
ਬਰਨਾਲਾ, 14 ਨਵੰਬਰ- ਸਿਹਤ ਵਿਭਾਗ ਬਰਨਾਲਾ ਵੱਲੋਂ ‘ਵਿਸ਼ਵ ਸ਼ੂਗਰ ਦਿਵਸ’ ਮੌਕੇ “ਸ਼ੂਗਰ ਦੀ ਬਿਮਾਰੀ ‘ਤੇ ਜਲਦੀ ਕਾਰਵਾਈ ਕਰੀਏ” ਵਿਸ਼ੇ ਤਹਿਤ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਮਨਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਇੰਚਾਰਜ ਸਿਵਲ ਸਰਜਨ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ ਡਾ. ਗੁਰਮਿੰਦਰ ਕੌਰ ਔਜਲਾ ਨੇ ਕਿਹਾ ਕਿ ਸ਼ੂਗਰ ਦੀ ਬਿਮਾਰੀ ਦਾ ਸਮੇਂ ਸਿਰ ਪਤਾ ਲਗਾ ਕੇ ਇਸ ਤੋਂ ਹੋਣ ਵਾਲੇ ਗੰਭੀਰ ਖ਼ਤਰਿਆਂ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦੂ ਬਾਂਸਲ ਨੇ ਦੱਸਿਆ ਕਿ ਸ਼ੂਗਰ ਤੋਂ ਬਚਾਅ ਅਤੇ ਇਸ ਨੂੰ ਕਾਬੂ ਵਿੱਚ ਰੱਖਣ ਲਈ ਸਮੇਂ ਸਿਰ ਜਾਂਚ, ਨਿਯਮਤ ਇਲਾਜ ਅਤੇ ਡਾਕਟਰੀ ਸਾਵਧਾਨੀਆਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।
ਸਿਵਲ ਹਸਪਤਾਲ ਬਰਨਾਲਾ ਦੇ ਐਮ.ਡੀ. (ਮੈਡੀਸਨ) ਡਾ. ਦੀਪਲੇਖ ਸਿੰਘ ਬਾਜਵਾ ਅਤੇ ਡਾ. ਕਰਨਦੀਪ ਸਿੰਘ ਨੇ ਬਿਮਾਰੀ ਦੇ ਕਾਰਨਾਂ ਅਤੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੂਗਰ ਕਈ ਹੋਰ ਗੰਭੀਰ ਬਿਮਾਰੀਆਂ ਦੀ ਜੜ੍ਹ ਹੈ, ਇਸ ਲਈ ਹਰੇਕ ਵਿਅਕਤੀ ਨੂੰ ਸਮੇਂ-ਸਮੇਂ ‘ਤੇ ਆਪਣੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮਾਨਸਿਕ ਤਣਾਅ, ਸਰੀਰਕ ਕਸਰਤ ਦੀ ਘਾਟ, ਵੱਧ ਆਰਾਮਪ੍ਰਸਤੀ ਅਤੇ ਖਾਣ-ਪੀਣ ਦੀਆਂ ਵਿਗੜੀਆਂ ਆਦਤਾਂ ਇਸ ਬਿਮਾਰੀ ਦੇ ਮੁੱਖ ਕਾਰਨ ਹਨ।
ਉਹਨਾਂ ਦੱਸਿਆ ਕਿ ਪਿਆਸ ਜ਼ਿਆਦਾ ਲੱਗਣਾ ਅਤੇ ਵਾਰ-ਵਾਰ ਪਿਸ਼ਾਬ ਆਉਣਾ, ਹਰ ਵੇਲੇ ਥਕਾਵਟ ਮਹਿਸੂਸ ਹੋਣਾ ਅਤੇ ਅਚਾਨਕ ਭਾਰ ਘਟਣਾ, ਸਰੀਰ ‘ਤੇ ਲੱਗੇ ਜ਼ਖ਼ਮਾਂ ਨੂੰ ਭਰਨ ਵਿੱਚ ਜ਼ਿਆਦਾ ਸਮਾਂ ਲੱਗਣਾ, ਸਰੀਰ ਵਿੱਚ ਸ਼ੂਗਰ ਦਾ ਪੱਧਰ ਵਧਣਾ ਜਾਂ ਘਟਣਾ ਮਰੀਜ਼ ਨੂੰ ਅੰਦਰੋਂ ਕਮਜ਼ੋਰ ਕਰ ਦਿੰਦਾ ਹੈ ਅਤੇ ਇਸ ਦਾ ਸਿੱਧਾ ਬੁਰਾ ਪ੍ਰਭਾਵ ਮਰੀਜ਼ ਦੀਆਂ ਕਿਡਨੀਆਂ (ਗੁਰਦਿਆਂ) ਅਤੇ ਅੱਖਾਂ ਦੀ ਰੌਸ਼ਨੀ ‘ਤੇ ਪੈਂਦਾ ਹੈ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਬਲਰਾਜ ਸਿੰਘ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਸਿਆਨ ਜਾਫ਼ਰ ਨੇ ਦੱਸਿਆ ਕਿ ਜੇਕਰ ਪਰਿਵਾਰ ਵਿੱਚ ਪਹਿਲਾਂ ਕਿਸੇ ਨੂੰ ਇਹ ਬਿਮਾਰੀ ਹੋਵੇ, ਤਾਂ ਅਗਲੀ ਪੀੜ੍ਹੀ ਭਾਵ ਬੱਚਿਆਂ ਵਿੱਚ ਵੀ ਇਸ ਦੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸ਼ੂਗਰ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਸਿਹਤ ਅਧਿਕਾਰੀਆਂ ਨੇ ਅਪੀਲ ਕੀਤੀ ਕਿ ਸ਼ੂਗਰ ਤੋਂ ਬਚਾਅ ਲਈ ਰੋਜ਼ਾਨਾ ਸਵੇਰੇ-ਸ਼ਾਮ ਸੈਰ ਕੀਤੀ ਜਾਵੇ, ਤਾਜ਼ੇ ਫਲ ਅਤੇ ਸਬਜ਼ੀਆਂ ਦੀ ਵਰਤੋਂ ਵਧਾਈ ਜਾਵੇ ਅਤੇ ਤਲੇ ਹੋਏ ਪਦਾਰਥਾਂ ਤੇ ਮਿੱਠੇ ਤੋਂ ਪ੍ਰਹੇਜ਼ ਕੀਤਾ ਜਾਵੇ।