ਪੰਜਾਬ ਨੇ ਜੰਮੂ ਅਤੇ ਕਸ਼ਮੀਰ ਦੀ ਤਰਜ਼ ‘ਤੇ 16ਵੇਂ ਵਿੱਤ ਕਮਿਸ਼ਨ ਤੋਂ ਮੰਗਿਆ ਵਿਸ਼ੇਸ਼ ਉਦਯੋਗਿਕ ਪੈਕੇਜ਼

ਅੰਮ੍ਰਿਤਸਰ/ਚੰਡੀਗੜ੍ਹ, 23 ਜੁਲਾਈ:
ਪੰਜਾਬ ਨੇ 16ਵੇਂ ਵਿੱਤ ਕਮਿਸ਼ਨ ਅੱਗੇ ਆਪਣੇ ਕੇਸ ਨੂੰ ਬਾਖੂਬੀ ਢੰਗ ਨਾਲ ਰੱਖਦਿਆਂ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ‘ਤੇ ਉਦਯੋਗਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਜੰਮੂ ਅਤੇ ਕਸ਼ਮੀਰ ਦੀ ਤਰਜ਼ ‘ਤੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ ਤਾਂ ਜੋ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਪੂੰਜੀ ਦੇ ਪਲਾਇਨ (ਫਲਾਈਟ ਕੈਪੀਟਲ) ਨੂੰ ਨੱਥ ਪਾਈ ਜਾ ਸਕੇ।
ਅੱਜ ਇੱਥੇ 16ਵੇਂ ਵਿੱਤੀ ਕਮਿਸ਼ਨ ਦੇ ਚੇਅਰਮੈਨ ਅਰਵਿੰਦ ਪਨਗੜੀਆ ਅੱਗੇ ਆਪਣਾ ਕੇਸ ਰੱਖਦਿਆਂ ਵਧੀਕ ਮੁੱਖ ਸਕੱਤਰ (ਉਦਯੋਗ ਅਤੇ ਵਣਜ) ਤੇਜਵੀਰ ਸਿੰਘ ਨੇ ਪੰਜਾਬ ਦੇ ਅਨੁਕੂਲ ਉਦਯੋਗਿਕ ਮਾਹੌਲ ਦਾ ਹਵਾਲਾ ਦਿੰਦਿਆਂ ਉਦਯੋਗਿਕ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਨੂੰ ਯਕੀਨੀ ਬਣਾਉਣ ਲਈ ਕਮਿਸ਼ਨ ਤੋਂ ਲੋੜੀਂਦੇ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੱਤਾ।
ਦੱਸਣਯੋਗ ਹੈ ਕਿ ਪੇਸ਼ ਕੀਤੇ ਗਏ ਕੇਸ ਵਿੱਚ ਅਟਾਰੀ-ਵਾਹਗਾ ਬਾਰਡਰ ‘ਤੇ ਵਪਾਰਕ ਪਾਬੰਦੀ ਕਾਰਨ ਹੋਏ ਆਰਥਿਕ ਨੁਕਸਾਨ ਨੂੰ ਘਟਾਉਣ ਲਈ ਯਕਮੁਸ਼ਤ ਮੁਆਵਜ਼ੇ ਦੀ ਮੰਗ ਰੱਖਣ ਦੇ ਨਾਲ-ਨਾਲ ਲਾਂਘੇ ਦੇ ਮੁੜ ਖੁੱਲ੍ਹਣ ਤੱਕ ਸਾਲਾਨਾ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ। ਇਸ ਤੋਂ ਇਲਾਵਾ ਖੇਤੀਬਾੜੀ ਉਤਪਾਦਾਂ ਅਤੇ ਬਾਸਮਤੀ ਚੌਲਾਂ ਦੀ ਬਰਾਮਦ ਨੂੰ ਵਧਾਉਣ ਲਈ ਇੱਕ ਸਮਰਪਿਤ ਵਿਸ਼ੇਸ਼ ਆਰਥਿਕ ਨਿਰਯਾਤ ਜ਼ੋਨ ਦੀ ਵੀ ਮੰਗ ਕੀਤੀ ਗਈ।
ਉਦਯੋਗਿਕ ਖੇਤਰ ਨੂੰ ਪੈਰਾਂ ਸਿਰ ਕਰਨ ਲਈ ਉਦਯੋਗਾਂ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਵਿੱਚ ਲੌਜਿਸਟਿਕਸ ਦੀ ਉੱਚ ਲਾਗਤ ਨੂੰ ਪੂਰਾ ਕਰਨ ਲਈ ਮਾਲ ਭਾੜੇ ਦੀ ਸਬਸਿਡੀ ਦੀ ਮੰਗ ਵੀ ਕੀਤੀ। ਇਸੇ ਤਰ੍ਹਾਂ ਖੇਤੀਬਾੜੀ ਸੈਕਟਰ ਵਿੱਚ ਫ਼ਸਲੀ ਵਿਭਿੰਨਤਾ, ਮੁਕਾਬਲੇਬਾਜ਼ੀ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਉਤਪਾਦਨ-ਲਿੰਕਡ ਇੰਸੈਂਟਿਵ (ਪੀ.ਐਲ.ਆਈ.) ਸਕੀਮ, ਉਦਯੋਗਿਕ ਵਿਕਾਸ, ਮੁਕਾਬਲੇਬਾਜ਼ੀ ਅਤੇ ਆਧੁਨਿਕੀਕਰਨ ਨੂੰ ਉਤਸ਼ਾਹਿਤ ਕਰਨ ਲਈ ਮਿਆਦੀ ਕਰਜ਼ਿਆਂ ਅਤੇ ਚਲੰਤ ਪੂੰਜੀ ‘ਤੇ ਸਬਸਿਡੀ ਵਾਲੀਆਂ ਵਿਆਜ ਦਰਾਂ ਦੀ ਵੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਸਰਹੱਦੀ ਉਦਯੋਗ ਨੂੰ ਸਹਾਰਾ ਦੇਣ ਲਈ ਪਹਾੜੀ ਰਾਜਾਂ ਦੀ ਤਰਜ਼ ‘ਤੇ ਵਿਸ਼ੇਸ਼ ਕਰ ਲਾਭਾਂ ਦੀ ਵੀ ਮੰਗ ਕੀਤੀ ਗਈ।
ਇਸ ਮੌਕੇ ਵੱਖ-ਵੱਖ ਸੈਕਟਰਾਂ ਦੇ ਉਦਯੋਗਪਤੀਆਂ ਨੇ ਕਮਿਸ਼ਨ ਨੂੰ ਸੂਬੇ ਦੀਆਂ ਐੱਮ.ਐੱਸ.ਐੱਮ.ਈਜ਼ ਨੂੰ ਹੁਲਾਰਾ ਦੇਣ ਲਈ ਰਿਆਇਤਾਂ ਪ੍ਰਦਾਨ ਕਰਨ ਦੀ ਲੋੜ ਤੋਂ ਜਾਣੂ ਕਰਵਾਇਆ। ਇਸ ਦੇ ਨਾਲ ਹੀ ਪੰਜਾਬ ਨੂੰ ਖੇਪ ਦੀ ਸਮੇਂ-ਸਿਰ ਡਲਿਵਾਰੀ ਵਾਸਤੇ ਬੰਦਰਗਾਹਾਂ ‘ਤੇ ਮਜ਼ਬੂਤ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ, ਮਾਝੇ ਅਤੇ ਦੁਆਬੇ ਵਿੱਚ ਹਸਪਤਾਲ ਦੇ ਰੂਪ ਵਿੱਚ ਬਿਹਤਰ ਮੈਡੀਕਲ ਬੁਨਿਆਦੀ ਢਾਂਚਾ, ਹਰੇਕ ਸ਼ਹਿਰ ਵਿੱਚ ਈ.ਐਸ.ਆਈ. ਹਸਪਤਾਲ, ਇੱਕ ਮੁਲਕ ਇੱਕ ਟੈਰਿਫ਼ ਨੀਤੀ, ਮੁਕਤ ਵਪਾਰ ਸਮਝੌਤਿਆਂ (ਐਫਟੀਏ) ਉੱਤੇ ਹਸਤਾਖਰ ਕਰਨ ਤੋਂ ਪਹਿਲਾਂ ਸਨਅਤ ਨੂੰ ਭਰੋਸੇ ਵਿੱਚ ਲੈਣਾ, ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਵਾਸਤੇ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪੈਕੇਜ, ਸ਼ਹਿਰੀ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਨਗਰ ਨਿਗਮਾਂ ਨੂੰ ਗ੍ਰਾਂਟਾਂ, ਐਮ.ਐਸ.ਐਮ.ਈਜ਼ ਲਈ ਕੌਮੀ ਪੱਧਰ ਦੇ ਫੰਡ, ਪ੍ਰਾਹੁਣਚਾਰੀ ਖੇਤਰ ਨੂੰ ਉਦਯੋਗ ਦਾ ਦਰਜਾ ਦੇਣ, ਛੇਤੀ ਖ਼ਰਾਬ ਹੋਣ ਅਤੇ ਨਿਰਯਾਤ ਕੀਤੇ ਜਾਣ ਵਾਲੇ ਫਲ ਉਤਪਾਦਾਂ ਨੂੰ ਸੁਰੱਖਿਅਤ ਰੱਖਣ ਲਈ ਹਵਾਈ ਅੱਡਿਆਂ ‘ਤੇ ਕੋਲਡ ਚੈਂਬਰ, ਫਸਲੀ ਵਿਭਿੰਨਤਾ, ਜਲ ਸਰੋਤਾਂ ਅਤੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਸਬੰਧੀ ਮੰਗਾਂ ਵੀ ਰੱਖੀਆਂ ਗਈਆਂ।
ਮੈਸਰਜ਼ ਸਾਵੀ ਇੰਟਰਨੈਸ਼ਨਲ ਜਲੰਧਰ ਦੇ ਡਾਇਰੈਕਟਰ ਮੁਕਿਲ ਵਰਮਾ ਨੇ ਖੇਡ ਉਦਯੋਗ ਨੂੰ ਹੁਲਾਰਾ ਦੇਣ ਦੀ ਲੋੜ ‘ਤੇ ਚਾਨਣਾ ਪਾਇਆ ਕਿਉਂਕਿ ਸਾਡਾ ਗੁਆਂਢੀ ਦੇਸ਼ ਖੇਡ ਵਸਤਾਂ ਦੇ ਨਿਰਯਾਤ ਵਿੱਚ ਬਹੁਤ ਅੱਗੇ ਹੈ।
ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਐਨ ਆਰ ਆਈ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਬਿਜਲੀ ਮੰਤਰੀ ਹਰਭਜਨ ਸਿੰਘ ਈਟੀਉ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸ਼੍ਰੀ ਅਰਵਿੰਦ ਪਨਗੜੀਆ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਘਨਸ਼ਿਆਮ ਥੋਰੀ, ਸੀ.ਈ.ਓ. ਇਨਵੈਸਟ ਪੰਜਾਬ ਅਤੇ ਡਾਇਰੈਕਟਰ ਉਦਯੋਗ ਤੇ ਵਣਜ ਡੀ.ਪੀ.ਐਸ .ਖਰਬੰਦਾ, ਸੀ.ਆਈ.ਆਈ. ਪੰਜਾਬ ਦੇ ਚੇਅਰਮੈਨ ਅਭਿਸ਼ੇਕ ਗੁਪਤਾ, ਪੀ.ਐਚ.ਡੀ.ਸੀ.ਸੀ.ਆਈ. ਪੰਜਾਬ ਦੇ ਰੀਜ਼ਨਲ ਚੇਅਰਮੈਨ ਆਰ.ਐਸ. ਸਚਦੇਵਾ, ਚੇਅਰਮੈਨ ਮੈਸਰਜ਼ ਪੀ.ਐਚ.ਡੀ.ਸੀ.ਸੀ.ਆਈ. ਪੰਜਾਬ ਕਰਨ ਗਿਲਹੋਤਰਾ, ਫੈਡਰੇਸ਼ਨ ਆਫ ਇੰਡੀਆ ਐਕਸਪੋਰਟ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਅਤੇ ਵਿਕਟਰ ਟੂਲਜ਼ ਐਂਡ ਫਾਰਗਿੰਗਜ਼ ਜਲੰਧਰ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਵਿਕਟਰ, ਸਪੋਰਟਸ ਗੁਡਜ਼ ਮੈਨੂਫੈਕਚਰਰ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਜਲੰਧਰ ਦੇ ਜਨਰਲ ਸਕੱਤਰ, ਮੈਸਰਜ਼ ਸਾਵੀ ਇੰਟਰਨੈਸ਼ਨਲ ਜਲੰਧਰ ਮੁਕਿਲ ਵਰਮਾ, ਪ੍ਰਿੰਟਿੰਗ ਅਤੇ ਪ੍ਰੋਸੈਸਿੰਗ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਕ੍ਰਿਸ਼ਨ ਸ਼ਰਮਾ, ਪੰਜਾਬ ਰਾਈਸ ਮਿਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਅਸ਼ੋਕ ਕੁਮਾਰ ਸੇਠੀ, ਅਰਵਿੰਦਰ ਪਾਲ ਸਿੰਘ (ਲਾਲ ਕਿਲਾ), ਵਿੱਤ ਸਕੱਤਰ ਸੀਆਈਸੀਯੂ ਲੁਧਿਆਣਾ ਅਜੈ ਭਾਰਤੀ, ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਅਰਵਿੰਦ ਪਾਲ ਸਿੰਘ ਚੱਠਾ, ਪੰਜਾਬ ਪ੍ਰਦੇਸ਼ ਵਪਾਰ ਮੰਡਲ (ਰਜਿ.) ਅੰਮ੍ਰਿਤਸਰ ਦੇ ਪ੍ਰਧਾਨ ਪਿਆਰਾ ਲਾਲ ਸੇਠ, ਬਾਲ ਕਲਾਂ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਸੰਦੀਪ ਖੋਸਲਾ, ਫੋਕਲ ਪੁਆਇੰਟ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਕਮਲ ਡਲਮੀਆ, ਸੰਗਰੂਰ ਇੰਡਸਟਰੀਅਲ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਘਨਸ਼ਿਆਮ ਕਾਂਸਲ, ਮੈਸਰਜ਼ ਸੁਖਜੀਤ ਸਟਾਰਚ ਫਗਵਾੜਾ ਦੇ ਐਮ.ਡੀ., ਮੈਸਰਜ਼ ਗੰਗਾ ਐਕਰੋਵੂਲ ਲੁਧਿਆਣਾ ਦੇ ਐਮ.ਡੀ. ਅਮਿਤ ਥਾਪਰ ਅਤੇ ਮੈਸਰਜ਼ ਵਰਧਮਾਨ ਗਰੁੱਪ ਦੇ ਚੇਅਰਮੈਨ ਸਚਿਤ ਜੈਨ ਸ਼ਾਮਲ ਸਨ।

Leave a Reply

Your email address will not be published. Required fields are marked *