ਪਰਾਲੀ ਪ੍ਰਬੰਧਨ ਸੰਬੰਧੀ ਪੰਜ ਰੋਜਾ ਸਿਖਲਾਈ ਪ੍ਰੋਗਰਾਮ ਸ਼ੁਰੂ

ਬਠਿੰਡਾ, 16 ਸਤੰਬਰ : ਸਥਾਨਕ ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਰਾਲੀ ਪ੍ਰਬੰਧਨ ਸੰਬੰਧੀ ਪੰਜ ਰੋਜਾ ਸਿਖਲਾਈ ਪ੍ਰੋਗਰਾਮ ਪਿੰਡ ਫਰੀਦਕੋਟ ਕੋਟਲੀ ਬਲਾਕ ਸੰਗਤ ਵਿਖੇ ਸ਼ੁਰੂ ਕੀਤਾ ਗਿਆ, ਜੋ ਕਿ 20 ਸਤੰਬਰ 2024 ਤੱਕ ਚੱਲੇਗਾ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਖੇਤੀ ਮਸ਼ੀਨਰੀ ਦੀ ਯੋਗ ਵਰਤੋਂ ਕਰਨ ਸੰਬੰਧੀ ਤਕਨੀਕੀ ਜਾਣਕਾਰੀ ਮੁਹੱਈਆ ਕਰਨਾ ਹੈ।

ਇਸ ਮੌਕੇ ਡਾ. ਗੁਰਦੀਪ ਸਿੰਘ ਸਿੱਧੂ, ਡਿਪਟੀ ਡਾਇਰੈਕਟਰ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਨੇ ਦੱਸਿਆ ਕਿ ਪਰਾਲੀ ਪ੍ਰਬੰਧ ਅਧੀਨ ਚੁਣੇ ਗਏ ਪਿੰਡਾਂ ਵਿੱਚੋਂ 25-25 ਕਿਸਾਨਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਪਰਾਲੀ ਪ੍ਰਬੰਧ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਇਹ ਕਿਸਾਨ ਆਪਣੇ ਅਤੇ ਨਾਲ ਦੇ ਪਿੰਡਾਂ ਦੇ ਹੋਰਨਾਂ ਕਿਸਾਨਾਂ ਦਾ ਪਰਾਲੀ ਪ੍ਰਬੰਧ ਸੰਬੰਧੀ ਗਿਆਨ ਵਿੱਚ ਵਾਧਾ ਕਰਨ। ਉਨ੍ਹਾਂ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਸੰਭਾਲਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲਗਾਤਾਰ 3-4 ਸਾਲ ਪਰਾਲੀ ਨੂੰ ਖੇਤ ਵਿੱਚ ਦਬਾਉਣ ਨਾਲ ਜਮੀਨ ਵਿਚਲੀ ਮੱਲੜ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਪਰਾਲੀ ਜ਼ਮੀਨ ਵਿੱਚ ਮਿਲਾਉਣ ਨਾਲ ਫਸਲਾਂ ਉੱਪਰ ਮਾੜੇ ਪਾਣੀ ਦਾ ਅਸਰ ਵੀ ਘੱਟਦਾ ਹੈ।

ਉਨ੍ਹਾਂ ਵੱਲੋਂ ਪੀ.ਏ.ਯੂ. ਵੱਲੋਂ ਪਰਾਲੀ ਪ੍ਰਬੰਧ ਲਈ ਵਿਕਸਤ ਵੱਖ-ਵੱਖ ਤਰ੍ਹਾਂ ਦੀ ਮਸ਼ੀਨਰੀ ਜਿਵੇਂ ਕਿ ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ ਦੀ ਵਰਤੋਂ ਦੇ ਤਜਰਬੇ ਸਾਂਝੇ ਕਰਦਿਆ ਜਾਣਕਾਰੀ ਕਿਹਾ ਕਿ ਕਿਸਾਨ ਇਸ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਪ੍ਰਬੰਧ ਕਰ ਸਕਦੇ ਹਨ।

ਇਸ ਮੌਕੇ ਡਾ. ਗੁਰਮੀਤ ਸਿੰਘ ਢਿੱਲੋਂ (ਪ੍ਰੋਫੈਸਰ ਪਸਾਰ ਸਿੱਖਿਆ) ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਕਟਾਈ ਐਸਐਮਐਸ ਵਾਲੀ ਮਸ਼ੀਨ ਕੰਬਾਇਨ ਨਾਲ ਹੀ ਕਰਵਾਉਣ ਤਾਂ ਜੋ ਕਿਸਾਨ ਬਾਅਦ ਵਿੱਚ ਪਰਾਲੀ ਨੂੰ ਸੌਖੇ ਤਰੀਕੇ ਨਾਲ ਪ੍ਰਬੰਧ ਕਰਕੇ ਕਣਕ ਦੀ ਬਿਜਾਈ ਸਮੇਂ ਸਿਰ ਕਰ ਸਕਣ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮੁਹੱਈਆ ਕਰਵਾਈ ਜਾਣ ਵਾਲੀ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਦਾ ਪ੍ਰਬੰਧ ਕਰ ਸਕਦੇ ਹਨ।

ਉਨ੍ਹਾਂ ਕਿਹਾ ਹੈਪੀ ਸੀਡਰ ਜਾਂ ਸਰਫੇਸ ਸੀਡਰ ਨਾਲ ਪਰਾਲੀ ਪ੍ਰਬੰਧ ਕਰਕੇ ਬੀਜੀ ਕਣਕ ਵਿੱਚ ਨਦੀਨਾਂ ਦੀ ਸਮੱਸਿਆ ਘੱਟ ਆਉਂਦੀ ਹੈ, ਪਾਣੀ ਦੀ ਬੱਚਤ ਹੁੰਦੀ ਹੈ ਅਤੇ ਇਸ ਵਿਧੀ ਨਾਲ ਬੀਜੀ ਕਣਕ ਉੱਪਰ ਮੌਸਮ ਦਾ ਮਾੜਾ ਪ੍ਰਭਾਵ ਵੀ ਘੱਟ ਪੈਂਦਾ ਹੈ। ਇਸ ਮੌਕੇ ਪ੍ਰਕਾਸ ਸਿੰਘ ਸਿੱਧੂ ਨੇ ਪਰਾਲੀ ਪ੍ਰਬੰਧ ਸੰਬੰਧੀ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੂੰ ਅਪਣਾ ਕੇ ਖੇਤੀ ਨੂੰ ਲਾਹੇਵੰਦ ਬਣਾ ਸਕਦੇ ਹਨ।

Leave a Reply

Your email address will not be published. Required fields are marked *