ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਹਾੜਾ: ਸ੍ਰੀਨਗਰ ਤੋਂ ਅਰੰਭ ਹੋਏ ਨਗਰ ਕੀਰਤਨ ਦਾ ਜੰਮੂ ਦੀ ਸੰਗਤ ਵਲੋਂ ਖ਼ਾਲਸਾਈ ਜਾਹੋ-ਜਲਾਲ ਨਾਲ ਸਵਾਗਤ, ਪਠਾਨਕੋਟ ਵਿਖੇ ਅਗਲੇ ਪੜਾਅ ਲਈ ਰਵਾਨਾ
ਜੰਮੂ/ਪਠਾਨਕੋਟ/ਚੰਡੀਗੜ੍ਹ, 20 ਨਵੰਬਰ:
ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਸ੍ਰੀਨਗਰ ਤੋਂ ਆਰੰਭ ਹੋਏ ਨਗਰ ਕੀਰਤਨ ਨੂੰ ਜੰਮੂ ਦੀ ਸੰਗਤ ਵਲੋਂ ਖ਼ਾਲਸਾਈ ਜਾਹੋ-ਜਲਾਲ ਨਾਲ ਅਗਲੇ ਪੜਾਅ ਪਠਾਨਕੋਟ ਲਈ ਰਵਾਨਾ ਕੀਤਾ ਗਿਆ। ਸੰਗਤਾਂ ਨੇ ਨਗਰ ਕੀਰਤਨ ਦੇ ਬੀਤੀ ਰਾਤ ਸਵਾਗਤ ਸਮੇਂ ਅਤੇ ਅੱਜ ਰਵਾਨਗੀ ਸਮੇਂ ਕਈ-ਕਈ ਕਿਲੋਮੀਟਰ ਤੱਕ ਨਗਰ ਕੀਰਤਨ ਨਾਲ ਪੈਦਲ ਚੱਲ ਕੇ ਸ਼ਹਿਰ ਨੂੰ ਅਧਿਆਤਮਕ ਰੰਗਤ ਦੇ ਦਿੱਤੀ।
ਜੰਮੂ ਦੇ ਚਾਂਦ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਨਗਰ ਕੀਰਤਨ ਲਈ ਠਹਿਰਾਅ ਦਾ ਪ੍ਰਬੰਧ ਕੀਤਾ ਗਿਆ।
ਨਗਰ ਕੀਰਤਨ ਦੀ ਜੰਮੂ ਤੋਂ ਰਵਾਨਗੀ ਦੌਰਾਨ ਨੌਜਵਾਨਾਂ ਨੇ ਗੱਤਕੇਬਾਜ਼ੀ ਦੇ ਜ਼ੌਹਰ ਵਿਖਾਏ ਅਤੇ ਸਥਾਨਕ ਸੰਗਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਦੌਰਾਨ ਜੰਮੂ ਤੋਂ ਸੰਗਤ ਦਾ ਵੱਡਾ ਕਾਫ਼ਲਾ ਨਗਰ ਕੀਰਤਨ ਨਾਲ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ।
ਸ਼ਹਿਰ ਵਿੱਚੋੰ ਲੰਘਦਿਆਂ ਥਾਂ-ਥਾਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਸਿੰਘ ਸਭਾ ਗੁਰਦੁਆਰਾ ਅਕਾਲੀ ਕੌਰ ਸਿੰਘ ਨਗਰ, ਡਗਿਆਣ...








