ਸਬਸਿਡੀ ਤੇ ਖੇਤੀ ਮਸ਼ੀਨਰੀ ਲੈਣ ਵਾਲੇ ਕਿਸਾਨਾਂ ਲਈ ਕਿਰਾਏ ਤੇ ਹੋਰਨਾਂ ਕਿਸਾਨਾਂ ਦੀ ਪਰਾਲੀ ਦਾ ਪ੍ਰਬੰਧਨ ਕਰਨਾ ਜ਼ਰੂਰੀ : ਡਿਪਟੀ ਕਮਿਸ਼ਨਰ

ਫਰੀਦਕੋਟ : 19 ਅਕਤੂਬਰ 2024 (      ) ਜ਼ਿਲਾ ਫਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਜ਼ੀਰੋ ਪੱਧਰ ਤੇ ਲਿਆਉਣ ਦੇ ਟੀਚੇ ਦੀ ਪੂਰਤੀ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਤਹਿਤ    ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੱਲੋਂ ਕਿਸਾਨਾਂ ਵਿਸ਼ੇਸ਼ ਕਰਕੇ ਛੋਟੇ ਕਿਸਾਨਾਂ ਦੀ ਸਹੂਲਤ ਲਈ ਜਿਲ੍ਹਾ ਫਰੀਦਕੋਟ ਵਿੱਚ ਪੰਜਾਬ ਸਰਕਾਰ ਵਲੋਂ ਸਬਸਿਡੀ ਤੇ ਖੇਤੀ ਮਸ਼ੀਨਰੀ ਦੀ ਪਿੰਡ ਵਾਰ ਸੂਚੀ ਵੈੱਬਸਾਈਟ ਤੇ ਅੱਪਲੋਡ ਕਰਕੇ ਜਾਰੀ ਕੀਤੀ  ਅਤੇ ਇਸ ਸੂਚੀ ਤਕ ਪਹੁੰਚ ਵਧਾਉਣ ਲਈ QR code ਵੀ ਜਾਰੀ ਕੀਤਾ ਗਿਆ,ਜਿਸ ਦੀ ਵਰਤੋਂ ਕਰਕੇ ਕੋਈ ਵੀ ਕਿਸਾਨ ਆਪਣੇ ਪਿੰਡ ਵਿੱਚ ਨਿੱਜੀ ਕਿਸਾਨਾਂ ਜਾਂ ਸਹਿਕਾਰੀ ਸਭਾਵਾਂ ਕੋਲ ਮੌਜੂਦ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦਾ ਪਤਾ ਲਗਾ ਕੇ ਕਿਰਾਏ ਤੇ ਲੈ ਕੇ ਆਪਣੀ ਕਣਕ ਦੀ ਬਿਜਾਈ ਕਰ ਸਕਦਾ ਹੈ।
 ਕਿਸਾਨਾਂ ਤਕ ਖੇਤੀ ਮਸ਼ੀਨਰੀ ਦੀ ਪਹੁੰਚ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਪੰਜ ਸਾਲ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਬਸਿਡੀ ਤੇ ਕਿਸਾਨਾਂ ਨੂੰ 6200 ਮਸ਼ੀਨਾਂ ਉਪਲਬਧ ਕਰਵਾਈਆਂ ਗਈਆਂ ਹਨ ਜਿਨ੍ਹਾਂ ਵਿਚੋਂ 2410 ਸੁਪਰ ਸੀਡਰ ,563ਹੈਪੀ ਸੀਡਰ ,380ਸਰਫੇਸ ਸੀਡਰ 38 ਅਤੇ 105 ਬੇਲਰ  ਹਨ। ਉਨਾਂ ਦੱਸਿਆ ਕਿ ਇਸ ਸਾਲ ਹੁਣ ਤੱਕ 191ਕਿਸਾਨਾਂ ਨੁੰ ਸਬਸਿਡੀ ਤੇ 510 ਮਸ਼ੀਨਾਂ ਖਰੀਦਣ ਲਈ  ਮਨਜ਼ੂਰੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਜਿਸ ਵਿਚੋਂ 210 ਮਸ਼ੀਨਾਂ ਖਰੀਦੀਆਂ ਜਾ ਚੁੱਕੀਆਂ  ਚੁੱਕੀਆਂ ਹਨ। ਉਨ੍ਹਾਂ ਲਾਭਪਾਤਰੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿੰਨਾ ਕਿਸਾਨਾਂ ਨੇ ਮਨਜੂਰੀ ਪੱਤਰ ਮਿਲਣ ਦੇ ਬਾਵਜੂਦ ਅਜੇ ਤਕ ਮਸ਼ੀਨਾਂ ਨਹੀਂ ਖਰੀਦੀਆਂ ,ਉਹ ਇਕ ਹਫਤੇ ਦੇ ਅੰਦਰ ਅੰਦਰ ਖਰੀਦ ਲੈਣ। ਉਨ੍ਹਾਂ  ਦੱਸਿਆ ਕਿ ਕਿਸਾਨ ਘੱਟ ਰੇਟਾਂ ਤੇ ਕਿਰਾਏ ਵਾਲੀ ਮਸ਼ੀਨਰੀ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਪ੍ਰਾਈਵੇਟ ਗਰੁੱਪਾਂ ਤੋਂ ਕਿਰਾਏ ਤੇ ਲੈ ਕੇ ਆਪਣੀ ਕਣਕ ਦੀ ਬਿਜਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਕਿਸਾਨ ਸਬਸਿਡੀ ਵਾਲੀ ਮਸ਼ੀਨ ਕਿਰਾਏ ਤੇ ਦੇਣ ਤੋਂ ਮਨ੍ਹਾਂ ਕਰਦਾ ਹੈ ਤਾਂ ਉਸ ਖਿਲਾਫ ਨੋਟਿਸ ਜਾਰੀ ਕਰਨ ਲਈ ਉਪ ਮੰਡਲ ਅਫ਼ਸਰਾਂ ਨੁੰ ਅਧਿਕਾਰਿਤ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਜੇਕਰ ਕੋਈ ਕਿਸਾਨ ,ਜਿਸ ਨੇ ਖੇਤੀ ਮਸੀਨਰੀ ਸਬਸਿਡੀ ਤੇ ਲਈ ਹੈ,ਕਿਸੇ ਕਿਸਾਨ ਨੂੰ ਕਿਰਾਏ ਤੇ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਦਿੱਤੀ ਗਈ ਸਬਸਿਡੀ ਸਮੇਤ ਵਿਆਜ ਵਾਪਿਸ ਲਈ ਜਾਵੇਗੀ। ਉਨ੍ਹਾਂ ਮਸੀਨਰੀ ਮਾਲਕ ਕਿਸਾਨਾਂ ਨੁੰ ਅਪੀਲ ਕੀਤੀ ਕਿ ਜ਼ਿਲਾ ਫ਼ਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਦੇ ਮਿਥੇ ਟੀਚੇ ਦੀ ਪ੍ਰਾਪਤੀ ਲਈ ਸਹਿਯੋਗ ਕਰਦਿਆਂ ਖੇਤੀ ਮਸੀਨਰੀ ਦੀ ਵਰਤੋਂ ਕਰਨ ਉਪਰੰਤ ,ਹੋਰਨਾਂ ਕਿਸਾਨਾਂ ਖਾਸ ਕਰਕੇ ਛੋਟੇ ਕਿਸਾਨਾਂ ਵੱਲੋਂ ਪਰਾਲੀ ਦੀ ਖੇਤਾਂ ਵਿਚ ਸੰਭਾਲਣ ਵਿਚ ਮਦਦ ਕਰਨ ਅਤੇ ਕਿਰਾਏ ਤੇ ਛੋਟੇ ਕਿਸਾਨਾਂ ਦੀ ਕਣਕ ਦੀ ਬਿਜਾਈ ਕਰਕੇ ਜ਼ਿਲਾ ਪ੍ਰਸ਼ਾਸ਼ਨ ਦੀ ਮਦਦ ਕਰਨ। ਉਨ੍ਹਾਂ ਦੱਸਿਆ ਕਿ ਆਮ ਕਰਕੇ ਦੇਖਿਆ ਗਿਆ ਹੈ ਕਿ ਕੁਝ ਸੁਪਰ ਸੀਡਰ ਮਾਲਕ ਕਿਸਾਨ ,ਕਿਰਾਏ ਤੇ ਕਿਸੇ ਹੋਰ ਕਿਸਾਨ ਦੀ ਕਣਕ ਦੀ ਬਿਜਾਈ ਕਰਨ ਸਮੇਂ ਕਿਸਾਨ ਨੂੰ ਕਣਕ ਦੀ ਬਿਜਾਈ ਤੋਂ ਪਹਿਲਾਂ ਪਰਾਲੀ ਨੁੰ ਅੱਗ ਲਗਾਉਣ ਲਈ ਕਹਿੰਦੇ ਹਨ ਤਾਂ ਜੋਂ ਡੀਜ਼ਲ ਦੀ ਖਪਤ ਘਟਾਈ ਜਾ ਸਕੇ , ਜਿਸ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਬਸਿਡੀ ਤੇ ਸੁਪਰ ਸੀਡਰ ਦੇਣ ਦਾ ਮਕਸਦ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਸੰਭਾਲ ਕੇ ਕਣਕ ਦੀ ਬਿਜਾਈ ਕਰਨੀ ਹੈ। ਉਨ੍ਹਾਂ ਅਜਿਹੇ ਸੁਪਰ ਸੀਡਰ ਮਾਲਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਕੋਈ ਸੁਪਰ ਸੀਡਰ ,ਝੋਨੇ ਦੀ ਪਰਾਲੀ ਨੂੰ ਅੱਗ ਲੱਗੇ ਖੇਤ ਵਿਚ ਕਣਕ ਦੀ ਬਿਜਾਈ ਕਰਦਾ ਪਾਇਆ ਗਿਆ ਤਾਂ ਦਿੱਤੀ ਗਈ ਸਬਸਿਡੀ ਦੀ ਰਕਮ ਸਮੇਤ ਵਿਆਜ ਵਾਪਸ ਲਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦੀਆਂ ਲਿਸਟਾਂ ਪਿੰਡਾਂ ਵਿੱਚ ਸਾਂਝੀਆਂ ਥਾਵਾਂ ਤੇ ਲਗਵਾ ਦਿੱਤੀ ਗਈਆਂ ਹਨ,ਲੋੜਵੰਦ ਕਿਸਾਨ ਖੇਤੀ ਮਸ਼ੀਨਰੀ ਸਬੰਧੀ ਜਾਣਕਾਰੀ ਇਹਨਾਂ ਲਿਸਟਾਂ ਤੋਂ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਇੱਕ (ਕਿਊ-ਆਰ) ਕੋਡ ਵੀ  ਜਾਰੀ ਕੀਤਾ ਗਿਆ ਹੈ ਜਿਸ ਨੂੰ ਸਕੈਨ ਕਰਨ ਨਾਲ ਜਿਲ੍ਹਾ ਫਰੀਦੋਕਟ ਦੀ ਵੈਬਸਾਈਟ ਤੇ ਅਪਲੋਡ ਕੀਤੀਆਂ ਗਈਆਂ ਖੇਤੀ ਮਸ਼ੀਨਰੀ ਦੀਆਂ ਪਿੰਡ ਵਾਈਜ਼ ਲਿਸਟਾਂ ਖੁੱਲ ਜਾਣਗੀਆਂ ਅਤੇ ਕੋਈ ਵੀ ਕਿਸਾਨ ਆਪਣੇ ਨੇੜੇ ਦੀ ਮਸ਼ੀਨਰੀ ਬਾਰੇ ਜਾਣਕਾਰੀ ਇਨ੍ਹਾਂ ਲਿਸਟਾਂ ਵਿੱਚੋਂ ਲੈ ਸਕਦਾ ਹੈ।
 ਉਨ੍ਹਾਂ ਕਿਸਾਨਾਂ ਨੂੰ ‘ਉੱਨਤ ਕਿਸਾਨ’ ਮੋਬਾਇਲ ਐਪ ਦੀ ਵੀ  ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਰਾਹੀਂ ਕਿਸਾਨ ਆਪਣੇ ਨੇੜੇ ਮੌਜੂਦ ਪਰਾਲੀ ਪ੍ਰਬੰਧਨ ਵਾਲੀ ਮਸ਼ੀਨਰੀ ਦੀ ਆਸਾਨੀ ਨਾਲ ਬੁਕਿੰਗ ਕਰਵਾ ਸਕਦੇ ਹਨ।

Leave a Reply

Your email address will not be published. Required fields are marked *