
ਨੰਗਲ 02 ਜੁਲਾਈ: ਸਿਵਲ ਹਸਪਤਾਲ ਨੰਗਲ ਵਿਖੇ ਪੀਲੀਏ (ਜਾਂਡਿਸ) ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤੇ ਜਾਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਸਥਿਤੀ ‘ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ।
ਸਿਵਲ ਸਰਜਨ ਡਾਕਟਰ ਰਮਨ ਗੁਪਤਾ ਦੇ ਨਿਰਦੇਸ਼ਾਂ ਤਹਿਤ ਅੱਜ ਇਸ ਸਬੰਧੀ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਸ਼ਰਨ ਕੌਰ ਅਤੇ ਉਨ੍ਹਾਂ ਦੀ ਟੀਮ ਜਿਸ ਵਿੱਚ ਏਐਮਓ ਦਿਲਬਾਗ ਸਿੰਘ ਹੈਲਥ ਸੁਪਰਵਾਈਜ਼ਰ ਰਣਜੀਤ ਸਿੰਘ ਵੱਲੋਂ ਸਿਵਲ ਹਸਪਤਾਲ ਨੰਗਲ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਟੀਮ ਨੇ ਹਸਪਤਾਲ ਵਿੱਚ ਦਾਖ਼ਲ ਪੀਲੀਏ ਦੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਈਸ਼ਾ ਵਰਮਾ ਅਤੇ ਹਸਪਤਾਲ ਦੇ ਮੈਡੀਕਲ ਸਟਾਫ਼ ਨਾਲ ਮੀਟਿੰਗ ਕਰਕੇ ਮੌਜੂਦਾ ਸਥਿਤੀ, ਮਰੀਜ਼ਾਂ ਦੀ ਦੇਖਭਾਲ, ਇਲਾਜ ਦੀ ਉਪਲਬਧਤਾ ਅਤੇ ਰੋਕਥਾਮ ਸਬੰਧੀ ਉਪਰਾਲਿਆਂ ਦੀ ਸਮੀਖਿਆ ਕੀਤੀ ਗਈ।
ਡਾ. ਹਰਸ਼ਰਨ ਕੌਰ ਨੇ ਹਸਪਤਾਲ ਪ੍ਰਬੰਧਨ ਨੂੰ ਹਦਾਇਤ ਕੀਤੀ ਕਿ ਸ਼ੱਕੀ ਮਰੀਜ਼ਾਂ ਦੀ ਤੁਰੰਤ ਜਾਂਚ, ਸਮੇਂ ਸਿਰ ਇਲਾਜ ਅਤੇ ਲੋੜ ਪੈਣ ‘ਤੇ ਸੈਂਪਲ ਲੈ ਕੇ ਲੈਬ ਜਾਂਚ ਯਕੀਨੀ ਬਣਾਈ ਜਾਵੇ। ਇਸ ਦੇ ਨਾਲ-ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਗੁਣਵੱਤਾ, ਸਫ਼ਾਈ ਅਤੇ ਜਾਗਰੂਕਤਾ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਸਿਹਤ ਵਿਭਾਗ ਵੱਲੋਂ ਸਥਿਤੀ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਲੋੜ ਅਨੁਸਾਰ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਇਸ ਸਬੰਧੀ ਪ੍ਰਭਾਵਿਤ ਖੇਤਰਾਂ ਪੁਰਾਣਾ ਗੁਰਦੁਆਰਾ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਸਬੰਧੀ ਸਾਰੇ ਆਲੇ ਦੁਆਲੇ ਦੇ ਪ੍ਰਭਾਵਿਤ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਤ ਕੀਤਾ ਗਿਆ। ਸਿਹਤ ਕਾਮੇ ਘਰ ਘਰ ਜਾ ਕੇ ਸਿਹਤ ਸਿੱਖਿਆ ਦੇ ਰਹੇ ਹਨ ਜਿਸ ਸਬੰਧੀ ਸਾਰੇ ਆਲੇ ਦੁਆਲੇ ਦੇ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ ਗਿਆ ਏਰੀਏ ਵਿੱਚ ਦੂਸ਼ਿਤ ਘਰਾਂ ਤੋਂ ਪਾਣੀ ਦੇ ਸੈਂਪਲ ਇਕੱਤਰ ਕੀਤੇ ਗਏ ਜੋ ਕਿ ਕੈਮੀਕਲ ਲੈਬ ਖਰੜ ਕੇ ਭੇਜੇ ਜਾਣੇ ਹਨ
ਉਨ੍ਹਾਂ ਦੱਸਿਆ ਕਿ ਪੀਲੀਆ ਆਪਣੇ ਆਪ ਵਿੱਚ ਕੋਈ ਵੱਖਰੀ ਬਿਮਾਰੀ ਨਹੀਂ, ਸਗੋਂ ਇਹ ਸਰੀਰ ਵਿੱਚ ਬਿਲੀਰੂਬਿਨ ਨਾਮਕ ਤੱਤ ਵੱਧ ਜਾਣ ਦਾ ਲੱਛਣ ਹੈ। ਵਾਇਰਲ ਹੈਪੇਟਾਈਟਿਸ (ਖ਼ਾਸ ਕਰਕੇ ਹੈਪੇਟਾਈਟਿਸ-ਏ ਅਤੇ ਈ), ਦੂਸ਼ਿਤ ਪਾਣੀ ਜਾਂ ਭੋਜਨ, ਜਿਗਰ ਦੀਆਂ ਬਿਮਾਰੀਆਂ ਅਤੇ ਗੰਦਗੀ ਇਸ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ। ਇਹ ਬਿਮਾਰੀ ਅਕਸਰ ਦੂਸ਼ਿਤ ਪਾਣੀ ਅਤੇ ਅਸਵੱਛ ਖਾਣ-ਪੀਣ ਰਾਹੀਂ ਫੈਲਦੀ ਹੈ।
ਉਨ੍ਹਾਂ ਦੱਸਿਆ ਕਿ ਪੀਲੀਏ ਦੇ ਮੁੱਖ ਲੱਛਣ
ਅੱਖਾਂ ਅਤੇ ਚਮੜੀ ਦਾ ਪੀਲਾ ਪੈ ਜਾਣਾ, ਪਿਸ਼ਾਬ ਦਾ ਗੂੜ੍ਹੇ ਰੰਗ ਦਾ ਹੋਣਾ, ਭੁੱਖ ਘੱਟ ਲੱਗਣਾ, ਬੁਖ਼ਾਰ, ਉਲਟੀਆਂ ਜਾਂ ਮਤਲੀ, ਕਮਜ਼ੋਰੀ ਅਤੇ ਥਕਾਵਟ, ਪੇਟ ਦੇ ਸੱਜੇ ਪਾਸੇ ਦਰਦ ਜਾਂ ਬੇਆਰਾਮੀ ਆਦਿ ਹਨ।
ਉਨ੍ਹਾਂ ਦੱਸਿਆ ਕਿ ਇਸ ਦੇ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿੱਚ ਹਮੇਸ਼ਾ ਉਬਾਲਿਆ ਜਾਂ ਸਾਫ਼ ਅਤੇ ਸੁਰੱਖਿਅਤ ਪਾਣੀ ਹੀ ਪੀਓ, ਖਾਣਾ ਖਾਣ ਤੋਂ ਪਹਿਲਾਂ ਅਤੇ ਟਾਇਲਟ ਦੀ ਵਰਤੋਂ ਤੋਂ ਬਾਅਦ ਸਾਬਣ ਨਾਲ ਹੱਥ ਧੋਵੋ, ਖੁੱਲ੍ਹੇ ਵਿੱਚ ਵਿਕਣ ਵਾਲੀਆਂ ਕੱਟੀਆਂ ਹੋਈਆਂ ਚੀਜ਼ਾਂ ਅਤੇ ਗੰਦੇ ਪਾਣੀ ਨਾਲ ਬਣੇ ਖਾਣੇ ਤੋਂ ਪਰਹੇਜ਼ ਕਰੋ, ਘਰ ਅਤੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖੋ, ਪਾਣੀ ਦੀਆਂ ਟੈਂਕੀਆਂ ਅਤੇ ਸਟੋਰੇਜ ਬਰਤਨਾਂ ਦੀ ਨਿਯਮਿਤ ਸਫ਼ਾਈ ਕਰੋ।
ਡਾ. ਹਰਸ਼ਰਨ ਕੌਰ ਨੇ ਦੱਸਿਆ ਕਿ ਪੀਲੀਏ ਦੇ ਲੱਛਣ ਨਜ਼ਰ ਆਉਣ ‘ਤੇ ਬਿਨਾਂ ਦੇਰੀ ਨੇੜਲੇ ਸਰਕਾਰੀ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਜਾਂਚ ਕਰਵਾਓ। ਡਾਕਟਰ ਦੀ ਸਲਾਹ ਅਨੁਸਾਰ ਪੂਰਾ ਇਲਾਜ ਲਵੋ, ਵੱਧ ਤੋਂ ਵੱਧ ਤਰਲ ਪਦਾਰਥ ਪੀਓ, ਪੌਸ਼ਟਿਕ ਅਤੇ ਹਲਕਾ ਭੋਜਨ ਕਰੋ ਅਤੇ ਖੁਦ ਦਵਾਈ ਲੈਣ ਤੋਂ ਬਚੋ। ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਜ਼ਿਆਦਾਤਰ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ।
ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੀਲੀਏ ਦੇ ਕਿਸੇ ਵੀ ਲੱਛਣ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਤੁਰੰਤ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਜਾਂਚ ਕਰਵਾਈ ਜਾਵੇ, ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕੇ।