ਸੁਪਰ ਐਸ.ਐਮ.ਐਸ ਲੱਗੀ ਕੰਬਾਈਨ ਹਾਰਵੈਸਟਰ ਨਾਲ ਝੋਨੇ ਦੀ ਕਟਾਈ ਕਰਕੇ ਵਾਤਵਰਣ ਦੀ ਸ਼ੁਧਤਾ ਲਈ ਅਪਣਾ ਯੋਗਦਾਨ ਪਾ ਰਿਹਾ ਉੱਦਮੀ ਕਿਸਾਨ ਜਗਦੇਵ ਸਿੰਘ

ਫਰੀਦਕੋਟ: 13 ਅਕਤੂਬਰ 2024 (   ) ਸਾਲ 2024-25 ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਦੇ ਮਿਥੇ ਟੀਚੇ ਦੀ ਪੂਰਤੀ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਇਸ ਦੇ ਨਾਲ ਹੀ ਬਹੁਤ ਸਾਰੇ ਕਿਸਾਨਾਂ ਵੱਲੋਂ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ।ਅਜਿਹੇ ਕਿਸਾਨਾਂ ਵਿੱਚ  ਪਿੰਡ ਜਿਉਣ ਵਾਲਾ ਦੇ ਅਗਾਂਹਵਧੂ ਕਿਸਾਨ ਸ਼੍ਰੀ ਜਗਦੇਵ ਸਿੰਘ ਜੋ  ਪਿਛਲੇ 12 ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਦੂਸਰੇ ਕਿਸਾਨਾਂ ਲਈ ਮਿਸਾਲ ਬਣ ਕੇ ਕੰਮ ਕਰ ਰਿਹਾ ਹੈ।ਕਿਸਾਨ ਜਗਦੇਵ ਸਿੰਘ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਕਣਕ ਦੀ ਬਿਜਾਈ ਕਰਕੇ ਸਫਲ ਕਿਸਾਨ ਵੱਜੋ ਉਭਰ ਰਿਹਾ ਹੈ ਜੋ ਹੋਰਨਾਂ ਕਿਸਾਨਾਂ ਲਈ ਰਾਹ ਦੁਸੇਹਰਾ  ਵੱਜੋਂ ਕੰਮ ਕਰ ਰਿਹਾ ਹੈ।
ਕਿਸਾਨ ਜਗਦੇਵ ਸਿੰਘ ਇੱਕ ਅਗਾਂਹਵਧੂ ਸੋਚ ਵਾਲਾ ਕਿਸਾਨ ਹੈ।ਉਸ ਵੱਲੋਂ ਕੰਬਾਈਨ ਹਾਸਵੈਸਟਰ ਨਾਲ ਸੁਪਰ ਐਸ ਐਮ ਐਸ ਲਗਾ ਕੇ ਆਪਣੀ ਅਤੇ ਹੋਰਨਾਂ ਕਿਸਾਨਾਂ ਦੀ ਝੋਨੇ ਦੀ ਕਟਾਈ ਕੀਤੀ ਜਾਂਦੀ ਹੈ। ਕਿਸਾਨ ਜਗਦੇਵ ਸਿੰਘ ਦੱਸਦਾ ਹੈ ਕਿ ਸੁਪਰ ਐਸ ਐਮ ਐਸ ਨਾਲ ਝੋਨੇ ਦੀ ਕਟਾਈ ਕਰਨ ਨਾਲ ਝੋਨੇ ਦੀ ਰਹਿੰਦ ਖੂੰਹਦ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਇਕਸਾਰ ਖਿਲਰ ਜਾਂਦੀ ਹੈ ਜਿਸ ਉਪਰੰਤ ਸੁਪਰ ਸੀਡਰ ਅਤੇ ਸਮਾਰਟ ਸੀਡਰ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਕੇ ਕਣਕ ਦੀ ਬਿਜਾਈ ਕਰਦਾ ਹੈ।ਜਗਦੇਵ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਸੀ ਪਰ ਖੇਤੀਬਾੜੀ ਅਤੇ ਕਿਸਾਨ ਭਲਾਈ ਵੱਲੋਂ ਬਲਾਕ ਪੱਧਰ ਤੇ ਸਥਾਪਤ ਕੀਤੇ ਮਸ਼ੀਨਰੀ ਬੈਂਕ ਤੋ ਸਮਾਰਟ ਸੀਡਰ ਲਿਆ ਕੇ ਪਿਛਲੇ 2 ਸਾਲਾਂ ਤੋ ਆਪਣੇ ਖੇਤ ਵਿੱਚ ਬਾਸਮਤੀ ਅਤੇ ਝੋਨੇ ਦੀ ਖੇਤੀ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਸੰਭਾਲ ਕੇ ਕਣਕ ਦੀ ਬਿਜਾਈ ਕਰ ਰਿਹਾ ਹੈ।ਕਿਸਾਨ ਮੁਤਾਬਿਕ ਇਸ ਵਿਧੀ ਰਾਹੀ ਉਹ 20 ਕਿਲੋ ਯੂਰੀਆ, 15 ਕਿਲੋ ਡੀ.ਏ.ਪੀ. ਪ੍ਰਤੀ ਏਕੜ ਅਤੇ ਡੀਜਲ ਦੀ ਬੱਚਤ ਕਰਦਾ ਹੈ।
ਜਗਦੇਵ ਸਿੰਘ ਨੇ ਦੱਸਿਆ ਕਿ ਸਮਾਰਟ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਬੀਜ ਦਾ ਜੰਮ ਬਹੁਤ ਵਧੀਆ ਹੁੰਦਾ ਹੈ ਕਿਉਂਕਿ ਪਰਾਲੀ ਖੇਤ ਵਿੱਚ ਰਹਿਣ ਕਾਰਨ ਮਿੱਟੀ ਵਿੱਚ ਨਮੀ ਬਣੀ ਰਹਿੰਦੀ ਹੈ ਜਦ ਸੁਪਰ ਸੀਡਰ ਨਾਲ ਕਈ ਵਾਰ ਨਮੀ ਘਟਣ ਕਾਰਨ ਕਣਕ ਦੇ ਬੀਜ ਜੰਮ ਘੱਟ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਵਿੱਚ ਕਦੇ ਵੀ ਗੁਲਾਬੀ ਸੁੰਡੀ ਨੇ ਹਮਲਾ ਨਹੀਂ ਕੀਤਾ ਕਿਉਂਕਿ ਕਣਕ ਦੀ ਬਿਜਾਈ ਤੋਂ ਪਹਿਲਾਂ ਕੀਟਨਾਸ਼ਕ ਨਾਲ ਬੀਜ ਨੂੰ ਸੋਧ ਲਿਆ ਜਾਂਦਾ ਹੈ।
 ਜਗਦੇਵ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਗਲਤੀ ਨਾ ਕਰਨ ਅਤੇ ਇਸਨੂੰ ਖੇਤ ਵਿੱਚ ਹੀ ਗਾਲਣ ਤਾਂ ਜੋ ਖੇਤੀ ਦੇ ਖਰਚੇ ਵੀ ਘੱਟ ਸਕਣ। ਇਸਦੇ ਨਾਲ ਹੀ ਕਿਸਾਨ ਨੇ ਦੱਸਿਆ ਕਿ ਉਸ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਉਸ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਕੁਦਰਤੀ ਸਾਧਨਾਂ ਨੂੰ ਬਚਾਉਣ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋ ਬਚਾਉਣ ਲਈ ਕੰਮ ਕਰ ਰਿਹਾ ਹੈ।
         ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨ ਜਗਦੇਵ ਸਿੰਘ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਰਹਿਦ ਖੂੰਦ ਨੂੰ ਅੱਗ ਨਾ ਲਗਾਉਣ ਤਾ ਜ਼ੋ ਜਮੀਨ ਦੀ ਉਪਜਾਊ ਸ਼ਕਤੀ ਬਣੀ ਰਹੇ। ਉਨ੍ਹਾਂ ਕਿਹਾ ਕਣਕ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਣਕ ਦੇ ਬੀਜ ਨੂੰ  ਬਿਜਾਈ ਤੋਂ ਪਹਿਲਾਂ 160 ਮਿਲੀ ਲਿਟਰ ਕਲੋਰੋਪਾਈਰੀਫਾਸ 20 ਜਾਂ 80 ਮਿਲੀ ਲਿਟਰ ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ ਨਾਲ ਸੋਧ ਲੈਣਾ ਚਾਹੀਦਾ।
ਪ੍ਰੋਜੈਕਟ ਡਾਇਰੈਕਟਰ, ਆਤਮਾ, ਡਾ. ਅਮਨਦੀਪ ਕੇਸ਼ਵ ਨੇ ਦੱਸਿਆ ਕਿ ਕਿਸਾਨ ਜਗਦੇਵ ਸਿੰਘ ਨੂੰ ਵੱਖ-ਵੱਖ ਕਿਸਾਨ ਮੇਲਿਆਂ ਦੌਰਾਨ ਸਨਮਾਨਿਤ ਵੀ ਕੀਤਾ ਗਿਆ ਹੈ ਅਤੇ ਇਹ ਕਿਸਾਨ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ।

Leave a Reply

Your email address will not be published. Required fields are marked *