ਸਾਲ 2024 ਦੌਰਾਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਵੱਖੋ-ਵੱਖ ਖੇਤਰਾਂ ਵਿੱਚ ਕਾਰਗੁਜ਼ਾਰੀ ਰਹੀ ਸ਼ਲਾਘਾਯੋਗ

ਫ਼ਤਹਿਗੜ੍ਹ ਸਾਹਿਬ, 01 ਜਨਵਰੀ

ਸਾਲ 2024 ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਲਈ ਯਾਦਗਾਰੀ ਹੋ ਨਿਬੜਿਆ ਤੇ ਇਸ ਸਾਲ ਦੌਰਾਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਵੱਖੋ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕਾਰਗੁਜ਼ਾਰੀ ਰਹੀ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ, ਡਾ. ਸੋਨਾ ਥਿੰਦ ਨੇ ਦੱਸਿਆ ਕਿ ਸਾਲ 2024 ਦੌਰਾਨ ਜਿੱਥੇ ਵਿਕਾਸ ਪੱਖੋਂ, ਉੱਥੇ ਪ੍ਰਸ਼ਾਸਕੀ ਪ੍ਰਬੰਧਾਂ ਤੇ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤਕ ਪੁੱਜਦਾ ਕਰਨ ਵਿੱਚ ਵੀ ਵੱਧ ਚੜ੍ਹ ਕੇ ਕੰਮ ਕੀਤਾ ਗਿਆ।

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਤਹਿਤ ਕੀਤੇ ਉਪਰਾਲਿਆਂ ਸਦਕਾ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਇਸ ਸਾਲ ਵੱਡੇ ਪੱਧਰ ਉੱਤੇ ਕਮੀ ਆਈ। ਇਸ ਸਾਲ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ.ਆਰ.ਐੱਸ.ਸੀ.) ਦੁਆਰਾ 231 ਸਾਈਟਾਂ ਦਾਇਰ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਮੌਕੇ ‘ਤੇ ਤਫਤੀਸ਼ ਦੌਰਾਨ 119 ਸਾਈਟਾਂ ‘ਤੇ ਅੱਗ ਪਾਈ ਗਈ ਅਤੇ 3,75,000 ਰੁਪਏ ਦੇ ਚਲਾਨ ਕੱਟੇ ਗਏ। ਜਦਕਿ ਸਾਲ 2023 ਦੌਰਾਨ ਝੋਨੇ ਦੇ ਸੀਜ਼ਨ ਦੌਰਾਨ ਪੀ.ਆਰ.ਐੱਸ.ਸੀ. ਦੁਆਰਾ 888 ਸਾਈਟਾਂ ਦਾਇਰ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਮੌਕੇ ‘ਤੇ ਤਫਤੀਸ਼ ਦੌਰਾਨ 210 ਸਾਈਟਾਂ ‘ਤੇ ਅੱਗ ਪਾਈ ਗਈ ਸੀ ਅਤੇ 5,45,000 ਰੁਪਏ ਦੇ ਚਲਾਨ ਕੱਟੇ ਗਏ ਸਨ।

ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕਰਨ ਹਿਤ ਪਰਾਲੀ ਨਾ ਸਾੜਨ ਵਾਲੇ  ਜ਼ਿਲ੍ਹੇ ਦੇ 118 ਕਿਸਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਵੀ ਕੀਤਾ ਗਿਆ। ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਵਾਸਤੇ 80 ਫੀਸਦੀ ਤੱਕ ਦੀ ਸਬਸਿਡੀ ‘ਤੇ ਆਧੁਨਿਕ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਗਈ ਤਾਂ ਜੋ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਖੇਤ ਵਿੱਚ ਹੀ ਵਾਹ ਕੇ ਵਾਤਾਵਰਣ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਰੱਖਣ। ਖੇਤੀਬਾੜੀ ਵਿਭਾਗ ਵੱਲੋਂ ਸਾਲ 2024 ਦੌਰਾਨ ਕਰੀਬ 11.5 ਕਰੋੜ ਦੀ ਸਬਸਿਡੀ ‘ਤੇ 628 ਮਸ਼ੀਨਾਂ ਅਤੇ ਹੁਣ ਤੱਕ ਜ਼ਿਲ੍ਹੇ ਦੇ ਕਿਸਾਨਾਂ ਨੂੰ 2539 ਵੱਖ-ਵੱਖ ਖੇਤੀ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਖੋਲ੍ਹੇ ਗਏ 20 ਆਮ ਆਦਮੀ ਕਲੀਨਿਕਾਂ ਤੋਂ ਸਾਲ 2024 ਦੇ ਅਖੀਰ ਤਕ 06 ਲੱਖ ਤੋਂ ਵੱਧ ਵਿਅਕਤੀਆਂ ਨੇ ਆਪਣਾ ਚੈਕਅੱਪ ਕਰਵਾਇਆ ਅਤੇ 72 ਹਜ਼ਾਰ ਤੋਂ ਵੱਧ ਮਰੀਜ਼ਾਂ ਦੇ ਲੈਬ ਟੈਸਟ ਵੀ ਮੁਫ਼ਤ ਕੀਤੇ ਗਏ ਹਨ।

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਵੱਖ-ਵੱਖ ਪੈਨਸ਼ਨ ਸਕੀਮਾਂ ਤਹਿਤ 70 ਹਜ਼ਾਰ ਤੋਂ ਵੱਧ ਲਾਭਪਾਤਰੀਆਂ ਨੂੰ ਕਰੀਬ 10 ਕਰੋੜ ਤੋਂ ਵੱਧ ਦਾ ਲਾਭ ਦਿੱਤਾ ਜਾ ਰਿਹਾ ਹੈ।

ਸਾਲ 2024 ਦੌਰਾਨ ਤਹਿਸੀਲ ਕੰਪਲੈਕਸ  ਫਤਹਿਗੜ੍ਹ ਸਾਹਿਬ ਨੂੰ ਲੋਕ ਅਰਪਣ ਕੀਤਾ ਗਿਆ, ਜਿਸ ਨੂੰ 04 ਕਰੋੜ 84 ਲੱਖ ਰੁਪਏ ਵਿੱਚ ਤਿਆਰ ਕੀਤਾ ਗਿਆ। ਇਸ ਤਿੰਨ ਮੰਜ਼ਿਲਾ ਤਹਿਸੀਲ ਕੰਪਲੈਕਸ ਵਿੱਚ ਸਾਫ ਸੁਥਰੇ ਵਾਸ਼ਰੂਮ, ਹਵਾਦਾਰ ਕਮਰੇ, ਲਿਫਟ, ਬਜ਼ੁਰਗਾਂ ਅਤੇ ਦਿਵਿਆਂਗਾਂ ਲਈ ਰੈਂਪ ,ਪੀਣ ਵਾਲਾ ਪਾਣੀ, ਲੋਕਾਂ ਨੂੰ ਬੈਠਣ ਲਈ ਵਧੀਆ ਫਰਨੀਚਰ ਅਤੇ ਹੋਰ ਅਤਿ ਆਧੁਨਿਕ ਸੁਵਿਧਾਵਾਂ ਮਹਈਆ ਕਰਵਾਈਆਂ ਗਈਆਂ ਹਨ।

ਲੋਕਾਂ ਨੂੰ ਬਿਹਤਰ ਪ੍ਰਸ਼ਾਸਕੀ ਸੇਵਾਵਾਂ ਦੇਣ ਦੇ ਮਕਸਦ ਨਾਲ ਅਮਲੋਹ ਵਿਖੇ ਸਬ-ਡਵੀਜ਼ਨਲ ਕੰਪਲੈਕਸ ਕਰੀਬ 05 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ, ਜਿਸ ਨੂੰ ਕਿ ਜਲਦ ਮੁਕੰਮਲ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਬਸੀ ਪਠਾਣਾਂ ਵਿਖੇ ਕਰੀਬ 08 ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਸਬ ਡਵੀਜ਼ਨਲ ਕੰਪਲੈਕਸ ਬਣਾਇਆ ਜਾਣਾ ਹੈ।

ਸਰਕਾਰ ਵੱਲੋਂ 03 ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਆਫ ਐਮੀਨੈਂਸ, ਅਮਲੋਹ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਵੱਖ-ਵੱਖ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਦੂਰੋਂ ਆਉਂਦੇ ਬੱਚਿਆਂ ਲਈ 01 ਅਗਸਤ 2024 ਤੋਂ ਟਰਾਂਸਪੋਰਟ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। 12 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਬਣਾਇਆ ਜਾ ਰਿਹਾ ਹੈ।

ਜ਼ਿਲ੍ਹੇ ਵਿੱਚ ਚਲਦੇ ਖੇਡ ਕੋਚਿੰਗ ਸੈਂਟਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ 20 ਕੋਚਿੰਗ ਸੈਂਟਰ ਕਾਰਜ਼ਸੀਲ ਹਨ, ਜਿਨ੍ਹਾਂ ਵਿੱਚ ਰੋਜ਼ਾਨਾ 01ਹਜ਼ਾਰ ਤੋਂ ਵੱਧ ਨੌਜਵਾਨ ਖੇਡ ਪ੍ਰੈਕਟਿਸ ਕਰਦੇ ਹਨ। ਸੈਂਟਰਾਂ ਵਿੱਚ ਆਉਣ ਵਾਲੇ ਖਿਡਾਰੀਆਂ ਨੂੰ ਟ੍ਰੇਨਿੰਗ, ਖੇਡਾਂ ਦਾ ਸਾਜੋ ਸਮਾਨ ਅਤੇ ਖੁਰਾਕ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ।
ਸਰਕਾਰ ਦੀਆਂ ਇਹਨਾਂ ਕੋਸ਼ਿਸ਼ਾਂ ਸਦਕਾ ਜ਼ਿਲ੍ਹੇ ਦੇ ਖਿਡਾਰੀਆਂ ਨੇ ਸੂਬਾ ਪੱਧਰ ਤੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਨਾਮਣਾਂ ਖੱਟਿਆ ਹੈ।

ਨਗਰ ਕੌਸਲ ਮੰਡੀ ਗੋਬਿੰਦਗੜ੍ਹ ਵੱਲੋਂ ਆਊਟਡੋਰ ਸਟੇਡੀਅਮ ਵਿੱਚ ਟੈਨਿਸ ਦੇ ਖਿਡਾਰੀਆਂ ਲਈ 23 ਕਰੋੜ 66 ਲੱਖ ਰੁਪਏ ਦੀ ਲਾਗਤ ਨਾਲ ਟੈਨਿਸ ਕੋਰਟ ਬਣਾਇਆ ਗਿਆ ਹੈ। 03 ਕਰੋੜ ਰੁਪਏ ਦੀ ਲਾਗਤ ਨਾਲ ਸ਼ੂਟਿੰਗ ਰੇਂਜ ਵੀ ਬਣਾਈ ਜਾ ਰਹੀ ਹੈ।

ਸਰਕਾਰੀ ਮੱਛੀ ਪੂੰਗ ਫਾਰਮ ਬਾਗੜੀਆਂ- ਫੱਗਣਮਾਜਰਾ ਵਿਖੇ ਸਾਲ 2024 ਦੌਰਾਨ ਵੱਖ-ਵੱਖ ਕਿਸਮਾਂ ਦਾ 10 ਕਰੋੜ 84 ਲੱਖ ਤੋਂ ਵੱਧ ਮੱਛੀ ਪੂੰਗ ਦਾ ਉਤਪਾਦਨ ਕੀਤਾ ਗਿਆ।

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਨਵਜੰਮੇ ਬੇਸਹਾਰਾ ਬੱਚਿਆਂ ਲਈ ਸਰਕਾਰੀ ਅਡੋਪਸ਼ਨ ਏਜੰਸੀ ਦੀ ਸਥਾਪਨਾ ਕੀਤੀ ਗਈ,ਜਿਸ ਵਿੱਚ 10 ਨਵ ਜੰਮੇ ਬੱਚਿਆਂ ਨੂੰ ਰੱਖਿਆ ਜਾ ਸਕਦਾ ਹੈ ਅਤੇ  ਬੇਔਲਾਦ ਜੋੜਿਆਂ ਨੂੰ ਗੋਦ ਦਿੱਤਾ ਜਾ ਸਕੇਗਾ।

ਸ਼ਹੀਦੀ ਸਭਾ ਦੌਰਾਨ ਜਿੱਥੇ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਦੇ ਮੱਦੇਨਜ਼ਰ ਉੱਚ ਪੱਧਰੀ ਪ੍ਰਸ਼ਾਸਕੀ ਪ੍ਰਬੰਧ ਕੀਤੇ ਗਏ, ਉੱਥੇ ਫਤਹਿਗੜ੍ਹ ਸਾਹਿਬ ਵਿਖੇ 17 ਟੋਆਇਲਿਟ ਬਲਾਕ 06 ਕਰੋੜ 64 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਗਏ।

ਜ਼ਿਲ੍ਹੇ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਬੰਦ ਪਏ 02.17 ਕਿਲੋਮੀਟਰ ਲੰਬਾਈ ਵਾਲੇ 260 ਨਹਿਰੀ ਖਾਲਾਂ ਨੂੰ ਮੁੜ ਚਾਲੂ ਕਰਵਾਇਆ ਗਿਆ। ਇਸ ਦੇ ਨਾਲ ਨਾਲ 29.23 ਕਿਲੋਮੀਟਰ ਲੰਬੀ ਅੰਡਰ ਗਰਾਉਂਡ ਪਾਈਪ ਲਾਈਨ ਵੀ ਪਾਈ ਗਈ। ਰਜਬਾਹਿਆਂ ਦੀ ਪਾਣੀ ਲੈਣ ਦੀ ਸਮਰੱਥਾ ਨੂੰ ਵੀ ਮੁੜ ਸੁਰਜੀਤ ਕੀਤਾ ਗਿਆ ਹੈ।

ਜਲ ਜੀਵਨ ਮਿਸ਼ਨ ਅਧੀਨ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 92 ਪਿੰਡਾਂ ਨੂੰ ਪੀਣ ਯੋਗ ਨਹਿਰੀ ਪਾਣੀ ਉਪਲਬੱਧ ਕਰਵਾਉਣ ਲਈ “ਮੈਗਾ ਨਹਿਰੀ ਪਾਣੀ ਪ੍ਰੋਜੈਕਟ” ਪਿੰਡ ਨਾਨੋਵਾਲ ਵਿਖੇ 100.8 ਕਰੋੜ ਦੀ ਲਾਗਤ ਨਾਲ ਲਗਾਇਆ ਗਿਆ ਹੈ।

ਆਮ ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਹਿਗੜ੍ਹ ਸਾਹਿਬ ਵਿਖੇ ਸੀ.ਐੱਮ. ਵਿੰਡੋ ਸਥਾਪਤ ਕੀਤੀ ਗਈ। ਜੋ ਵੀ ਵਿਅਕਤੀ ਸੀ.ਐੱਮ. ਵਿੰਡੋ  ਵਿਖੇ ਆਪਣੀ ਦਰਖ਼ਾਸਤ ਲੈ ਕੇ ਆਉਂਦਾ ਹੈ, ਉਸ ਸਬੰਧੀ ਮੌਕੇ ‘ਤੇ ਹੀ ਕਾਰਵਾਈ ਕੀਤੀ ਜਾਂਦੀ ਹੈ। ਜਿਹੜੇ ਮਸਲਿਆਂ ਦਾ ਨਿਪਟਾਰਾ ਰਾਜ ਪੱਧਰ ’ਤੇ ਹੋਣਾ ਹੈ ਉਨ੍ਹਾਂ ਬਾਰੇ ਸਿਕਾਇਤ ਦੀ ਕਾਪੀ ਅਤੇ ਡਿਪਟੀ ਕਮਿਸ਼ਨਰ ਦੀ ਤਜਵੀਜ਼ ਤਿੰਨ ਦਿਨਾਂ ਦੇ ਅੰਦਰ-ਅੰਦਰ ਮੁੱਖ ਮੰਤਰੀ ਦਫ਼ਤਰ ਅਤੇ ਸਬੰਧਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਨੂੰ ਭੇਜੀ ਜਾਂਦੀ ਹੈ।

ਸੀ.ਐਮ.ਦੀ ਯੋਗਸ਼ਾਲਾ ਪ੍ਰੋਗਰਾਮ ਤਹਿਤ ਜ਼ਿਲ੍ਹੇ ਵਿੱਚ ਕਰੀਬ 19 ਟ੍ਰੇਨਰਾਂ ਵੱਲੋਂ 105 ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ 1500 ਤੋਂ ਵੱਧ ਜ਼ਿਲ੍ਹਾ ਵਾਸੀ ਲਾਭ ਲੈ ਰਹੇ ਹਨ। ਜ਼ਿਲ੍ਹੇ ਵਿੱਚ 10 ਸਰਕਾਰੀ ਆਯੂਸ਼ ਹੈਲਥ ਐਂਡ ਵੈਲਨੈੱਸ ਸੈਂਟਰ ਕਾਰਜਸ਼ੀਲ ਹਨ, ਜਿਨ੍ਹਾਂ ਵਿੱਚ ਵੀ ਯੋਗ ਇੰਸਟ੍ਰਕਟਰਾਂ ਨੂੰ ਭਰਤੀ ਕੀਤਾ ਗਿਆ ਹੈ ਜੋ ਕਿ ਹਰ ਰੋਜ਼ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਯੋਗ ਕਰਾਉਣ ਦੀਆਂ ਸੇਵਾਵਾਂ ਨਿਭਾ ਰਹੇ ਹਨ।

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਕੀ ਸੁਧਾਰਾਂ ਤਹਿਤ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਸੇਵਾ ਕੇਂਦਰਾਂ ਵਿਚ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ 425 ਕਿਸਮ ਦੀਆਂ ਸੇਵਾਵਾਂ ਮਿੱਥੇ ਸਮੇਂ ਵਿੱਚ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸਾਲ 2024 ਦੌਰਾਨ ਤੋਂ ਵੱਖ-ਵੱਖ ਵਿਭਾਗਾਂ ਦੀਆਂ ਕਰੀਬ 80 ਹਜ਼ਾਰ ਤੋਂ ਵੱਧ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ।

Leave a Reply

Your email address will not be published. Required fields are marked *