ਕਾਲਾ ਪੀਲੀਆ (ਹੈਪੇਟਾਈਟਸ) ਸੰਬਧੀ ਜਾਗਰੂਕਤਾ ਸਮੱਗਰੀ ਜਾਰੀ ਕੀਤੀ

ਫ਼ਿਰੋਜ਼ਪੁਰ,13 ਅਗਸਤ 2024:

ਜਿਗਰ ਰੋਗ ਹੈਪਾਟਾਈਟਸ ਬੀ ਅਤੇ ਸੀ ਜਾਨਲੇਵਾ ਬੀਮਾਰੀ ਹੈ। ਸਮੇ ’ਤੇ ਇਸ ਬੀਮਾਰੀ ਦਾ ਇਲਾਜ਼ ਕਰਵਾ ਕੇ ਮਨੁੱਖੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ। ਹੈਪਾਟਾਈਟਸ ਦੇ ਪੀੜਤਾਂ ਨੂੰ ਸਿਹਤ ਵਿਭਾਗ ਵੱਲੋਂ ਮੁਫਤ ਡਾਕਟਰੀ ਮੁਆਇਨਾ ਕਰਨ ਦੇ ਨਾਲ-ਨਾਲ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਇਸ ਬਿਮਾਰੀ ਦੇ ਲੱਛਣਾਂ ਅਤੇ ਬਚਾਓ ਸੰਬਧੀ ਜਾਗਰੂਕਤਾ ਸਮੱਗਰੀ ਜਾਰੀ ਕਰਦਿਆਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਕੀਤਾ।

ਇਸ ਮੌਕੇ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ 2030 ਤੱਕ ਇਸ ਜਾਨਲੇਵਾ ਬਿਮਾਰੀ ਨੂੰ ਜੜੋਂ ਖਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਸ ਲਈ ਲੋਕਾਂ ਦਾ ਜਾਗਰੂਕ ਹੋਣਾ ਬੜਾ ਜ਼ਰੁਰੀ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਦੂਸ਼ਿਤ ਪਾਣੀ, ਦੂਸ਼ਿਤ ਫਲ ਅਤੇ ਸਬਜ਼ੀਆਂ ਦੇ ਵਰਤੋਂ ਅਤੇ ਬਿਨਾਂ ਹੱਥਾਂ ਨੂੰ ਧੌਤੇ ਖਾਣ ਵਾਲਿਆਂ ਵਸਤਾ ਦੀ ਵਰਤੋਂ ਨਾਲ ਹੈਪਾਟੀਟਸ  ਏ ਅਤੇ ਈ ਰੋਗ ਮਨੁੱਖੀ ਸਰੀਰ ਵਿੱਚ ਫੈਲਦਾ ਹੈ। ਉਨ੍ਹਾਂ ਦੱਸਿਆ ਕੀ ਹੈਪੀਟੀਟਸ ਬੀ ਅਤੇ ਸੀ ਜਾਨਲੇਵਾ ਹੈ ਅਤੇ ਇਸ ਦੇ ਲੱਛਣ ਨਜ਼ਰ ਆਉਣ ’ਤੇ ਤੁਰੰਤ ਇਲਾਜ ਕਰਵਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹੈਪਾਟੀਟਸ ਸੀ ਦੀ ਦਵਾਈ ਕਾਫ਼ੀ ਮਹਿੰਗੀ ਹੁੰਦੀ ਸੀ, ਜਿਸ ਕਰਕੇ ਕਈ ਵਾਰ ਮਰੀਜ਼ ਦਵਾਈ ਲੈਣ ਤੋਂ ਅਸਮਰਥ ਹੋ ਜਾਂਦੇ ਸਨ ਜਿਸ ਕਾਰਨ ਕਈ ਵਾਰ ਮਰੀਜ਼ਾਂ ਨੂੰ ਆਪਣੀ ਜਾਨ ਤੱਕ ਗਵਾਨੀ ਪੈਂਦੀ ਸੀ। ਉਨ੍ਹਾਂ ਕਿਹਾ ਕਿ ਜਣੇਪੇ ਤੋ ਤੁਰੰਤ ਬਾਅਦ 24 ਘੰਟਿਆਂ ਵਿੱਚ ਨਵਜਨਮੇ ਬਚੇ ਨੂੰ ਹੈਪਾਟਾਈਟਸ ਦੀ ਵੈਕਸੀਨ  ਜ਼ਰੂਰ ਲਗਵਾਈ ਜਾਵੇ। ਉਨ੍ਹਾਂ ਦੱਸਿਆ ਕਿ ਹੁੱਣ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਹੈਪਾਟਾਈਟਸ ਸੀ ਦੇ ਪੀੜਤ ਮਰੀਜ਼ਾਂ ਨੂੰ ਮਾਹਿਰ ਡਾਕਟਰਾਂ ਵੱਲੋਂ ਮੁਫਤ ਵਿਚ ਚੈਕਅਪ ਕਰਨ ਦੇ ਨਾਲ-ਨਾਲ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਮਰੀਜ਼ ਲਗਾਤਾਰ ਦਵਾਈ ਦਾ ਇਸਤੇਮਾਲ ਕਰਕੇ ਆਪਣੀ ਜ਼ਿੰਦਗੀ ਨੂੰ ਬਚਾ ਸਕੇ।

 ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਯੁਵਰਾਜ ਨਾਰੰਗ ਨੇ ਦੱਸਿਆ ਕਿ ਇਕ ਹੀ ਸਰਿੰਜ ਦਾ ਅਲੱਗ-ਅਲੱਗ ਮਰੀਜ਼ ‘ਤੇ ਇਸਤੇਮਾਲ ਕਰਨਾ, ਸਰੀਰ ਦੇ ਕਿਸੇ ਅੰਗ ‘ਤੇ ਟੈਟੂ ਬਣਵਾਉਣਾ, ਸ਼ੇਵਿੰਗ ਰੇਜ਼ਰ ਤੇ ਟੂਥ ਬਰਸ਼ ਇਕ ਦੂਸਰੇ ਦਾ ਵਰਤਨਾ ਅਤੇ ਸੁਰੱਖਿਅਤ ਖੂਨ ਦੀ ਵਰਤੋਂ ਨਾ ਕਰਨਾ ਜਾਂ ਫ਼ਿਰ ਸੁਰੱਖਿਅਤ ਸੁਭੋਗ ਨਾ ਕਰਨ ਨਾਲ ਫੈਲਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਵਧਾਨੀਆਂ ਦਾ ਧਿਆਨ ਰੱਖ ਕੇ ਮਨੁੱਖ ਜਿੱਥੇ ਆਪਣੀ ਹੈਪੇਟਾਈਟਸ ਸੀ ਜਿਹੇ ਰੋਗ ਤੋਂ ਬਚ ਸਕਦਾ ਹੈ, ਉਥੇ ਕਈ ਹੋਰ ਭਿਆਨਕ ਬਿਮਾਰੀ ਦੇ ਫੈਲਣ ਤੋਂ ਵੀ ਮੁਕਤ ਰਹਿ ਸਕਦਾ ਹੈ।

ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਨੇਹਾ ਭੰਡਾਰੀ ਨੇ ਦੱਸਿਆ ਕਿ ਹੈਪੇਟਾਈਟਸ ਸੀ ਜਿਗਰ ਦੀ ਇਕ ਬਿਮਾਰੀ ਹੈ ਅਤੇ ਇਹ ਵਾਇਰਸ ਕਾਰਨ ਫੈਲਦੀ ਹੈ। ਉਨ੍ਹਾਂ ਕਿਹਾ ਕਿ ਮੌਸਮ ਦੇ ਬਦਲਣ ਨਾਲ ਜੇਕਰ ਮਨੁੱਖ ਨੂੰ ਬੁਖਾਰ ਚੜ੍ਹਣ ਲੱਗੇ ਤੇ ਕਮਜ਼ੋਰੀ ਮਹਿਸੂਸ ਹੋਵੇ ਜਾਂ ਭੁੱਖ ਨਾ ਲੱਗੇ, ਪੀਲਾ ਪਿਸ਼ਾਬ ਆਉਣਾ ਵਰਗੇ ਲੱਛਣ ਦਿੱਸਣ ਤਾਂ ਅਜਿਹੀ ਸਥਿਤੀ ਪੈਦਾ ਹੋਣ ‘ਤੇ ਤੁਰੰਤ ਮਰੀਜ਼ ਨੂੰ ਸਰਕਾਰੀ ਹਸਪਤਾਲ ਵਿਚ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਬਿਮਾਰੀ ਨੂੰ ਵਧਣ ਤੋਂ ਪਹਿਲਾ ਰੋਕ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਨੂੰ ਸਾਫ ਕਰਨ ਲਈ ਨੇੜਲੇ ਸਿਹਤ ਕੇਂਦਰ ਤੋਂ ਕਲੋਰੀਨ ਦੀਆਂ ਗੋਲੀਆਂ ਮੁਫਤ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਜਿਸ ਦਾ ਇਸਤੇਮਾਲ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਤੋਂ ਕਾਫੀ ਰਾਹਤ ਮਿਲਦੀ ਹੈ।

ਇਸ ਮੌਕੇ ਜਿਲ੍ਹਾ ਐਪੀਡੀਮੋਲੋਜਿਸਟ ਡਾ ਸਮਿੰਦਰ ਕੌਰ , ਡਾ ਵਨੀਤ ਮਹਿਤਾ, ਪਰਮਵੀਰ ਮੋਂਗਾ ਸੁਪਰੀਟੈਂਡੈਂਟ, ਵਿਕਾਸ ਕਾਲੜਾ ਪੀ.ਏ., ਪੂਜਾ ਡਾਟਾ ਮੈਨੇਜਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *