ਪੋਸ਼ਣ ਸੁਰੱਖਿਆ ਸੰਮੇਲਨ: ਸਕੂਲ ਅਤੇ ਭਾਈਚਾਰਕ ਸਿਹਤ ਪ੍ਰੋਗਰਾਮਾਂ ਨੂੰ ਹੁਲਾਰਾ ਦੇਣ ਲਈ ਬਹੁ-ਵਿਭਾਗੀ ਸਹਿਯੋਗ ਮਹੱਤਵਪੂਰਨ


ਚੰਡੀਗੜ੍ਹ, 22 ਅਪ੍ਰੈਲ:

ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਸੂਬੇ ਭਰ ਦੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਪੋਸ਼ਣ ਸੁਰੱਖਿਆ, ਸਿਹਤ ਲਈ ਲਾਹੇਵੰਦ ਜੜ੍ਹੀਆਂ-ਬੂਟੀਆਂ ਦੀ ਬਾਗਬਾਨੀ ਅਤੇ ਸਿਹਤ ਸਿੱਖਿਆ ਪਹਿਲਕਦਮੀਆਂ ਨੂੰ ਹੁਲਾਰਾ ਦੇਣ ’ਤੇ ਕੇਂਦ੍ਰਿਤ ਇੱਕ ਉੱਚ-ਪੱਧਰੀ ਬਹੁ-ਵਿਭਾਗੀ ਮੀਟਿੰਗ ਕਰਵਾਈ।
ਸ੍ਰੀ ਬਾਲ ਮੁਕੁੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਸ਼ਨ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਮੈਗਸਿਪਾ, ਚੰਡੀਗੜ੍ਹ ਦੇ ਮੁੱਖ ਵਿਸ਼ਾ ਵਸਤੂ ਮਾਹਿਰ ਸ਼ਾਮਲ ਹੋਏ ਤਾਂ ਜੋ ਪੋਸ਼ਣ ਪ੍ਰੋਗਰਾਮਾਂ ਨੂੰ ਲਾਗੂ ਕਰਨ ਅਤੇ ਸਕੇਲਿੰਗ ਕਰਨ ਲਈ ਰਣਨੀਤੀਆਂ ਤਿਆਰ ਕੀਤੀਆਂ ਜਾ ਸਕਣ, ਜਿਸ ਵਿੱਚ ਵਿਦਿਆ ਨੂੰ ਵਿਹਾਰਕ ਬਾਗਬਾਨੀ ਪਹਿਲਕਦਮੀਆਂ ਨਾਲ ਜੋੜਿਆ ਜਾਵੇਗਾ।

ਚੇਅਰਮੈਨ ਸ੍ਰੀ ਸ਼ਰਮਾ ਨੇ ਖੁਰਾਕ ਸੁਰੱਖਿਆ ਪ੍ਰਤੀ ਕਮਿਸ਼ਨ ਦੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਕਿਹਾ, ‘‘ਸਾਡਾ ਉਦੇਸ਼ ਟਿਕਾਊ ਮਾਡਲ ਬਣਾਉਣਾ ਹੈ, ਜੋ ਨਾ ਸਿਰਫ਼ ਤੁਰੰਤ ਪੋਸ਼ਣ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਦਾ ਹੋਵੇ ਸਗੋਂ ਬੱਚਿਆਂ ਲਈ ਸਿਹਤਮੰਦ ਭੋਜਨ ਵਿਕਲਪਾਂ ਬਾਰੇ ਸਥਾਈ ਜਾਗਰੂਕਤਾ ਵੀ ਪੈਦਾ ਕਰਦੇ ਹੋਣ।’’

ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਾਬਕਾ ਸਕੱਤਰ ਡਾ. ਬੀ.ਸੀ. ਗੁਪਤਾ, ਆਈ.ਏ.ਐਸ. (ਸੇਵਾਮੁਕਤ) ਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੀ ਮਹੱਤਤਾ ਬਾਰੇ ਅਹਿਮ ਨੁਕਤੇ ਸਾਂਝੇ ਕੀਤੇ , ਜਦੋਂ ਕਿ ਉਨ੍ਹਾਂ ਦੀਆਂ ਤਕਨੀਕੀ ਪੇਸ਼ਕਾਰੀਆਂ ਰਾਹੀਂ ਸਕੂਲਾਂ ਵਿੱਚ ਉਪਲਬਧ ਸਰੋਤਾਂ, ਪੋਸ਼ਣ ਵਾਟਿਕਾ ਪਹਿਲਕਦਮੀਆਂ ਦੀ ਮੌਜੂਦਾ ਸਥਿਤੀ ਅਤੇ ਪੰਜਾਬ ਦੀਆਂ ਜਲਵਾਯੂ ਸਥਿਤੀਆਂ ਅਨੁਸਾਰ ਤਿਆਰ ਕੀਤੇ ਖੇਤੀਬਾੜੀ ਮਾਡਲਾਂ ਬਾਰੇ ਜਾਣਕਾਰੀ ਦਿੱਤੀ ਗਈ।

ਮੀਟਿੰਗ ਦੌਰਾਨ ਵਿਹਾਰਕ ਲਾਗੂਕਰਨ ਦੇ ਸਾਧਨਾਂ ’ਤੇ ਜ਼ੋਰ ਦਿੱਤਾ ਗਿਆ ਅਤੇ ਮੈਂਬਰ ਸਕੱਤਰ ਸ੍ਰੀ ਕਮਲ ਕੁਮਾਰ ਗਰਗ, ਆਈਏਐਸ ਨੇ ਚੁਣੇ ਹੋਏ ਸਕੂਲਾਂ ਵਿੱਚ ਪਾਇਲਟ ਪ੍ਰੋਗਰਾਮ ਸ਼ੁਰੂ ਕਰਨ ਦੀਆਂ ਯੋਜਨਾਵਾਂ ਦੀ ਰੂਪਰੇਖਾ ਪ੍ਰਦਾਨ ਕੀਤੀ, ਜੋ ਵਿਆਪਕ ਤੌਰ ‘ਤੇ ਹੋਰਨਾਂ ਸਕੂਲ ਵਿੱਚ ਵੀ ਮਾਡਲ ਵਜੋਂ ਕੰਮ ਕਰ ਸਕਦੇ ਹਨ।

ਭਾਗੀਦਾਰਾਂ ਨੇ ਪ੍ਰੋਗਰਾਮ ਦੀ ਪ੍ਰਭਾਵਸ਼ੀਲਤਾ ਵਧਾਉਣ ਲਈ ਸਰਕਾਰੀ ਵਿਭਾਗਾਂ, ਅਕਾਦਮਿਕ ਸੰਸਥਾਵਾਂ ਅਤੇ ਪ੍ਰਾਈਵੇਟ ਸੰਸਥਾਵਾਂ ਦਰਮਿਆਨ ਸੰਭਾਵੀ ਭਾਈਵਾਲੀ ਦੀ ਵੀ ਪੜਚੋਲ ਕੀਤੀ।

ਮੀਟਿੰਗ ਵਿੱਚ ਵੱਖ-ਵੱਖ ਖੇਤਰਾਂ ਦੇ ਮੁੱਖ ਭਾਈਵਾਲਾਂ ਦੀ ਵਿਸ਼ੇਸ਼ ਭਾਗੀਦਾਰੀ ਦੇਖੀ ਗਈ । ਸ਼੍ਰੀ ਕਮਲਦੀਪ ਸਿੰਘ ਸੰਘਾ, ਆਈਏਐਸ (ਸੇਵਾਮੁਕਤ) ਨੇ ਪੋਸ਼ਣ, ਸਫਾਈ ਅਤੇ ਸਿਹਤ ਸਿੱਖਿਆ ਦੀ  ਅੰਤਰ-ਨਿਰਭਰਤਾ ’ਤੇ ਜ਼ੋਰ ਦਿੱਤਾ, ਜਦੋਂ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਚੇਅਰਮੈਨ ਡਾ. ਸਤਵਿੰਦਰ ਸਿੰਘ ਮਰਵਾਹਾ ਨੇ ਭੋਜਨ ਦੀ ਗੁਣਵੱਤਾ ਅਤੇ ਸੁਰੱਖਿਆ ਪ੍ਰੋਟੋਕੋਲ ਦੇ ਜ਼ਰੂਰੀ ਪਹਿਲੂਆਂ ਦੇ ਪੱਖ ਉਭਾਰੇ। ਇਹ ਸਿਲਸਿਲਾ, ਸ਼੍ਰੀ ਵਰਿੰਦਰ ਬਰਾੜ ਵੱਲੋਂ ਸਕੂਲਾਂ ਵਿੱਚ ਸਰੋਤਾਂ ਦੀ ਉਪਲਬਧਤਾ ’ਤੇ  ਵਿਹਾਰਕ ਜਾਣਕਾਰੀ ਤੇ ਸਮਝ-ਬੂਝ ਅਤੇ ਸ਼੍ਰੀ ਸੁਖਦੀਪ ਸਿੰਘ ਝੱਜ ਦੀ ਪੋਸ਼ਣ ਵਾਟਿਕਾ ਪਹਿਲਕਦਮੀਆਂ ’ਤੇ ਵਿਆਪਕ ਪੇਸ਼ਕਾਰੀ ਨਾਲ  ਜਾਰੀ ਰਿਹਾ। ਇਹਨਾਂ ਅਹਿਮ ਪੱਖਾਂ ਹੋਰ ਅੱਗੇ ਤੋਰਦਿਆਂ , ਸ਼੍ਰੀ ਸੁਖਦੀਪ ਸਿੰਘ ਹੁੰਦਲ ਨੇ ਜਲਵਾਯੂ- ਸਥਿਤੀ ਅਨੁਸਾਰ ਬਾਗਬਾਨੀ ਮਾਡਲਾਂ ਬਾਰੇ ਮਾਹਰ ਸਲਾਹ ਤੇ ਜਾਣਕਾਰੀ ਸਾਂਝੀ ਕੀਤੀ, ਜਦੋਂ ਕਿ ਡਾ. ਅਜੀਤ ਦੁਆ ਨੇ ਭੋਜਨ ਜਾਂਚ ਦੇ ਮਿਆਰਾਂ ਅਤੇ ਲਾਗੂਕਰਨ ਢਾਂਚੇ ’ਤੇ ਵਿਸਥਾਰ ਨਾਲ ਦੱਸਿਆ।

ਪੌਸ਼ਟਿਕ ਸੁਰੱਖਿਆ ਬਾਰੇ ਅਹਿਮ ਪਹਿਲੂਆਂ ’ਤੇ ਵੱਖ-ਵੱਖ ਮਾਹਰਾਂ ਦੀ ਅਹਿਮ ਤੇ ਡੂੰਘੀ ਨੁਕਤਾ-ਨਿਗਾਰੀ ਨੇ ਚਰਚਾ ਨੂੰ ਹੋਰ ਪ੍ਰਭਾਵੀ ਤੇ ਅਸਰਅੰਦਾਜ਼ ਬਣਾਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਡਾ. ਜਸਵਿੰਦਰ ਬਰਾੜ ਨੇ ਵੱਖ-ਵੱਖ ਫਲਾਂ ਦੀ ਕਾਸ਼ਤ ਰਾਹੀਂ ਖੁਰਾਕੀ ਵਿਭਿੰਨਤਾ ਨੂੰ ਵਧਾਉਣ ਲਈ ਰਣਨੀਤੀਆਂ ਦੀ ਰੂਪਰੇਖਾ ਸਾਂਝੀ ਕੀਤੀ, ਜਦੋਂ ਕਿ ਡਾ. ਅੰਮ੍ਰਿਤ ਸਿੰਘ ਸੇਖੋਂ ਨੇ ਜ਼ਮੀਨੀ ਪੱਧਰ ’ਤੇ ਸਿਹਤ ਪ੍ਰੋਜੈਕਟਾਂ ਵਿੱਚ ਪ੍ਰਵਾਸੀਆਂ ਦੀ ਸ਼ਮੂਲੀਅਤ ਸਬੰਧੀ ਮੌਕਿਆਂ ਦਾ ਜ਼ਿਕਰ ਕੀਤਾ । ਡਾ. ਐਸ.ਕੇ. ਵੱਲੋਂ ਪੋਸ਼ਣ ਪ੍ਰੋਗਰਾਮਾਂ ਵਿੱਚ ਆਯੁਰਵੈਦਿਕ ਏਕੀਕਰਨ ਅਤੇ ਪ੍ਰੋਗਰਾਮ ਨਿਗਰਾਨੀ ਅਤੇ ਮੁਲਾਂਕਣ ਲਈ ਖੇਤੀਬਾੜੀ-ਤਕਨੀਕੀ ਹੱਲਾਂ ਦਾ ਲਾਭ ਉਠਾਉਣ ਬਾਰੇ ਸ਼੍ਰੀ ਤਰਨਜੀਤ ਸਿੰਘ ਭਮਰਾ ਦੀ ਜਾਣਕਾਰੀ ਨੇ  ਗੱਲਬਾਤ ਨੂੰ ਹੋਰ ਮਜ਼ਬੂਤ ਕੀਤਾ । ਕਮਿਸ਼ਨ ਦੇ ਮੈਂਬਰਾਂ ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਅਤੇ ਸ਼੍ਰੀ ਵਿਜੇ ਦੱਤ ਨੇ ਕ੍ਰਮਵਾਰ ਪ੍ਰਤੱਖ ਖੇਤਰੀ ਨਿਰੀਖਣ ਅਤੇ ਧੰਨਵਾਦੀ ਮਤੇ ਨਾਲ ਪ੍ਰੋਗਰਾਮ ਸਿਖ਼ਰਲੇ ਅਯਾਮ ਤੇ ਜਾ ਅੱਪੜਿਆ।

ਸੰਮੇਲਨ 30 ਦਿਨਾਂ ਦੇ ਅੰਦਰ ਠੋਸ ਕਾਰਜ ਯੋਜਨਾਵਾਂ ਵਿਕਸਤ ਕਰਨ ਦੀ ਵਚਨਬੱਧਤਾ ਨਾਲ ਸਮਾਪਤ ਹੋਇਆ, ਜਿਸ ਵਿੱਚ ਭੋਜਨ ਗੁਣਵੱਤਾ ਜਾਂਚ, ਪ੍ਰੋਗਰਾਮ ਨਿਗਰਾਨੀ ਅਤੇ ਭਾਈਚਾਰਕ ਸ਼ਮੂਲੀਅਤ ਲਈ ਨਵੀਨਤਾਕਾਰੀ ਪਹੁੰਚਾਂ ਨੂੰ ਪੇਸ਼ ਕਰਦੇ ਹੋਏ ਮੌਜੂਦਾ ਬੁਨਿਆਦੀ ਢਾਂਚੇ ਦਾ ਲਾਭ ਉਠਾਉਣ ’ਤੇ ਧਿਆਨ ਕੇਂਦਰਿਤ ਕੀਤਾ ਗਿਆ।

Leave a Reply

Your email address will not be published. Required fields are marked *