Weather update : ਉੱਤਰ ਭਾਰਤ ’ਚ ਸਖ਼ਤ ਠੰਢ ਦਾ ਸਿਲਸਿਲਾ ਜਾਰੀ ਹੈ। ਸ਼ਿਮਲਾ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ’ਚ 9 ਅਤੇ 10 ਜਨਵਰੀ ਨੂੰ ਮੀਂਹ ਅਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ ਜਿਸ ਨਾਲ ਮੈਦਾਨੀ ਇਲਾਕਿਆਂ ’ਚ ਠੰਢ ਹੋਰ ਵਧ ਸਕਦੀ ਹੈ।
ਮੌਸਮ ਵਿਭਾਗ ਨੇ ਐਤਵਾਰ ਨੂੰ ਮੰਡੀ, ਬਿਲਾਸਪੁਰ, ਊਨਾ, ਕਾਂਗੜਾ, ਸਿਰਮੌਰ (ਪਾਉਂਟਾ ਸਾਹਿਬ ਅਤੇ ਧੌਲਾ ਕੁਆਂ) ਅਤੇ ਸੋਲਨ (ਬੱਦੀ ਅਤੇ ਨਾਲਾਗੜ੍ਹ) ’ਚ ਸਵੇਰੇ ਸੰਘਣੀ ਧੁੰਦ ਦੀ ਚੇਤਾਵਨੀ ਦਿਤੀ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਇਕ ਹੋਰ ਪਛਮੀ ਗੜਬੜੀ 8 ਜਨਵਰੀ ਤੋਂ ਉੱਤਰ-ਪਛਮੀ ਭਾਰਤ ਨੂੰ ਪ੍ਰਭਾਵਤ ਕਰ ਸਕਦੀ ਹੈ। ਮੌਸਮ ਵਿਭਾਗ ਨੇ 9 ਅਤੇ 10 ਜਨਵਰੀ ਨੂੰ ਸੂਬੇ ਦੇ ਮੱਧ ਅਤੇ ਉੱਚੇ ਇਲਾਕਿਆਂ ’ਚ ਵੱਖ-ਵੱਖ ਥਾਵਾਂ ’ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਸਨਿਚਰਵਾਰ ਨੂੰ ਰਾਜ ’ਚ ਵੱਖ-ਵੱਖ ਥਾਵਾਂ ’ਤੇ ਘੱਟੋ ਘੱਟ ਤਾਪਮਾਨ ’ਚ ਕੋਈ ਵੱਡਾ ਬਦਲਾਅ ਨਹੀਂ ਹੋਇਆ ਅਤੇ ਲਾਹੌਲ ਅਤੇ ਸਪੀਤੀ ਦਾ ਕੁਕੁਮਸੇਰੀ ਸੱਭ ਤੋਂ ਠੰਡਾ ਸਥਾਨ ਰਿਹਾ ਜਿੱਥੇ ਰਾਤ ਦਾ ਤਾਪਮਾਨ -10.2 ਡਿਗਰੀ ਸੈਲਸੀਅਸ ਤਕ ਡਿੱਗ ਗਿਆ।
ਦੂਜੇ ਪਾਸੇ ਕਸ਼ਮੀਰ ’ਚ ਵੀ ਡਲ ਝੀਲ ਅਤੇ ਹੋਰ ਜਲ ਭੰਡਾਰਾਂ ’ਤੇ ਬਰਫ ਦੀ ਪਤਲੀ ਪਰਤ ਬਣਨ ਨਾਲ ਕਸ਼ਮੀਰ ’ਚ ਠੰਢ ਦਾ ਕਹਿਰ ਜਾਰੀ ਹੈ। ਸ਼ੁਕਰਵਾਰ ਰਾਤ ਨੂੰ ਵਾਦੀ ਦੇ ਕਈ ਹਿੱਸਿਆਂ ’ਚ ਘੱਟੋ-ਘੱਟ ਤਾਪਮਾਨ -4 ਡਿਗਰੀ ਸੈਲਸੀਅਸ ਤਕ ਡਿੱਗ ਗਿਆ। ਕਸ਼ਮੀਰ ’ਚ ਇਸ ਸਮੇਂ 40 ਦਿਨਾਂ ਦੀ ਸਖ਼ਤ ਸਰਦੀ ਚੱਲ ਰਹੀ ਹੈ, ਜਿਸ ਦੌਰਾਨ ਠੰਢ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਤਾਪਮਾਨ ’ਚ ਕਾਫੀ ਗਿਰਾਵਟ ਆਉਂਦੀ ਹੈ, ਜਿਸ ਕਾਰਨ ਜਲ ਭੰਡਾਰਾਂ ਦੇ ਨਾਲ-ਨਾਲ ਪਾਈਪਾਂ ’ਚ ਵੀ ਪਾਣੀ ਜਮ੍ਹਾ ਹੋ ਜਾਂਦਾ ਹੈ।
ਇਸ ਸਮੇਂ ਦੌਰਾਨ ਬਰਫਬਾਰੀ ਦੀ ਸੰਭਾਵਨਾ ਸੱਭ ਤੋਂ ਵੱਧ ਹੁੰਦੀ ਹੈ ਅਤੇ ਜ਼ਿਆਦਾਤਰ ਖੇਤਰਾਂ ਖਾਸ ਕਰ ਕੇ ਉੱਚੀਆਂ ਉਚਾਈਆਂ ’ਤੇ ਭਾਰੀ ਬਰਫਬਾਰੀ ਹੁੰਦੀ ਹੈ। ਅਧਿਕਾਰੀ ਨੇ ਦਸਿਆ ਕਿ ਸ੍ਰੀਨਗਰ ਸ਼ਹਿਰ ’ਚ ਸ਼ੁਕਰਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਮਾਈਨਸ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਉਨ੍ਹਾਂ ਨੇ ਦਸਿਆ ਕਿ ਕਾਜ਼ੀਗੁੰਡ ’ਚ ਘੱਟੋ-ਘੱਟ ਤਾਪਮਾਨ ਮਾਈਨਸ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਉੱਤਰੀ ਕਸ਼ਮੀਰ ਦੇ ਗੁਲਮਰਗ ’ਚ ਸ਼ੁਕਰਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਮਾਈਨਸ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਦੇ ਘੱਟੋ-ਘੱਟ ਤਾਪਮਾਨ ਤੋਂ ਇਕ ਡਿਗਰੀ ਘੱਟ ਹੈ।
ਉਨ੍ਹਾਂ ਨੇ ਦਸਿਆ ਕਿ ਦਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ’ਚ ਘੱਟੋ-ਘੱਟ ਤਾਪਮਾਨ ਮਾਈਨਸ 6.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਮਾਈਨਸ 4.5 ਡਿਗਰੀ ਸੈਲਸੀਅਸ ਸੀ। ਕੋਕਰਨਾਗ ਸ਼ਹਿਰ ’ਚ ਘੱਟੋ ਘੱਟ ਤਾਪਮਾਨ ਮਾਈਨਸ 2.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਕੁਪਵਾੜਾ ’ਚ ਤਾਪਮਾਨ ਮਾਈਨਸ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਡਲ ਝੀਲ ’ਚ ਹਾਊਸਬੋਟਾਂ ’ਚ ਰਹਿਣ ਵਾਲੇ ਲੋਕਾਂ ਨੂੰ ਇਸ ਝੀਲ ਦੇ ਕਿਨਾਰੇ ਪਹੁੰਚਣ ਲਈ ਇਸ ਝੀਲ ’ਤੇ ਬਰਫ ਦੀ ਪਰਤ ਨੂੰ ਤੋੜਨ ਲਈ ਸੰਘਰਸ਼ ਕਰਨਾ ਪੈਂਦਾ ਹੈ। ਕਸ਼ਮੀਰ ਘਾਟੀ ਦੇ ਕਈ ਹਿੱਸਿਆਂ ’ਚ ਪਾਈਪਾਂ ’ਚ ਪਾਣੀ ਵੀ ਜੰਮ ਗਿਆ। ਕਸ਼ਮੀਰ ਲੰਮੇ ਸਮੇਂ ਤੋਂ ਸੋਕੇ ਦੀ ਮਾਰ ਝੱਲ ਰਿਹਾ ਹੈ ਅਤੇ ਦਸੰਬਰ ’ਚ ਮੀਂਹ ਦੀ ਕਮੀ 79 ਫ਼ੀ ਸਦੀ ਰਹੀ ਹੈ।
ਕਸ਼ਮੀਰ ਦੇ ਜ਼ਿਆਦਾਤਰ ਮੈਦਾਨੀ ਇਲਾਕਿਆਂ ’ਚ ਬਰਫਬਾਰੀ ਨਹੀਂ ਹੋਈ ਹੈ ਜਦਕਿ ਘਾਟੀ ਦੇ ਉਪਰਲੇ ਇਲਾਕਿਆਂ ’ਚ ਵੀ ਦਸੰਬਰ ਦੇ ਅੰਤ ਤਕ ਆਮ ਨਾਲੋਂ ਘੱਟ ਬਰਫਬਾਰੀ ਹੋਈ ਹੈ। ਚਿੱਲਾਈ ਕਲਾਂ 31 ਜਨਵਰੀ ਨੂੰ ਖ਼ਤਮ ਹੋਵੇਗਾ। ਹਾਲਾਂਕਿ, ਉਸ ਤੋਂ ਬਾਅਦ 20 ਦਿਨ ਚਿੱਲਾ-ਏ-ਖੁਰਦ (ਛੋਟੀ ਠੰਢ) ਅਤੇ 10 ਦਿਨ ਚਿੱਲਾ-ਏ-ਬਾਕ ਦੇ ਨਾਲ ਠੰਢ ਦੀ ਸਥਿਤੀ ਬਣੀ ਰਹੇਗੀ।
ਮੈਦਾਨੀ ਇਲਾਕਿਆਂ ਦੀ ਗੱਲ ਕਰੀਏ ਤਾਂ ਦਿੱਲੀ ’ਚ ਸਨਿਚਰਵਾਰ ਸਵੇਰੇ ਧੁੰਦ ਰਹੀ ਅਤੇ ਘੱਟੋ-ਘੱਟ ਤਾਪਮਾਨ 8.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤੋਂ ਦੋ ਡਿਗਰੀ ਵੱਧ ਹੈ। ਆਈਐਮਡੀ ਦੇ ਅਨੁਸਾਰ, ਦਿੱਲੀ ਦੇ ਮੁੱਖ ਮੌਸਮ ਵਿਗਿਆਨ ਕੇਂਦਰਾਂ ਸਫਦਰਜੰਗ ਅਤੇ ਪਾਲਮ ’ਚ ਸਵੇਰੇ 5:30 ਵਜੇ ਦ੍ਰਿਸ਼ਤਾ 500 ਮੀਟਰ ਦਰਜ ਕੀਤੀ ਗਈ।
ਕੌਮੀ ਰਾਜਧਾਨੀ ’ਚ ਸਵੇਰੇ 8:30 ਵਜੇ ਨਮੀ ਦਾ ਪੱਧਰ 100 ਫ਼ੀ ਸਦੀ ਦਰਜ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਧੁੰਦ ਕਾਰਨ ਰੇਲ ਸੇਵਾਵਾਂ ਪ੍ਰਭਾਵਤ ਹੋਈਆਂ ਅਤੇ ਦਿੱਲੀ ਜਾਣ ਵਾਲੀਆਂ 14 ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਦਿੱਲੀ ਨੇੜੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਪ੍ਰਸ਼ਾਸਨ ਪ੍ਰਸ਼ਾਸਨ ਨੇ ਸਨਿਚਰਵਾਰ ਨੂੰ ਸੰਘਣੀ ਧੁੰਦ ਅਤੇ ਭਿਆਨਕ ਠੰਢ ਕਾਰਨ ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਸਾਰੇ ਸਕੂਲਾਂ ’ਚ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ 14 ਜਨਵਰੀ ਤਕ ਛੁੱਟੀ ਦਾ ਐਲਾਨ ਕੀਤਾ ਹੈ।
ਰਾਜਸਥਾਨ ’ਚ ਜੈਪੁਰ ਦੇ ਮੌਸਮ ਵਿਗਿਆਨ ਕੇਂਦਰ ਮੁਤਾਬਕ ਸ਼ੁਕਰਵਾਰ ਰਾਤ ਨੂੰ ਸੀਕਰ ’ਚ ਘੱਟੋ-ਘੱਟ ਤਾਪਮਾਨ ਦੋ ਡਿਗਰੀ ਸੈਲਸੀਅਸ ਅਤੇ ਸਿਰੋਹੀ ’ਚ 4.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੰਗਾਨਗਰ ’ਚ ਘੱਟੋ-ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ, ਜੈਸਲਮੇਰ ’ਚ 6.7 ਡਿਗਰੀ ਸੈਲਸੀਅਸ, ਰਾਜਧਾਨੀ ਜੈਪੁਰ ’ਚ 7.4 ਡਿਗਰੀ ਸੈਲਸੀਅਸ, ਚਿਤੌੜਗੜ੍ਹ ’ਚ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਸੂਬੇ ’ਚ ਮੌਸਮ ਖੁਸ਼ਕ ਰਿਹਾ ਅਤੇ ਕਈ ਥਾਵਾਂ ’ਤੇ ਠੰਢ ਮਹਿਸੂਸ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਪੂਰਬੀ ਰਾਜਸਥਾਨ ’ਚ ਕਈ ਥਾਵਾਂ ’ਤੇ ਠੰਢ ਦਾ ਕਹਿਰ ਦਰਜ ਕੀਤਾ ਗਿਆ। 8 ਜਨਵਰੀ ਦੇ ਦੌਰਾਨ ਅਤੇ ਸਰਗਰਮ ਪਛਮੀ ਗੜਬੜੀ ਦੇ ਪ੍ਰਭਾਵ ਹੇਠ ਰਾਜ ’ਚ ਤੂਫਾਨ ਅਤੇ ਬਾਰਸ਼ ਹੋਣ ਦੀ ਸੰਭਾਵਨਾ ਹੈ।