ਅੰਮ੍ਰਿਤਸਰ 2 ਅਗਸਤ:
ਬਾਗਬਾਨੀ ਮੰਤਰੀ ਪੰਜਾਬ ਸ੍ਰ. ਚੇਤਨ ਸਿੰਘ ਜੌੜਾ ਮਾਜਰਾ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀਮਤੀ ਸੈਲਿੰਦਰ ਕੌਰ ਆਈ. ਐਫ. ਐਸ. ਡਾਇਰੈਕਟਰ ਬਾਗਬਾਨੀ ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਵਿਭਾਗ ਦੀਆਂ ਸਕੀਮਾਂ ਨੂੰ ਵੱਧ ਤੋਂ ਵੱਧ ਜਿਮੀਦਾਰਾਂ ਤੱਕ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਵਿਭਾਗ ਵੱਲੋਂ ਜਿਮੀਦਾਰਾਂ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਮੁੱਖ ਤੌਰ ਤੇ ਐਨ.ਐਚ.ਐਮ ਸਕੀਮ ਅਧੀਨ ਨਵਾਂ ਬਾਗ ਲਗਾਉਣ ਲਈ 19000/- ਰੁਪਏ ਪ੍ਰਤੀ ਹੈਕ, ਪੁਰਾਣੇ ਬਾਗਾਂ ਨੂੰ ਮੁੜ ਸੁਰਜੀਤ ਕਰਨ ਲਈ 20000/- ਰੁਪਏ ਪ੍ਰਤੀ ਹੈਕ, ਫੁੱਲ ਲਗਾਉਣ ਲਈ 16000/- ਰੁਪਏ ਪ੍ਰਤੀ ਹੈਕ, ਪੌਲੀ ਹਾਊਸ ਲਗਾਉਣ ਲਈ 18,70,000/- ਰੁਪਏ ਪ੍ਰਤੀ ਏਕੜ, ਸ਼ੇਡ ਨੈੱਟ ਹਾਊਸ ਲਈ 14,20,000/- ਰੁਪਏ ਪ੍ਰਤੀ ਏਕੜ, ਵਰਮੀ ਕੰਪੋਸਟ ਯੂਨਿਟ ਲਈ 50000/- ਰੁਪਏ, ਸ਼ਹਿਦ ਦੀਆਂ ਮੱਖੀਆਂ ਪਾਲਣ ਲਈ 1600/- ਰੁਪਏ ਪ੍ਰਤੀ ਬਕਸਾ ਸਮੇਤ 8 ਫਰੇਮ ਮੱਖੀ, ਖੁੰਬ ਪੈਦਾ ਕਰਨ ਲਈ 8 ਲੱਖ ਪ੍ਰਤੀ ਯੂਨਿਟ, ਖੁੰਬਾਂ ਦਾ ਬੀਜ ਤਿਆਰ ਕਰਨ ਲਈ 6 ਲੱਖ ਪ੍ਰਤੀ ਯੂਨਿਟ, ਕੰਪੋਸਟ ਬਣਾਉਣ ਲਈ 8 ਲੱਖ ਰੁਪਏ ਪ੍ਰਤੀ ਯੂਨਿਟ, ਮਸ਼ੀਨਰੀ ਜਿਵੇਂ ਟਰੈਕਟਰ 20 ਐਚ.ਪੀ, ਪਾਵਰ ਟਿੱਲਰ, ਸਪਰੇ ਪੰਪ ਤੇ 40% ਸਬਸਿਡੀ, ਹਾਈਬ੍ਰਿਡ ਸਬਜੀਆਂ ਦੀ ਕਾਸ਼ਤ ਤੇ 20,000/- ਰੁਪਏ ਪ੍ਰਤੀ ਹੈਕ. ਸਬਸਿਡੀ , ਬਾਗ ਅਤੇ ਸਬਜੀਆਂ ਦੀ ਤੋੜਾਈ ਤੋਂ ਬਾਅਦ ਸਾਂਭ-ਸੰਭਾਲ ਅਤੇ ਪੈਕਿੰਗ ਲਈ ਪੈਕ ਹਾਊਸ ਬਣਾਉਣ ਲਈ 2 ਲੱਖ ਰੁਪਏ ਸਬਸਿਡੀ, ਕੋਲਡ ਸਟੋਰ ਤੇ ਰਾਈਪਨਿੰਗ ਚੈਂਬਰ ਬਣਾਉਣ ਲਈ 35% ਸਬਸਿਡੀ ਦਿੱਤੀ ਜਾ ਰਹੀਂ ਹੈ।
ਸ਼੍ਰੀ ਤਜਿੰਦਰ ਸਿੰਘ ਸੰਧੂ ਡਿਪਟੀ ਡਾਇਰੈਕਟਰ ਬਾਗਬਾਨੀ ਅੰਮ੍ਰਿਤਸਰ ਨੇ ਦੱਸਿਆ ਕਿ ਇਨ੍ਹਾਂ ਮੌਜੂਦਾ ਸਕੀਮਾਂ ਤੋਂ ਇਲਾਵਾ ਸਰਕਾਰ ਵੱਲੋਂ ਕੁਝ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਜਿਮੀਦਾਰ ਸਬਸਿਡੀ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਾਗਾਂ ਅਧੀਨ ਰਕਬਾ ਵਧਾਉਣ ਲਈ ਬਾਗਬਾਨ ਨੂੰ ਤੁਪਕਾ ਸਿੰਚਾਈ ਅਧੀਨ ਨਵੇਂ ਬਾਗ ਲਗਾਉਣ ‘ਤੇ 10000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇਨਸੈਟਿਵ ਦਿੱਤਾ ਜਾਵੇਗਾ। ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਬਾਗਬਾਨ ਵੱਖ-ਵੱਖ ਸਕੀਮਾਂ ਅਧੀਨ ਸਬਸਿਡੀ ਲੈਣ ਤੋਂ ਬਾਅਦ ਵੀ ਇਸ ਇੰਨਸੈਟਿਵ ਦਾ ਲਾਭ ਲੈ ਸਕਦੇ ਹਨ ਅਤੇ ਇਨਸੈਟਿਵ ਲਈ ਨਵੇਂ ਬਾਗ ਅਧੀਨ ਰਕਬੇ ਦੀ ਵੱਧ ਤੋਂ ਵੱਧ ਕੋਈ ਸੀਮਾਂ ਨਹੀਂ ਰੱਖੀ ਗਈ ਹੈ।
ਦੂਜੀ ਨਵੀਂ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਜਿਮੀਦਾਰਾਂ ਵੱਲੋਂ ਸੁਰੱਖਿਤ ਖੇਤੀ ਤਹਿਤ ਪੋਲੀ ਹਾਊਸ ਅਧੀਨ ਹਾਈ ਵੈਲਯੂ ਸਬਜੀਆਂ ਜਾਂ ਫੁੱਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਪੋਲੀ ਹਾਊਸ ਦੀ ਸ਼ੀਟ ਫੱਟ ਚੁੱਕੀ ਹੈ, ਅਤੇ ਚਾਰ ਸਾਲ ਤੋਂ ਜਿਆਦਾ ਪੁਰਾਣੇ ਹਨ, ਉਨ੍ਹਾਂ ਜਿਮੀਦਾਰਾਂ ਨੂੰ ਸ਼ੀਟ ਬਦਲਾਉਣ ‘ਤੇ 50 ਫੀਸਦੀ ਸਬਸਿਡੀ ਜਾਰੀ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਫਲਾਂ ਅਤੇ ਸਬਜੀਆਂ ਦੇ ਮੰਡੀਕਰਣ ਲਈ ਵੀ ਜਿਮੀਦਾਰਾਂ ਨੂੰ ਕਰੇਟਾਂ ‘ਤੇ 50 ਫੀਸਦੀ ਸਬਸਿਡੀ ਦੀ ਸਕੀਮ ਨਵੀਂ ਸ਼ੁਰੂ ਕੀਤੀ ਗਈ ਹੈ। ਅਗਲੀ ਸਕੀਮ ਬਾਰੇ ਦੱਸਿਆ ਕਿ ਫੁੱਲਾਂ ਦੇ ਬੀਜ ਪੈਦਾਵਾਰ ਲਈ ਵਿਭਾਗ ਵੱਲੋਂ ਕਿਸਾਨਾਂ ਨੂੰ 40 ਫੀਸਦੀ ਦੇ ਹਿਸਾਬ ਨਾਲ ਪ੍ਰਤੀ ਏਕੜ 14000 ਰੁਪਏ ਸਬਸਿਡੀ ਦੀ ਸਹੂਲਤ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਤਾਂ ਜੋ ਬਾਗਬਾਨੀ ਖੇਤਰ ਨੂੰ ਅੱਗੇ ਲਿਜਾਇਆ ਜਾ ਸਕੇ। ਇਹਨਾਂ ਸਕੀਮਾਂ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਬਾਗਬਾਨੀ ਦਫਤਰ ਵਿਖੇ ਸ਼੍ਰੀ ਜਸਪਾਲ ਸਿੰਘ ਢਿੱਲੋਂ ਸਹਾਇਕ ਡਾਇਰੈਕਟਰ ਬਾਗਬਾਨੀ ਜਾਂ ਬਲਾਕਾਂ ਦੇ ਸਬੰਧਤ ਬਾਗਬਾਨੀ ਵਿਕਾਸ ਅਫਸਰਾਂ ਨਾਲ ਤਾਲਮੇਲ ਕੀਤਾ ਜਾਵੇ।