Shadow

ਐੱਸਆਈਆਰ ਤਹਿਤ 25 ਜੂਨ ਤੋਂ ਬੀ.ਐਲ.ਓ. ਘਰ-ਘਰ ਜਾ ਕੇ ਵੋਟਰਾਂ ਦੇ ਭਰਨਗੇ ਫਾਰਮ : ਜ਼ਿਲ੍ਹਾ ਚੋਣ ਅਫ਼ਸਰ

ਫ਼ਿਰੋਜ਼ਪੁਰ, 8 ਜੂਨ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਸ਼ਿਖ਼ਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਜ ਵਿੱਚ ਕੀਤੇ ਜਾ ਰਹੀ ਸਪੈਸ਼ਲ ਇੰਟੈਸਿਵ ਰਿਵੀਜ਼ਨ (ਐਸਆਈਆਰ) ਦੇ ਮੱਦੇਨਜ਼ਰ ਜ਼ਿਲ੍ਹੇ ਦੇ 903 ਪੋਲਿੰਗ ਸਟੇਸ਼ਨਾਂ ‘ਤੇ ਪ੍ਰੀ ਮੈਪਿੰਗ (ਸਾਲ 2003 ਦੀ ਵੋਟਰ ਸੂਚੀ ਨੂੰ ਸਾਲ 2025 ਨਾਲ ਮੈਪ ਕਰਨ) ਲਈ ਵਿਸ਼ੇਸ਼ ਕੈਂਪ ਲਗਾਏ ਗਏ।

ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਦੀਪਸ਼ਿਖ਼ਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ (ਸ਼ਹਿਰੀ), ਫ਼ਿਰੋਜ਼ਪੁਰ (ਦਿਹਾਤੀ), ਜ਼ੀਰਾ, ਅਤੇ ਗੁਰੂਹਰਸਹਾਏ ਵਿੱਚ ਪੋਲਿੰਗ ਬੂਥਾਂ ‘ਤੇ ਇੱਕ-ਰੋਜ਼ਾ ਵਿਸ਼ੇਸ਼ ਕੈਂਪ ਪ੍ਰੀ-ਮੈਪਿੰਗ ਨੂੰ ਹੋਰ ਤੇਜ਼ੀ ਨਾਲ ਅੰਜਾਮ ਦੇਣ ਲਈ ਲਗਾਏ ਗਏ। ਉਹਨਾਂ ਦੱਸਿਆ ਕਿ ਵੋਟਰ ਮੈਪਿੰਗ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਬੀਐਲਓਜ਼ ਇਸ ਕੈਂਪ ਵਿੱਚ ਆਪਣੇ ਪੋਲਿੰਗ ਸਟੇਸ਼ਨਾਂ ‘ਤੇ ਹਾਜ਼ਰ ਰਹੇ ਅਤੇ ਇਨ੍ਹਾਂ ਕੈਂਪਾਂ ਦੌਰਾਨ ਵੋਟਰਾਂ ਵੱਲੋਂ ਵੀ ਚੰਗਾ ਹੁੰਗਾਰਾ ਮਿਲਿਆ।

ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਦੀਪਸ਼ਿਖ਼ਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ 25 ਜੂਨ ਤੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਕੰਮ ਸ਼ੁਰੂ ਹੋਣਾ ਹੈ। 25 ਜੂਨ ਤੋਂ 24 ਜੁਲਾਈ 2026 ਤੱਕ ਬੀ.ਐਲ.ਓ. ਘਰ-ਘਰ ਜਾ ਕੇ ਵੋਟਰਾਂ ਦੇ ਫਾਰਮ ਭਰਨਗੇ। ਐਸ.ਆਈ.ਆਰ.-2026 ਦੇ ਰਿਵਾਈਜ਼ਡ ਸ਼ਡਿਊਲ ਅਨੁਸਾਰ ਪਹਿਲਾਂ 31 ਜੁਲਾਈ 2026 ਨੂੰ ਹੋਣ ਵਾਲੀ ਡਰਾਫਟ ਪ੍ਰਕਾਸ਼ਨਾ ਹੁਣ 3 ਅਗਸਤ 2026 ਨੂੰ ਕੀਤੀ ਜਾਵੇਗੀ। ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦਾ ਸਮਾਂ 3 ਅਗਸਤ ਤੋਂ 2 ਸਤੰਬਰ-2026 ਤੱਕ ਰਹੇਗਾ ਜਦਕਿ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 28 ਸਤੰਬਰ 2026 ਤੱਕ ਕੀਤਾ ਜਾਵੇਗਾ। ਅੰਤਿਮ ਵੋਟਰ ਸੂਚੀ 1 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਕਿਸੇ ਵੀ ਕਿਸਮ ਦੀ ਵਧੇਰੇ ਜਾਣਕਾਰੀ ਲਈ ਟੌਲ ਫਰੀ ਨੰਬਰ 1950 ‘ਤੇ ਦਫਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਸਪੈਸ਼ਲ ਇੰਟੈਸਿਵ ਰਿਵੀਜ਼ਨ ਦੌਰਾਨ ਬੀ.ਐਲ.ਓਜ਼ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *