ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕਰ ਨਰਮੇ ਦੀ ਫ਼ਸਲ ਸੰਬੰਧੀ ਜਾਰੀ ਕੀਤੀ ਐਡਵਾਈਜ਼ਰੀ

ਫਾਜ਼ਿਲਕਾ, 13 ਜੁਲਾਈ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ.ਐਸ.ਐਸ.ਗੋਸਲ ਦੀ ਅਗਵਾਈ ਅਤੇ ਪ੍ਰਸਾਰ ਨਿਰਦੇਸ਼ਕ  ਡਾ.ਐਮ ਐਸ. ਭੁੱਲਰ ਦੇ ਦਿਸ਼ਾ ਨਿਰਦੇਸ਼ਾ ਤਹਿਤ,  ਪੀ.ਏ.ਯੂ. ,ਫਾਰਮ ਸਲਾਹਕਾਰ  ਸੇਵਾ  ਕੇਂਦਰ , ਖੇਤਰੀ  ਖੋਜ  ਕੇਂਦਰ  ਦੇ ਵਿਗਿਆਨੀਆਂ ਵਲੋ ਜਿਲਾ ਫਾਜ਼ਿਲਕਾ ਦੇ ਵੱਖ ਵੱਖ ਪਿੰਡਾਂ (ਟਾਹਲੀਵਾਲਾ ਜੱਟਾਂ, ਕੱਲਰਖੇੜਾ, ਝੂਮਿਆਂਵਾਲੀ, ਖੁੱਬਣ, ਮੋਡੀ ਖੇੜਾ, ਅਮਰਪੁਰਾ ਪੰਨੀਵਾਲਾ, ਧਰਾਂਗਵਾਲਾ, ਮੁਰਾਦਵਾਲਾ , ਮਾਮੂਖੇੜਾ ਅਤੇ ਤੂਤਾ ਵਾਲਾ, ਪੰਜਾਵਾ, ਗਿਦੜਾਂ ਵਾਲੀ, ਭੰਗਰ ਖੇੜਾ ਦੀਵਾਨ ਖੇੜਾ) ਦਾ  ਦੌਰਾ  ਕਰ  ਸਰਵੇਖਣ ਕੀਤਾ ਗਿਆ ਅਤੇ ਸਰਵੇਖਣ (ਸਰਵੇ)  ਦੀ ਰਿਪੋਰਟ ਦੇ ਅਨੁਸਾਰ ਨਰਮੇ ਕਪਾਹ ਸੰਬੰਧੀ ਫ਼ਸਲੀ ਸਲਾਹ ਜਾਰੀ  ਕੀਤੀ।

   ਸਰਵੇਖਣ (ਸਰਵੇ) ਦੀ ਰਿਪੋਰਟ ਦੇ ਅਨੁਸਾਰ ਡਾ.ਮਨਪ੍ਰੀਤ ਸਿੰਘ (ਫ਼ਸਲ ਵਿਗਿਆਨੀ) ਨੇ  ਕਾਸ਼ਤਕਾਰ  ਵੀਰਾ ਨੂੰ ਉਚਿਤ  ਮਾਤਰਾ  ਵਿਚ ਖਾਦ ਪ੍ਰਬੰਧਨ  ਦਾ  ਧਿਆਨ ਰੱਖਣ  ਅਤੇ ਨਰਮੇ ਦੀ ਫ਼ਸਲ ਨੂੰ ਪਹਿਲਾ  ਪਾਣੀ ਲਾਉਣ  ਤੋਂ ਬਾਦ ਯੂਰੀਆ ਖਾਦ ਦੀ ਪਹਿਲੀ ਕਿਸ਼ਤ ਦੀ ਵਰਤੋਂ ਦੀ ਸਲਾਹ ਦਿਤੀ ਤਾ ਜੋ  ਫ਼ਸਲ ਦਾ ਵਾਧਾ ਹੋ ਸਕੇ ।

      ਡਾ.ਜਗਦੀਸ਼ ਅਰੋੜਾ,(ਜਿਲਾ ਪ੍ਰਸਾਰ ਮਾਹਰ) ਨੇ ਨਰਮੇ ਕਪਾਹ  ਦੇ ਕੀੜੇ ਤੇ ਬਿਮਾਰੀਆਂ   ਬਾਰੇ  ਖਾਸ ਕਰਕੇ  ਚਿੱਟੀ ਮੱਖੀ  ਵਾਰੇ ਚਾਨਣਾ  ਪਾਉਂਦੇ  ਹੋਏ ਦਸਿਆ ਕਿ ਵਾਤਾਵਰਣ( ਮੌਸਮ ਵਿਚ ਖੁਸ਼ਕੀ)  ਜਿਲੇ ਵਿਚ ਮੂੰਗੀ  ਦੇ ਹੇਠ  ਕਾਫੀ  ਰਕਬਾ ਆਦਿ  ਕਰਕੇ, ਇਸ ਦਾ ਹਮਲਾ ਕੁੱਝ ਖੇਤਾਂ ਵਿੱਚ ਆਰਥਿਕ ਕਗਾਰ (ਔਸਤਨ 6 ਚਿੱਟੀ ਮੱਖੀ ਪ੍ਰਤੀ ਪੱਤਾ) ਤੋਂ ਉੱਪਰ ਪਾਇਆ ਗਿਆ ਹੈ। ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਖੇਤਾਂ ਦਾ ਹਰ ਹਫਤੇ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਲੋੜ ਮੁਤਾਬਿਕ ਕੀਟਨਾਸ਼ਕਾਂ ਦਾ ਛਿੜਕਾਅ ਕਰਕੇ ਰੋਕਥਾਮ ਕਰਨ।ਇਸ ਸਾਲ ਨਰਮਾ ਪੱਟੀ ਵਿੱਚ ਗਰਮ ਰੁੱਤ ਦੀ ਮੁੰਗੀ ਦੀ ਫ਼ਸਲ ਕਾਫੀ ਵੱਡੇ ਰਕਬੇ ਵਿੱਚ ਬੀਜੀ ਗਈ ਹੈ ਅਤੇ ਚਿੱਟੀ ਮੱਖੀ ਸ਼ੂਰੁਆਤ ਵਿੱਚ ਮੰਗੀ ਤੇ ਵੱਧਦੀ ਫੁਲਦੀ ਹੈ ਅਤੇ ਬਾਅਦ ਵਿੱਚ ਇਹ ਨਾਲ ਲੱਗਦੇ ਨਰਮੇ ਦੇ ਖੇਤਾਂ ਵਿੱਚ ਹਮਲਾ ਕਰਦੀ ਹੈ ਅਤੇ ਮੌਸਮ ਅਨੁਕੂਲ ਹੋਣ ਕਰਕੇ ਇਸ ਦਾ ਵਾਧਾ ਨਰਮੇ ਉੱਤੇ ਬਹੁਤ ਤੇਜ਼ੀ ਨਾਲ ਹੁੰਦਾ ਹੈ। ਨਰਮਾ ਬੀਜਣ ਵਾਲੇ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਮੁੰਗੀ ਦੇ ਨਾਲ ਲਗਦੇ ਨਰਮੇ ਦੇ ਖੇਤਾਂ ਦਾ ਸਰਵੇਖਣ ਅਤੇ ਲੋੜ ਮੁਤਾਬਿਕ ਰੋਕਥਾਮ ਕਰਨ। ਨਰਮੇ ਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਸ਼ੁਰੂ ਕਰੋ ਜਦੋਂ ਬੂਟੇ ਦੇ ਉੱਪਰਲੇ ਹਿੱਸੇ ਵਿੱਚ ਸਵੇਰ ਨੂੰ 10 ਵਜੇ ਤੋਂ ਪਹਿਲਾਂ ਇਸ ਦੀ ਗਿਣਤੀ ਪ੍ਰਤੀ ਪੱਤਾ 6 ਹੋ ਜਾਵੇ। ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ 200 ਮਿਲੀਲਿਟਰ ਕਲਾਸਟੋ 20 ਡਬਲਯੂ ਜੀ (ਪਾਇਰੀਫਲੂਕੀਨਾਜ਼ੋਨ) ਜਾਂ 400 ਮਿਲੀਲਿਟਰ ਸਫੀਨਾ 50 ਡੀ ਸੀ (ਅਫਿਡੋਪਾਇਰੋਪਿਨ) ਜਾਂ 60 ਗ੍ਰਾਮ ਓਸ਼ੀਨ 20 ਐਸ ਜੀ (ਡਾਇਨੋਟੈਫ਼ੂਰਾਨ) ਜਾਂ 200 ਗ੍ਰਾਮ ਪੋਲੋ/ ਰੂਬੀ / ਕਰੇਜ਼ / ਲੂਡੋ / ਸ਼ੋਕੂ 50 ਡਬਲਯੂ ਪੀ (ਡਾਇਆਫੈਨਥੀਯੂਰੋਨ) ਜਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 800 ਮਿਲੀਲਿਟਰ ਫੋਸਮਾਈਟ/ਈ-ਮਾਈਟ/ਵਾਲਥੀਆਨ/ਗੋਲਡਮਿਟ 50 ਈ ਸੀ (ਈਥੀਆਨ) ਦਾ ਛਿੜਕਾਅ ਕਰੋ।ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ 500 ਮਿਲੀਲਿਟਰ ਲੈਨੋ 10 ਈ ਸੀ (ਪਾਈਰੀਪਰੋਕਸੀਫਿਨ) ਜਾਂ 200 ਮਿਲੀਲਿਟਰ ਓਬਰੇਨ/ਵੋਲਟੇਜ਼ 22.9 ਐਸ ਸੀ (ਸਪੈਰੋਮੈਸੀਫਿਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

        ਡਾ.ਜਗਦੀਸ਼ ਅਰੋੜਾ ਨੇ ਗੁਲਾਬੀ ਸੁੰਡੀ ਦੇ ਬਾਰੇ ਦੱਸਿਆ ਕਿ ਨਿਰੀਖਣ ਦੌਰਾਨ ਖੇਤਰ ਵਿਚ ਗੁਲਾਬੀ ਸੁੰਡੀ ਦਾ ਪ੍ਰਕੋਪ ਫੁੱਲਾਂ  ਤੇ  ਦੇਖਣ  ਨੂੰ ਮਿਲ ਰਿਹਾ ਹੈ ,ਇਸ ਬਾਰੇ ਕਿਸਾਨ ਵੀਰਾ ਨੂੰ ਅਪੀਲ ਹੈ ਕਿ ਜਿਥੇ ਵੀ ਗੁਲਾਬੀ ਗੁਲਾਬੀ ਸੁੰਡੀ  ਦਾ ਹਲਾ ਨਜ਼ਰ ਆ ਰਿਹਾ ਹੈ , ਉਥੇ ਇਸ ਗੁਲਾਬੀ ਸੁੰਡੀ ਦੇ ਪਹਿਲੇ  ਜੀਵਨ ਚੱਕਰ  ਨੂੰ  ਤੋੜਨ(ਬ੍ਰੇਕ) ਕਰਨ  ਲਈ ਕੀਟਨਾਸ਼ਕ ਪੋ੍ਰਕਲੇਮ (ਐਮਾਮੇਕਿਟਨ ਬੇਂਜੋਏਟ 5 ਫੀਸਦੀ ਐਸ.ਜੀ) 100 ਗ੍ਰਾਮ, ਕਿਉਰਾਕਰਾਮ (ਪ੍ਰੋਫਨੋਫਾਸ 50 ਫੀਸਦੀ ਈ.ਸੀ.) 500 ਮਿ.ਲੀ ਜਾਂ ਡੇਲੀਗੇਟ (ਸਪੀਨਟੋਰਮ 11.7 ਐਸ.ਸੀ) 180 ਮਿਲੀ ਜਾਂ ਇੰਡੋਕਸਾਕਾਰਬ 14.5 ਫੀਸਦੀ ਐਸ.ਸੀ 200 ਮਿ.ਲੀ ਜਾਂ ਫੇਸ (ਫਰੁਬੇਡਿਆਮਾਈਡ 480 ਐਸ.ਸੀ.) 40 ਮਿ.ਲੀ. ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ।

ਇਸ  ਦੇ ਨਾਲ ਹੀ  ਕਿਸਾਨ ਵੀਰ ਗੁਲਾਬੀ ਸੁੰਡੀ ਦੀ  ਨਿਗਰਾਨੀ   ਲਈ ਫੋਰੋਮੋਨ ਟੈ੍ਰਪ  1-2 ਪ੍ਰਤੀ ਏਕੜ ਜਰੂਰ ਲਾਉਣ ਤਾ ਜੋ ਗੁਲਾਬੀ ਸੁੰਡੀ ਦੇ ਪਤੰਗਿਆਂ ਦੀ ਆਮਦ ਦਾ ਪਤਾ  ਲੱਗ  ਸਕੇ । ਜੇ 1-2  ਪਤੰਗੇ  ਪ੍ਰਤੀ ਦਿਨ  ਪ੍ਰਤੀ  ਟ੍ਰੈਪ  ਦੀ ਆਮਦ ਹੋ ਰਹੀ  ਹੈ ਤਾਂ ਕੀਟਨਾਸ਼ਕ  ਦਵਾਈਆਂ  ਦੇ ਛਿੜਕਾਅ  ਦਾ  ਫੈਸਲਾ  ਲੈ ਲੈਣਾ ਜਰੂਰੀ ਹੈ।

 ਡਾ. ਅਨਿਲ ਸਾਗਵਾਨ, ਨੇ  ਕਾਸ਼ਤਕਾਰਾਂ  ਨੂੰ  ਅਪੀਲ  ਕੀਤੀ  ਕੀ  ਕਿਸਾਨ  ਵੀਰ  ਨਰਮੇ  ਦੀ  ਸਮੱਸਿਆਂ  ਦੇ  ਸਮਾਧਾਨ  ਲਈ, ਪੀ.ਏ. ਯੂ ਖ਼ੇਤਰੀ  ਖੋਜ  ਕੇਂਦਰ  ਅਤੇ  ਫ਼ਾਰਮ  ਸਲਾਹਕਾਰ   ਸੇਵਾ ਕੇਂਦਰ,  ਖੇਤੀਬਾੜੀ  ਦਫਤਰ  ਦੇ ਅਧਿਕਾਰੀਆਂ  ਨਾਲ ਵੱਧ ਤੋਂ ਵੱਧ ਰਾਬਤਾ  ਰੱਖਣ , ਤਾਂ ਜੋ ਨਰਮੇ ਦੀ ਕਾਸ਼ਤ ਨੂੰ  ਪ੍ਰਫੁੱਲਤ  ਕੀਤਾ ਜਾ ਸਕੇ ।

Leave a Reply

Your email address will not be published. Required fields are marked *