ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਪਿੰਡ ਮੋਰਾਂਵਾਲੀ ਵਿੱਚ ਸੜਕ ਦਾ ਉਦਘਾਟਨ, ਵਿਕਾਸ ਕਾਰਜਾਂ ਨੂੰ ਮਿਲੀ ਨਵੀਂ ਰਫ਼ਤਾਰ
ਚੰਡੀਗੜ੍ਹ/ਗੜ੍ਹਸ਼ੰਕਰ, 11 ਮਈ:ਹਲਕਾ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿਖੇ ਅੱਜ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਨੂੰ ਹੋਰ ਮਜ਼ਬੂਤੀ ਮਿਲੀ, ਜਦੋਂ ਉਨ੍ਹਾਂ ਵੱਲੋਂ ਪਿੰਡ ਵਿੱਚ ਬਣਨ ਵਾਲੀ ਨਵੀਂ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਡਿਪਟੀ ਸਪੀਕਰ ਰੌੜੀ ਦਾ ਸਵਾਗਤ ਕੀਤਾ ਗਿਆ ਅਤੇ ਪਿੰਡ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸਰਾਹਨਾ ਕੀਤੀ ਗਈ।
ਉਦਘਾਟਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸੜਕਾਂ, ਗਲੀਆਂ, ਪੀਣ ਵਾਲੇ ਪਾਣੀ, ਸੀਵਰੇਜ, ਖੇਡ ਮੈਦਾਨਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਵਿਕਾਸ ਲਈ ਲਗਾਤਾਰ ਫੰਡ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸੁਵਿਧਾਵਾਂ ਪਿੰਡਾਂ ਵਿੱਚ ਹੀ ਪ੍ਰਾਪਤ ਹੋ ਸਕਣ।
...








