ਸੀਐਮ ਭਗਵੰਤ ਮਾਨ ਖਿਲਾਫ਼ ਲੜਾਈ ਦੇ ਐਲਾਨ ਤੋਂ ਅਗਲੇ ਹੀ ਦਿਨ ਮਜੀਠੀਆ ਨੂੰ ਮੁੜ ਝਟਕਾ!

Amritsar News: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਮਜੀਠੀਆ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਲੜਾਈ ਜਾਰੀ ਰੱਖਣ ਦੇ ਐਲਾਨ ਤੋਂ ਅਗਲੇ ਹੀ ਦਿਨ ਉਨ੍ਹਾਂ ਨੂੰ ਐਸਆਈਟੀ ਨੇ ਮੁੜ ਤਲਬ ਕਰ ਲਿਆ ਹੈ। ਹੁਣ ਉਨ੍ਹਾਂ ਨੂੰ ਡਰੱਗ ਮਾਮਲੇ ਵਿੱਚ 27 ਦਸੰਬਰ ਨੂੰ ਵਿਸ਼ੇਸ਼ ਜਾਂਚ ਕਮੇਟੀ (ਐਸਆਈਟੀ) ਸਾਹਮਣੇ ਪੇਸ਼ ਹੋਣਾ ਪਵੇਗਾ।

ਦੱਸ ਦਈਏ ਕਿ ਨਸ਼ਾ ਤਸਕਰੀ ਸਬੰਧੀ ਦੋ ਸਾਲ ਪਹਿਲਾਂ ਦਰਜ ਹੋਏ ਇੱਕ ਕੇਸ ਦਾ ਸਾਹਮਣਾ ਕਰ ਰਹੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਸੋਮਵਾਰ ਨੂੰ ਹੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ‘ਸਪੈਸ਼ਲ ਇਨਵੈਸਟੀਗੇਸ਼ਨ ਟੀਮ’ (ਸਿਟ) ਵੱਲੋਂ ਆਈਜੀ ਦਫਤਰ ਵਿੱਚ ਲਗਾਤਾਰ ਸੱਤ ਘੰਟੇ ਪੁੱਛ-ਪੜਤਾਲ ਕੀਤੀ ਗਈ। ਸੂਤਰਾਂ ਮੁਤਾਬਕ ਮੀਜੀਠੀਆ ਕੋਲੋਂ 43 ਮੁੱਖ ਸਵਾਲਾਂ ਤੋਂ ਇਲਾਵਾ ਕੁਝ ਹੋਰ ਸਵਾਲ ਵੀ ਪੁੱਛੇ ਗਏ।

ਇਸ ਦੌਰਾਨ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹੁਣ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਉਹ ਪਿੱਛੇ ਨਹੀਂ ਹਟਣਗੇ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦਾ ਮੂੰਹ ਬੰਦ ਕਰਵਾਉਣ ਦਾ ਇੱਕੋ-ਇੱਕ ਰਸਤਾ ਜੇਲ੍ਹ ਵਿੱਚ ਭੇਜਣਾ ਹੈ ਪਰ ਭਗਵੰਤ ਮਾਨ ਉਨ੍ਹਾਂ ਨੂੰ ਜੇਲ੍ਹ ’ਚ ਵੀ ਬਹੁਤਾ ਚਿਰ ਨਹੀਂ ਰੱਖ ਸਕਣਗੇ ਕਿਉਂਕਿ ਕਾਨੂੰਨ ਤੇ ਪ੍ਰਮਾਤਮਾ ਨਾਮ ਦੀ ਵੀ ਕੋਈ ਚੀਜ਼ ਹੈ, ਜਿਨ੍ਹਾਂ ’ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਉਹ ਹੁਣ ਆਰ-ਪਾਰ ਦੀ ਲੜਾਈ ਲੜਨਗੇ। ਇਸ ਕੇਸ ਨੂੰ ਸਿਆਸੀ ਕਿੜ ਦਾ ਨਾਮ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਅਸਲ ’ਚ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਧੀ ਦੇ ਹੱਕ ’ਚ ਬੋਲਣਾ ਪਸੰਦ ਨਹੀਂ ਆਇਆ ਤੇ ਅਗਲੇ ਦਿਨ ਹੀ ਸੰਮਨ ਭਿਜਵਾ ਦਿੱਤੇ। ਉਨ੍ਹਾਂ ਕਿਹਾ ਕਿ ਇਹ ਉਹੀ ਕੇਸ ਹੈ, ਜਿਸ ਸਬੰਧੀ ਕੇਜਰੀਵਾਲ ਉਨ੍ਹਾਂ ਕੋਲੋਂ ਮੁਆਫੀ ਮੰਗ ਚੁੱਕੇ ਹਨ। ਮਜੀਠੀਆ ਨੇ ਕਿਹਾ ਕਿ ਇਸ ਸਿਟ ਦੇ ਮੁਖੀ ਮੁਖਵਿੰਦਰ ਛੀਨਾ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਹੁਣ ਮੁੱਖ ਮੰਤਰੀ ਨੂੰ ਸਿਟ ਦਾ ਅਗਲਾ ਮੁਖੀ ਖੁਦ ਬਣ ਜਾਣਾ ਚਾਹੀਦਾ ਹੈ ਤਾਂ ਜੋ ਅਧਿਕਾਰੀਆਂ ਰਾਹੀਂ ਸਵਾਲ ਪੁੱਛਣ ਦੀ ਜਗ੍ਹਾ ਉਹ ਸਾਹਮਣੇ ਬੈਠ ਕੇ ਖੁਦ ਹੀ ਸਵਾਲ ਪੁੱਛ ਲੈਣ। ਇਸ ਦੇ ਨਾਲ ਹੀ ਉਹ ਆਪਣੇ ਓਐਸਡੀ ਰਾਜਵੀਰ ਘਰਾਚੋਂ ਤੇ ਸੁਖਬੀਰ ਖਰਾਚੋਂ ਤੋਂ ਇਲਾਵਾ ਮੀਡੀਆ ਸਲਾਹਕਾਰ ਬਲਤੇਜ ਪੰਨੂ ਨੂੰ ਵੀ ਮੈਂਬਰਾਂ ਵਜੋਂ ਸਿਟ ’ਚ ਸ਼ਾਮਲ ਕਰ ਲੈਣ।

Leave a Reply

Your email address will not be published. Required fields are marked *