅਤੇ ਵਿੰਡੋ ਸੀਟ ਫਿਲਮਜ਼’ ਦੁਆਰਾ ਨਿਰਮਿਤ ਇਸ ਫ਼ਿਲਮ ਦਾ ਸੰਗ਼ੀਤ ਖਾਸ ਆਕਰਸ਼ਨ ਹੋਵੇਗਾ, ਜਿਸ ਨੂੰ ਸੰਗ਼ੀਤਕ ਕੰਪਨੀ ‘ਟਿਪਸ’ ਵੱਲੋਂ ਅਧਿਕਾਰਿਤ ਅਤੇ ਵੱਡੇ ਪੱਧਰ ‘ਤੇ ਜਾਰੀ ਕੀਤਾ ਜਾ ਰਿਹਾ ਹੈ। ਨਿਰਮਾਤਾ ਸਮੀਰ ਨਾਇਰ, ਦੀਪਕ ਸਹਿਗਲ ਵੱਲੋਂ ਵਜ਼ੂਦ ਵਿੱਚ ਲਿਆਂਦੀ ਗਈ ਇਸ ਫਿਲਮ ਲਈ ਨਿਰਦੇਸ਼ਕ ਇਮਤਿਆਜ਼ ਅਲੀ, ਅਦਾਕਾਰ ਦਿਲਜੀਤ ਦੁਸਾਂਝ, ਗੀਤਕਾਰ ਇਰਸ਼ਾਦ ਕਾਮਿਲ ਅਤੇ ਸੰਗ਼ੀਤਕਾਰ ਏ.ਆਰ ਰਹਿਮਾਨ ਦੂਜੀ ਵਾਰ ਮੁੜ ਇਕੱਠੇ ਹੋਏ ਹਨ। ਇਨ੍ਹਾਂ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ, ਚਮਕੀਲਾ ਵਾਂਗ ਇਸ ਫ਼ਿਲਮ ਦੇ ਗਾਣੇ ਵੀ ਬੇਹੱਦ ਖੂਬਸੂਰਤ ਬਣਾਏ ਗਏ ਹਨ, ਜੋ ਹਰ ਵਰਗ ਦੇ ਦਰਸ਼ਕਾਂ ਨੂੰ ਪਸੰਦ ਆਉਂਣਗੇ।

ਜਿਕਰਯੋਗ ਹੈ ਕਿ ਏ.ਆਰ ਰਹਿਮਾਨ ਅਤੇ ਇਰਸ਼ਾਦ ਕਾਮਿਲ ਵੱਲੋਂ ਇਸ ਤੋਂ ਪਹਿਲਾਂ ‘ਚਮਕੀਲਾ’ ਲਈ ਤਿਆਰ ਕੀਤੇ ਗਾਣੇ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤੇ ਗਏ ਸੀ। ਇਨ੍ਹਾਂ ਵਿੱਚ ‘ਸਿਖਰ ਦੁਪਿਹਰੇ’, ‘ਮੇਰਾ ਜੀ ਕਰਦਾ’, ‘ਬਾਪੂ ਸਾਡਾ ਗੁੰਮ ਹੋ ਗਿਆ’ ਅਤੇ ‘ਪਟ ਦੂ ਚੁਗਾਠ’ ਆਦਿ ਸ਼ਾਮਲ ਰਹੇ ਹਨ। ਪੰਜਾਬ ਦੇ ਬੈਕਡ੍ਰਾਪ ਅਧਾਰਿਤ ਇਸ ਇਮੋਸ਼ਨਲ ਫ਼ਿਲਮ ਦਾ ਜਿਆਦਾਤਰ ਹਿੱਸਾ ਅੰਮ੍ਰਿਤਸਰ ਸਾਹਿਬ ਅਤੇ ਸੰਗਰੂਰ ਨੇੜੇ ਪੈਂਦੇ ਇਲਾਕਿਆ ਵਿੱਚ ਫਿਲਮਾਂਇਆ ਗਿਆ ਹੈ, ਜਿਸ ਵਿੱਚ ਦਿਲਜੀਤ ਦੁਸਾਂਝ ਵੱਲੋਂ ਮੁੱਖ ਰੋਲ ਅਦਾ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਇਸ ਮਲਟੀ-ਸਟਾਰਰ ਅਤੇ ਵਿਸ਼ਾਲ ਕੈਨਵਸ ‘ਤੇ ਫਿਲਮਾਂਈ ਗਈ ਫ਼ਿਲਮ ਦੀ ਕਾਸਟ ਵਿੱਚ ਨਸੀਰੂਦੀਨ ਸ਼ਾਹ, ਵੇਦਾਂਗ ਰੈਨਾ, ਸ਼ਰਵਰੀ, ਸ਼ਵਿੰਦਰ ਮਾਹਲ ਆਦਿ ਵੀ ਸ਼ਾਮਲ ਹਨ।

Leave a Reply

Your email address will not be published. Required fields are marked *