Shadow

ਫ਼ਿਲਮ ‘ਸਤਲੁਜ’ ਦਾ ਅਸਲ ਸੱਚ: ਜਾਣੋ ਜਸਵੰਤ ਸਿੰਘ ਖਾਲੜਾ ਕੇਸ ਦੇ ਦੋਸ਼ੀ ਪੁਲਿਸ ਅਫ਼ਸਰਾਂ ਅਤੇ CBI ਅਧਿਕਾਰੀਆਂ ਦੇ ਅਸਲ ਨਾਮ, ਜੋ ਪਰਦੇ ‘ਤੇ ਬਦਲੇ

ਚੰਡੀਗੜ੍ਹ: ਲੰਮੀ ਕਾਨੂੰਨੀ ਲੜਾਈ ਅਤੇ ਸੈਂਸਰ ਬੋਰਡ ਦੀਆਂ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨ ਵਾਲੀ ਅਦਾਕਾਰ ਦਿਲਜੀਤ ਦੁਸਾਂਝ ਦੀ ਨਵੀਂ ਫਿਲਮ, ਜਿਸ ਦਾ ਨਾਮ ਪਹਿਲਾਂ ‘ਘੱਲੂਘਾਰਾ’, ਫਿਰ ‘ਪੰਜਾਬ ’95’ ਅਤੇ ਅਖੀਰ ਵਿੱਚ ‘ਸਤਲੁਜ’ ਵਜੋਂ ਕਈ ਵਾਰ ਬਦਲਣਾ ਪਿਆ, ਆਪਣੇ ਕੰਟੈਂਟ ਨੂੰ ਲੈ ਕੇ ਵੀ ਚਰਚਾ ਵਿੱਚ ਹੈ। ਇਸ ਫ਼ਿਲਮ ਵਿੱਚ ਨਾ ਸਿਰਫ਼ ਟਾਈਟਲ ਨੂੰ ਲੈ ਕੇ ਵੱਡੇ ਬਦਲਾਅ ਕੀਤੇ ਗਏ, ਬਲਕਿ ਰਿਲੀਜ਼ ਦੇ ਰਾਹ ਸਾਫ਼ ਕਰਨ ਲਈ ਮੁੱਖ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਅਤੇ ਉਨ੍ਹਾਂ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਛੱਡ ਕੇ ਬਾਕੀ ਸਾਰੇ ਪ੍ਰਮੁੱਖ ਪਾਤਰਾਂ ਦੇ ਨਾਮ ਵੀ ਪੂਰੀ ਤਰ੍ਹਾਂ ਕਾਲਪਨਿਕ ਵਰਤੇ ਗਏ ਹਨ। ਜਿੱਥੇ ਪੀੜਤ ਪਰਿਵਾਰ ਦੇ ਅਸਲ ਨਾਮ ਸੱਚੀ ਦਾਸਤਾਨ ਦੀ ਪ੍ਰਮਾਣਿਕਤਾ ਨੂੰ ਬਰਕਰਾਰ ਰੱਖਦੇ ਹਨ, ਉੱਥੇ ਹੀ ਘਟਨਾਵਾਂ ਵਿੱਚ ਸ਼ਾਮਲ ਤਤਕਾਲੀ ਸਿਆਸਤਦਾਨਾਂ, ਉੱਚ ਪੁਲਿਸ ਅਫ਼ਸਰਾਂ ਅਤੇ ਜੂਨੀਅਰ ਮੁਲਾਜ਼ਮਾਂ ਦੇ ਨਾਂਅ ਕਾਨੂੰਨੀ ਅੜਚਨਾਂ ਤੋਂ ਬਚਣ ਲਈ ਬਦਲ ਦਿੱਤੇ ਗਏ ਹਨ। ਜਸਵੰਤ ਸਿੰਘ ਖਾਲੜਾ (ਅਸਲ ਨਾਮ): ਫ਼ਿਲਮ ਦੇ ਮੁੱਖ ਨਾਇਕ ਜਸਵੰਤ ਸਿੰਘ ਖਾਲੜਾ ਹੀ ਹਨ, ਜਿਨ੍ਹਾਂ ਦਾ ਕਿਰਦਾਰ ਅਦਾਕਾਰ ਦਿਲਜੀਤ ਦੁਸਾਂਝ ਨੇ ਨਿਭਾਇਆ ਹੈ। ਅਸਲ ਜ਼ਿੰਦਗੀ ਵਿੱਚ ਉਹ ਇੱਕ ਮਨੁੱਖੀ ਅਧਿਕਾਰ ਕਾਰਕੁੰਨ ਸਨ, ਜਿਨ੍ਹਾਂ ਨੇ ਪੰਜਾਬ ਵਿੱਚ ਪੁਲਿਸ ਵੱਲੋਂ ਕੀਤੇ ਗਏ 25,000 ਤੋਂ ਵੱਧ ਲਾਵਾਰਿਸ ਅਤੇ ਗੈਰ-ਕਾਨੂੰਨੀ ਸਸਕਾਰਾਂ ਦੇ ਸੱਚ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਸੀ। ਫ਼ਿਲਮ ਵਿੱਚ ਸੈਂਸਰ ਬੋਰਡ ਦੀਆਂ ਪਾਬੰਦੀਆਂ ਦੇ ਬਾਵਜੂਦ ਉਨ੍ਹਾਂ ਦਾ ਅਸਲ ਨਾਮ ਹੀ ਰੱਖਿਆ ਗਿਆ ਹੈ। ਪਰਮਜੀਤ ਕੌਰ ਖਾਲੜਾ (ਅਸਲ ਨਾਮ): ਇਹ ਜਸਵੰਤ ਸਿੰਘ ਖਾਲੜਾ ਦੀ ਪਤਨੀ ਦਾ ਕਿਰਦਾਰ ਹੈ, ਜਿਸ ਨੂੰ ਪ੍ਰਸਿੱਧ ਅਦਾਕਾਰਾ ਗੀਤਿਕਾ ਵਿਦਿਆ ਓਹਲਿਆਨ ਨੇ ਨਿਭਾਇਆ ਹੈ। ਅਸਲ ਜ਼ਿੰਦਗੀ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਨੇ ਆਪਣੇ ਪਤੀ ਦੇ ਅਗਵਾ ਅਤੇ ਕਤਲ ਤੋਂ ਬਾਅਦ ਵੀ ਹਿੰਮਤ ਨਹੀਂ ਹਾਰੀ ਅਤੇ ਪੁਲਿਸ ਅਫ਼ਸਰਾਂ ਦੇ ਖ਼ਿਲਾਫ਼ ਅਦਾਲਤੀ ਲੜਾਈ ਨੂੰ ਜਾਰੀ ਰੱਖਿਆ। ਫ਼ਿਲਮ ਵਿੱਚ ਉਨ੍ਹਾਂ ਦਾ ਨਾਮ ਬਦਲਿਆ ਨਹੀਂ ਗਿਆ ਹੈ ਅਤੇ ਉਹ ਇਨਸਾਫ਼ ਦੀ ਲੜਾਈ ਦੀ ਇੱਕ ਅਹਿਮ ਕੜੀ ਵਜੋਂ ਵਿਖਾਏ ਗਏ ਹਨ।   ਮੁੱਖ ਮੰਤਰੀ ਅਨੰਤ ਸਿੰਘ (ਫ਼ਿਲਮੀ ਨਾਮ) – ਬੇਅੰਤ ਸਿੰਘ (ਅਸਲ ਨਾਮ): ਫ਼ਿਲਮ ‘ਸਤਲੁਜ’ ਵਿੱਚ ਮੁੱਖ ਮੰਤਰੀ ਅਨੰਤ ਸਿੰਘ ਦਾ ਕਿਰਦਾਰ ਅਦਾਕਾਰ ਐੱਸ.ਐੱਮ. ਜ਼ਹੀਰ ਨੇ ਨਿਭਾਇਆ ਹੈ। ਇਹ ਪਾਤਰ ਅਸਲ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਨੁਮਾਇੰਦਗੀ ਕਰਦਾ ਹੈ, ਜਿਨ੍ਹਾਂ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਪੁਲਿਸ ਨੂੰ ਬਹੁਤ ਜ਼ਿਆਦਾ ਖੁੱਲ੍ਹ ਦਿੱਤੀ ਗਈ ਸੀ ਅਤੇ ਬਾਅਦ ਵਿੱਚ 1995 ਵਿੱਚ ਇੱਕ ਬੰਬ ਧਮਾਕੇ ਵਿੱਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਮੁੱਖ ਮੰਤਰੀ ਗੁਰਚਰਨ ਸਿੰਘ ਬੋਹਰਾ (ਫ਼ਿਲਮੀ ਨਾਮ) – ਹਰਚਰਨ ਸਿੰਘ ਬਰਾੜ (ਅਸਲ ਨਾਮ): ਫ਼ਿਲਮ ਵਿੱਚ ਮੁੱਖ ਮੰਤਰੀ ਬੋਹਰਾ ਦਾ ਕਿਰਦਾਰ ਦਿਖਾਇਆ ਗਿਆ ਹੈ, ਜੋ ਅਸਲ ਜ਼ਿੰਦਗੀ ਵਿੱਚ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਸਨ। ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁ ਚੁੱਕੀ ਸੀ ਅਤੇ ਉਨ੍ਹਾਂ ਦੇ ਸਮੇਂ ਦੌਰਾਨ ਹੀ ਖਾਲੜਾ ਅਗਵਾ ਕਾਂਡ ਦੀ ਜਾਂਚ ਅੱਗੇ ਵਧੀ ਸੀ। ਫਿਲਮ ਵਿੱਚ ਇਹ ਕਿਰਦਾਰ ਅਦਾਕਾਰ ਸੰਨੀ ਗਿੱਲ ਨੇ ਨਿਭਾਇਆ ਹੈ। ਡੀ.ਜੀ.ਪੀ. ਇੰਦਰਪਾਲ ਸਿੰਘ ਬਿੱਟਾ (ਫ਼ਿਲਮੀ ਨਾਮ) – ਕੇ.ਪੀ.ਐੱਸ. ਗਿੱਲ (ਅਸਲ ਨਾਮ): ਫ਼ਿਲਮ ਵਿੱਚ ਕੰਵਲਜੀਤ ਸਿੰਘ ਵੱਲੋਂ ਨਿਭਾਏ ਗਏ ਕਿਰਦਾਰ ਦਾ ਨਾਮ ਡੀ.ਜੀ.ਪੀ. ਇੰਦਰਪਾਲ ਸਿੰਘ ਬਿੱਟਾ ਰੱਖਿਆ ਗਿਆ ਹੈ। ਅਸਲ ਵਿੱਚ ਇਹ ਪਾਤਰ ਪੰਜਾਬ ਦੇ ਤਤਕਾਲੀ ਵਿਵਾਦਗ੍ਰਸਤ ਡਾਇਰੈਕਟਰ ਜਨਰਲ ਆਫ਼ ਪੁਲਿਸ ਕੇ.ਪੀ.ਐੱਸ. ਗਿੱਲ ‘ਤੇ ਅਧਾਰਿਤ ਹੈ, ਜਿਸ ਉੱਤੇ ਪੰਜਾਬ ਵਿੱਚ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਵਧੀਕੀਆਂ ਦੇ ਗੰਭੀਰ ਇਲਜ਼ਾਮ ਲੱਗੇ ਸਨ। ਐੱਸ.ਐੱਸ.ਪੀ. ਸੁਰਜੀਤ ਸਿੰਘ ਸੁੱਗਾ (ਫ਼ਿਲਮੀ ਨਾਮ) – ਅਜੀਤ ਸਿੰਘ ਸੰਧੂ (ਅਸਲ ਨਾਮ): ਅਦਾਕਾਰ ਸੁਵਿੰਦਰ ਵਿੱਕੀ ਨੇ ਫ਼ਿਲਮ ਵਿੱਚ ਐੱਸ.ਐੱਸ.ਪੀ. ਸੁਰਜੀਤ ਸਿੰਘ ਸੁੱਗਾ ਦਾ ਕਿਰਦਾਰ ਨਿਭਾਇਆ ਹੈ। ਇਹ ਪਾਤਰ ਅਸਲ ਜ਼ਿੰਦਗੀ ਦੇ ਤਰਨਤਾਰਨ ਦੇ ਵਿਵਾਦਗ੍ਰਸਤ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਅਜੀਤ ਸਿੰਘ ਸੰਧੂ ‘ਤੇ ਅਧਾਰਿਤ ਹੈ। ਸੰਧੂ ਨੇ 23 ਮਈ 1997 ਨੂੰ ਰੂਪਨਗਰ ਜ਼ਿਲ੍ਹੇ ਦੇ ਪਿੰਡ ਕੋਟਲਾ ਨਿਹੰਗ ਕੋਲ ਇੱਕ ਚੱਲਦੀ ਰੇਲ ਗੱਡੀ ਦੇ ਸਾਹਮਣੇ ਕੁੱਦ ਕੇ ਖ਼ੁਦਕੁਸ਼ੀ ਕਰ ਲਈ ਸੀ। ਜਸਵੰਤ ਸਿੰਘ ਖਾਲੜਾ ਦੇ ਅਗਵਾ ਅਤੇ ਕਤਲ ਕੇਸ ਸਮੇਤ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੇ ਉਲੰਘਣ, ਗੈਰ-ਕਾਨੂੰਨੀ ਹਿਰਾਸਤਾਂ ਅਤੇ ਜਾਅਲੀ ਮੁਕਾਬਲਿਆਂ ਦੇ ਕਈ ਮਾਮਲਿਆਂ ਵਿੱਚ CBI ਵੱਲੋਂ ਉਸ ਖਿਲਾਫ਼ ਸ਼ਿਕੰਜਾ ਕੱਸਿਆ ਜਾ ਰਿਹਾ ਸੀ। ਸਮੁੰਦਰ ਸਿੰਘ (ਫ਼ਿਲਮੀ ਨਾਮ): ਫ਼ਿਲਮ ਸਤਲੁਜ ਵਿੱਚ ਅਰਜੁਨ ਰਾਮਪਾਲ ਵੱਲੋਂ ਨਿਭਾਇਆ ਗਿਆ ਸਮੁੰਦਰ ਸਿੰਘ ਦਾ ਕਿਰਦਾਰ ਕਿਸੇ ਇੱਕ ਖ਼ਾਸ ਅਸਲ ਵਿਅਕਤੀ ‘ਤੇ ਅਧਾਰਿਤ ਨਹੀਂ ਹੈ, ਬਲਕਿ ਇਹ ਅਸਲ ਜ਼ਿੰਦਗੀ ਦੀ ਸੀ.ਬੀ.ਆਈ. ਜਾਂਚ ਟੀਮ ਦੀ ਇੱਕ ਸੰਯੁਕਤ ਨੁਮਾਇੰਦਗੀ ਹੈ। ਫ਼ਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਨੇ ਕਿਸੇ ਇੱਕ ਅਸਲ ਅਫ਼ਸਰ ਦਾ ਨਾਮ ਵਰਤਣ ਦੀ ਬਜਾਏ, ਕਾਨੂੰਨ ਦੇ ਰਾਜ ਅਤੇ ਨਿਰਪੱਖ ਜਾਂਚ ਦੀ ਭਾਵਨਾ ਨੂੰ ਦਰਸਾਉਣ ਲਈ ਸਮੁੰਦਰ ਸਿੰਘ ਨਾਮ ਦਾ ਇਹ ਕਾਲਪਨਿਕ ਕਿਰਦਾਰ ਘੜਿਆ ਹੈ। ਇਹ ਪਾਤਰ ਉਨ੍ਹਾਂ ਸਾਰੇ ਅਫ਼ਸਰਾਂ ਦੀ ਇਮਾਨਦਾਰੀ ਅਤੇ ਮਿਹਨਤ ਨੂੰ ਸਨਮਾਨ ਦਿੰਦਾ ਹੈ ਜਿਨ੍ਹਾਂ ਸਦਕਾ 2005 ਵਿੱਚ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਮਿਲ ਸਕੀ। ਐਸ.ਪੀ. ਵਰਮਾ (ਫ਼ਿਲਮੀ ਨਾਮ) – ਓ.ਪੀ. ਸ਼ਰਮਾ (ਅਸਲ ਨਾਮ): ਫ਼ਿਲਮ ਸਤਲੁਜ ਵਿੱਚ ਦਿਖਾਇਆ ਗਿਆ ਉੱਚ ਪੁਲਿਸ ਅਧਿਕਾਰੀ ਐਸ.ਪੀ. ਵਰਮਾ ਦਾ ਪਾਤਰ ਅਸਲ ਜ਼ਿੰਦਗੀ ਵਿੱਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਓ.ਪੀ. ਸ਼ਰਮਾ ‘ਤੇ ਅਧਾਰਿਤ ਹੈ। ਅਸਲ ਜ਼ਿੰਦਗੀ ਵਿੱਚ, ਜਦੋਂ 31 ਦਸੰਬਰ 1995 ਨੂੰ ਕੇ.ਪੀ.ਐਸ. ਗਿੱਲ ਸੇਵਾਮੁਕਤ ਹੋਏ, ਤਾਂ ਓ.ਪੀ. ਸ਼ਰਮਾ ਨੇ 1 ਜਨਵਰੀ 1996 ਨੂੰ ਪੰਜਾਬ ਦੇ ਨਵੇਂ DGP ਵਜੋਂ ਅਹੁਦਾ ਸੰਭਾਲਿਆ ਸੀ। ਇਹ ਕਿਰਦਾਰ ਪ੍ਰਸਿੱਧ ਸੀਨੀਅਰ ਅਦਾਕਾਰ ਨਾਸਰ ਨੇ ਨਿਭਾਇਆ ਹੈ। ਇਹ ਪਾਤਰ ਪੁਰਾਣੇ ਦੌਰ ਦੀ ਗੈਰ-ਕਾਨੂੰਨੀ ਪੁਲਿਸ ਦਹਿਸ਼ਤ ਤੋਂ ਦੂਰੀ ਬਣਾਉਂਦਾ ਹੈ ਅਤੇ ਨਿਆਂਪਾਲਿਕਾ, ਸੀ.ਬੀ.ਆਈ. ਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਧ ਰਹੇ ਨਿਆਂਇਕ ਦਬਾਅ ਅੱਗੇ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕਰਦਾ ਹੈ। ਕੁਲਜੀਤ (ਫ਼ਿਲਮੀ ਨਾਮ) – ਕੁਲਦੀਪ ਸਿੰਘ (ਅਸਲ ਨਾਮ): ਫ਼ਿਲਮ ਸਤਲੁਜ ਵਿੱਚ ਅਦਾਕਾਰ ਜਗਜੀਤ ਸੰਧੂ ਵੱਲੋਂ ਨਿਭਾਏ ਗਏ ਕਿਰਦਾਰ ਕੁਲਜੀਤ ਦਾ ਅਸਲ ਨਾਮ SPO ਕੁਲਦੀਪ ਸਿੰਘ ਸੀ, ਜੋ ਜਸਵੰਤ ਸਿੰਘ ਖਾਲੜਾ ਅਗਵਾ ਅਤੇ ਕਤਲ ਕਾਂਡ ਦਾ ਸਭ ਤੋਂ ਅਹਿਮ ਅਤੇ ਮੁੱਖ ਸਰਕਾਰੀ ਗਵਾਹ ਸੀ। ਅਸਲ ਜ਼ਿੰਦਗੀ ਵਿੱਚ, ਕੁਲਦੀਪ ਸਿੰਘ ਤਰਨਤਾਰਨ ਦੇ ਤਤਕਾਲੀ ਐੱਸ.ਐੱਸ.ਪੀ. ਅਜੀਤ ਸਿੰਘ ਸੰਧੂ ਦੇ ਗੰਨਮੈਨ ਵਜੋਂ ਤਾਇਨਾਤ ਸੀ ਅਤੇ ਜਿਸ ਦੀ ਜ਼ਿੰਮੇਵਾਰੀ ਖਾਲੜਾ ਨੂੰ ਗੈਰ-ਕਾਨੂੰਨੀ ਹਿਰਾਸਤ ਦੌਰਾਨ ਖਾਣਾ ਦੇਣ ਦੀ ਸੀ। ਪੁਲਿਸ ਵਿਭਾਗ ਦੇ ਭਾਰੀ ਦਬਾਅ, ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਅਗਵਾ ਕੀਤੇ ਜਾਣ ਦੇ ਖ਼ਤਰਿਆਂ ਦੇ ਬਾਵਜੂਦ, ਉਸ ਨੇ ਅਦਾਲਤ ਵਿੱਚ ਬੇਖ਼ੌਫ਼ ਹੋ ਕੇ ਸੱਚੀ ਗਵਾਹੀ ਦਿੱਤੀ ਅਤੇ 27 ਅਕਤੂਬਰ 1995 ਦੀ ਰਾਤ ਨੂੰ ਹੋਏ ਕਤਲ ਦੀ ਪੂਰੀ ਦਾਸਤਾਨ ਬਿਆਨ ਕੀਤੀ, ਜਿਸ ਸਦਕਾ ਸਾਲ 2005 ਵਿੱਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਹੋ ਸਕੀ। ਸੰਜੀਵ (ਫ਼ਿਲਮੀ ਨਾਮ) – ਰਾਜੀਵ ਢਿੱਲੋਂ (ਅਸਲ ਨਾਮ): ਫ਼ਿਲਮ ਸਤਲੁਜ ਵਿੱਚ ਜਸਵੰਤ ਸਿੰਘ ਖਾਲੜਾ ਦੇ ਅਗਵਾ ਹੋਣ ਵੇਲੇ ਉਨ੍ਹਾਂ ਦੇ ਘਰ ਮੌਜੂਦ ‘ਸੰਜੀਵ’ ਦਾ ਕਿਰਦਾਰ ਪ੍ਰਸਿੱਧ ਬਾਲੀਵੁੱਡ ਅਦਾਕਾਰ ਅਨਿਲ ਚਰਨਜੀਤ ਨੇ ਨਿਭਾਇਆ ਹੈ। ਅਸਲ ਜ਼ਿੰਦਗੀ ਵਿੱਚ, ਇਹ ਪਾਤਰ ਖਾਲੜਾ ਸਾਹਿਬ ਦੇ ਬਹੁਤ ਹੀ ਨਜ਼ਦੀਕੀ ਸਾਥੀ ਅਤੇ ਮਨੁੱਖੀ ਅਧਿਕਾਰ ਕਾਰਕੁਨ ਰਾਜੀਵ ਰਾਜੀਵ ਢਿੱਲੋਂ ‘ਤੇ ਅਧਾਰਿਤ ਹੈ। 6 ਸਤੰਬਰ 1995 ਨੂੰ ਜਦੋਂ ਪੰਜਾਬ ਪੁਲਿਸ ਦੇ ਹਥਿਆਰਬੰਦ ਮੁਲਾਜ਼ਮਾਂ ਨੇ ਅੰਮ੍ਰਿਤਸਰ ਵਿੱਚ ਖਾਲੜਾ ਸਾਹਿਬ ਨੂੰ ਉਨ੍ਹਾਂ ਦੇ ਘਰ ਦੇ ਬਾਹਰੋਂ ਜਬਰਦਸਤੀ ਅਗਵਾ ਕੀਤਾ, ਤਾਂ ਰਾਜੀਵ ਸਿੰਘ ਉਸ ਸਮੇਂ ਘਰ ਦੇ ਅੰਦਰ ਹੀ ਮੌਜੂਦ ਸਨ ਅਤੇ ਉਹ ਇਸ ਅਗਵਾ ਕਾਂਡ ਦੇ ਮੁੱਖ ਚਸ਼ਮਦੀਦ ਗਵਾਹ ਬਣੇ। ਸਜ਼ਾ ਪਾਉਣ ਵਾਲੇ 5 ਅਫ਼ਸਰ ਕੌਣ ਸਨ? ਅਦਾਲਤ ਵੱਲੋਂ ਜਿਨ੍ਹਾਂ 5 ਮੁੱਖ ਪੁਲਿਸ ਵਾਲਿਆਂ (ਡੀ.ਐੱਸ.ਪੀ. ਜਸਪਾਲ ਸਿੰਘ, ਐੱਸ.ਐੱਚ.ਓ. ਸਤਨਾਮ ਸਿੰਘ, ਐੱਸ.ਐੱਚ.ਓ. ਸੁਰਿੰਦਰ ਪਾਲ ਸਿੰਘ, ਐੱਸ.ਐੱਚ.ਓ. ਜਸਬੀਰ ਸਿੰਘ, ਅਤੇ ਹੈੱਡ ਕਾਂਸਟੇਬਲ ਪ੍ਰਿਥੀਪਾਲ ਸਿੰਘ) ਨੂੰ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਫ਼ਿਲਮ ਵਿੱਚ ਉਨ੍ਹਾਂ ਸਾਰਿਆਂ ਨੂੰ ਵੱਖਰੇ ਤੌਰ ‘ਤੇ ਦਿਖਾਉਣ ਦੀ ਬਜਾਏ ਕੁਝ ਮਿਸ਼ਰਤ ਅਤੇ ਬਦਲੇ ਹੋਏ ਕਾਲਪਨਿਕ ਨਾਮਾਂ ਰਾਹੀਂ ਪੇਸ਼ ਕੀਤਾ ਗਿਆ ਹੈ। ਡੀ.ਐੱਸ.ਪੀ. ਜੇ. ਰੰਧਾਵਾ (ਫ਼ਿਲਮੀ ਨਾਮ) – ਡੀ.ਐੱਸ.ਪੀ. ਜਸਪਾਲ ਸਿੰਘ (ਅਸਲ ਨਾਮ): ਇਹ ਪਾਤਰ ਅਸਲ ਜ਼ਿੰਦਗੀ ਦੇ ਸਭ ਤੋਂ ਪ੍ਰਮੁੱਖ ਸਜ਼ਾਯਾਫ਼ਤਾ ਅਫ਼ਸਰ ਡੀ.ਐੱਸ.ਪੀ. ਜਸਪਾਲ ਸਿੰਘ ‘ਤੇ ਅਧਾਰਿਤ ਹੈ, ਜੋ ਜਸਵੰਤ ਸਿੰਘ ਖਾਲੜਾ ਦੇ ਅਗਵਾ ਅਤੇ ਤਸ਼ੱਦਦ ਦੀ ਨਿਗਰਾਨੀ ਕਰ ਰਿਹਾ ਸੀ। ਫ਼ਿਲਮ ਵਿੱਚ ‘ਰੰਧਾਵਾ’ ਦਾ ਇਹ ਕਿਰਦਾਰ ਉਨ੍ਹਾਂ ਬਾਕੀ ਐੱਸ.ਐੱਚ.ਓ. ਰੈਂਕ ਦੇ ਅਫ਼ਸਰਾਂ ਦੀਆਂ ਗਤੀਵਿਧੀਆਂ ਨੂੰ ਵੀ ਆਪਣੇ ਅੰਦਰ ਸਮੇਟਦਾ ਹੈ, ਜਿਨ੍ਹਾਂ ਨੂੰ ਅਦਾਲਤ ਨੇ ਸਾਜ਼ਿਸ਼ ਰਚਣ ਅਤੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਦਿੱਤੀ ਸੀ। ਸ਼ਿਵੇਂਦਰ ਸਿੰਘ (ਫ਼ਿਲਮੀ ਨਾਮ) – ਐੱਸ.ਐੱਚ.ਓ. ਸਤਨਾਮ ਸਿੰਘ (ਅਸਲ ਨਾਮ): ਫ਼ਿਲਮ ਵਿੱਚ ਹੇਠਲੇ ਪੱਧਰ ਦੇ ਪੁਲਿਸ ਮੁਲਾਜ਼ਮਾਂ ਵਿੱਚ ਸ਼ਿਵੇਂਦਰ ਨਾਮ ਦੇ ਪਾਤਰ ਦਾ ਜ਼ਿਕਰ ਆਉਂਦਾ ਹੈ, ਜੋ ਕਿ ਫਿਲਮ ਵਿੱਚ ਅਦਾਕਾਰ ਵੰਸ਼ ਭਾਰਦਵਾਜ ਨੇ ਨਿਭਾਇਆ ਹੈ। ਅਸਲ ਜ਼ਿੰਦਗੀ ਵਿੱਚ, ਸਬ-ਇੰਸਪੈਕਟਰ ਸਤਨਾਮ ਸਿੰਘ ਥਾਣਾ ਚੋਹਲਾ ਸਾਹਿਬ ਦਾ ਮੁਖੀ ਸੀ, ਜਿੱਥੇ ਜਸਵੰਤ ਸਿੰਘ ਖਾਲੜਾ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਤਸ਼ੱਦਦ ਕੀਤਾ ਗਿਆ ਸੀ। ਫ਼ਿਲਮ ਵਿੱਚ ਇਸ ਪਾਤਰ ਅਤੇ ਇਸਦੇ ਜੂਨੀਅਰ ਸਟਾਫ਼ ਰਾਹੀਂ ਇਹ ਦਿਖਾਇਆ ਗਿਆ ਹੈ ਕਿ ਕਿਵੇਂ ਥਾਣੇ ਦੇ ਇੰਚਾਰਜ ਅਤੇ ਹੈੱਡ ਕਾਂਸਟੇਬਲ ਪ੍ਰਿਥੀਪਾਲ ਸਿੰਘ ਵਰਗੇ ਹੇਠਲੇ ਮੁਲਾਜ਼ਮ ਉੱਚ ਅਫ਼ਸਰਾਂ ਦੇ ਹੁਕਮਾਂ ‘ਤੇ ਲਾਸ਼ਾਂ ਨੂੰ ਖ਼ੁਰਦ-ਬੁਰਦ ਕਰਨ ਅਤੇ ਗੈਰ-ਕਾਨੂੰਨੀ ਕਾਰਵਾਈਆਂ ਨੂੰ ਅੰਜਾਮ ਦੇਣ ਵਿੱਚ ਸਿੱਧੇ ਭਾਗੀਦਾਰ ਸਨ।

Leave a Reply

Your email address will not be published. Required fields are marked *