ਮਾਨਸਾ, 04 ਦਸੰਬਰ :
ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਕੈਂਪ ਜਾਂ ਸੈਮੀਨਾਰ ਲਗਾ ਕੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂਹੰਦ ਨੂੰ ਬਿਨ੍ਹਾਂ ਅੱਗ ਲਗਾਏ ਉਸਦਾ ਯੋਗ ਪ੍ਰਬੰਧਨ ਕਰਕੇ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਜਿਸ ਸਦਕਾ ਅਗਾਂਹਵਧੂ ਕਿਸਾਨ ਰਹਿੰਦ-ਖੂਹੰਦ ਨੂੰ ਬਿਨ੍ਹਾਂ ਅੱਗ ਲਗਾਏ ਬਿਜਾਈ ਕਰਨ ਨੂੰ ਤਰਜੀਹ ਦਿੰਦੇ ਹਨ। ਇਸੇ ਤਰ੍ਹਾਂ ਦੇ ਇੱਕ ਅਗਾਂਹਵਧੂ ਕਿਸਾਨ ਪਿੰਡ ਉਭਾ ਬਲਾਕ ਮਾਨਸਾ ਦੇ ਵਸਨੀਕ ਸ਼੍ਰੀ ਸੁਖਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਹਨ ਜੋ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਿਸਾਨ ਸੁਖਦੇਵ ਸਿੰਘ ਪਿਛਲੇ ਸੱਤ ਸਾਲਾਂ ਤੋਂ ਪਰਾਲੀ ਨੂੰ ਅੱਗ ਲਗਾਏ ਬਿਨਾਂ ਕਣਕ ਦੀ ਬਿਜਾਈ ਕਰ ਰਿਹਾ ਹੈ। ਇਸ ਕਿਸਾਨ ਨੇ ਆਪਣੀ 38 ਏਕੜ ਰਕਬੇ ਵਿੱਚ 2016 ਤੋਂ ਲਗਾਤਾਰ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਕੇ ਪਿੰਡ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਇਸ ਤਰ੍ਹਾਂ ਇਸ ਕਿਸਾਨ ਨੇ ਵਹਾਈ ਦਾ ਖਰਚਾ ਵੀ ਘੱਟ ਕਰਦੇ ਹੋਏ ਆਪਣੀ ਆਮਦਨ ਵਿੱਚ ਵਾਧਾ ਕੀਤਾ ਹੈ। ਇਸ ਕਿਸਾਨ ਨੇ ਇਸ ਸਾਲ ਸੁਪਰ ਸੀਡਰ ਨਾਲ ਆਪਣੀ ਕਣਕ ਦੀ ਬਿਜਾਈ ਕੀਤੀ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਦੌਰਿਆਂ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਿਸਾਨ ਦੇ ਖੇਤ ਵਿੱਚ ਸੁਪਰ ਸੀਡਰ ਨਾਲ ਬੀਜੀ ਗਈ ਕਣਕ ਵਿੱਚ ਕਿਤੇ ਵੀ ਕਣਕ ਦੀ ਗੁਲਾਬੀ ਸੁੰਡੀ ਦਾ ਹਮਲਾ ਨਹੀ ਹੋਇਆ।
ਇਸ ਤੋਂ ਇਲਾਵਾ ਕਿਸਾਨ ਸ਼੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹੁਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਇਆ ਹੈ ਅਤੇ ਉਸਨੂੰ ਖਾਦਾਂ ਦੀ ਵੀ ਘੱਟ ਵਰਤੋਂ ਕਰਨੀ ਪਈ ਹੈ। ਕਿਸਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਸ੍ਰੀ ਹਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਸੁਖਵਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ਦੇ ਨਾਲ ਲਗਾਤਾਰ ਤਾਲਮੇਲ ਰੱਖਦਾ ਹੈ ਅਤੇ ਵਿਭਾਗ ਦੀਆਂ ਸ਼ਿਫਾਰਿਸਾਂ ਅਪਣਾਉਂਦੇ ਹੋਏ ਖੇਤੀ ਕਰਦਾ ਹੈ। ਇਹ ਕਿਸਾਨ ਜਿੱਥੇ ਆਪ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਦਾ ਹੈ, ਉਥੇ ਦੂਸਰੇ ਕਿਸਾਨਾਂ ਲਈ ਵੀ ਪ੍ਰੇਰਣਾ ਸਰੋਤ ਹੈ। ਇਸ ਕਿਸਾਨ ਦੀ ਪ੍ਰੇਰਣਾ ਸਦਕਾ ਪਿੰਡ ਦੇ ਕਿਸਾਨਾਂ ਸ੍ਰੀ ਦਰਸ਼ਨ ਸਿੰਘ ਪੁੱਤਰ ਸ੍ਰੀ ਗੁਰਦੇਵ ਸਿੰਘ ਦੇ 20 ਏਕੜ ਵਿੱਚ, ਸ੍ਰੀ ਕਪੂਰ ਸਿੰਘ ਪੁੱਤਰ ਸ੍ਰੀ ਭਾਗ ਸਿੰਘ ਦੇ 30 ਏਕੜ ਵਿੱਚ ਅਤੇ ਸ੍ਰੀ ਸੁਖਦੇਵ ਸਿੰਘ ਪੁੱਤਰ ਸ੍ਰੀ ਭਾਗ ਸਿੰਘ ਦੇ ਵੱਲੋਂ 10 ਏਕੜ ਵਿੱਚ ਵੀ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਦੇ ਹੋਏ ਕਣਕ ਦੀ ਬਿਜਾਈ ਖੇਤੀ ਮਸ਼ੀਨਰੀ ਨਾਲ ਕੀਤੀ ਗਈ ਹੈ।
ਮੁੱਖ ਖੇਤੀਬਾੜੀ ਅਫਸਰ ਡਾ.ਹਰਪ੍ਰੀਤ ਪਾਲ ਕੌਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਜਿਹੇ ਕਿਸਾਨਾਂ ਤੋਂ ਸੇਧ ਲੈਂਦੇ ਹੋਏ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਧਰਤੀ ਦੀ ਸਿਹਤ ਨੂੰ ਬਰਕਰਾਰ ਰੱਖਿਆ ਜਾ ਸਕੇ ਅਤੇ ਵਾਤਾਵਰਣ ਨੂੰ ਪ੍ਰਦੂਸਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਦੇ ਖੇਤ ਵਿੱਚ ਕਣਕ ਦੀ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਜਾਂਦਾ ਹੈ, ਤਾਂ ਤੁਰੰਤ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਲੋੜ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸ਼ਿਫਾਰਿਸ ਕੀਤੀਆਂ ਦਵਾਈਆਂ ਦਾ ਛਿੜਕਾਅ ਕਰਵਾ ਕੇ ਸੁੰਡੀ ਦਾ ਕੰਟਰੋਲ ਕੀਤਾ ਜਾ ਸਕੇ।