Saturday, August 15
Shadow

ਇੱਕ ਦਿਨ ਵਿੱਚ 1.5 ਲੱਖ ਬੂਟੇ ਲਾ ਕੇ ਜ਼ਿਲ੍ਹਾ ਐਸ.ਏ.ਐਸ.ਨਗਰ ਨੇ ਸਿਰਜਿਆ ਇਤਿਹਾਸ

ਡੇਰਾਬੱਸੀ/ਐਸ.ਏ.ਐਸ.ਨਗਰ, 23 ਜੁਲਾਈ:

ਜ਼ਿਲ੍ਹੇ ਵਿੱਚ ਵਾਤਾਵਰਨ ਦੀ ਸੰਭਾਲ ਲਈ ਹਰਿਆਵਲ ਨੂੰ ਵਧਾਉਣ ਦੇ ਉਦੇਸ਼ ਨਾਲ ਐਸ.ਏ.ਐਸ.ਨਗਰ ਪ੍ਰਸ਼ਾਸਨ ਨੇ ਮੰਗਲਵਾਰ ਨੂੰ 1.5 ਲੱਖ ਬੂਟੇ ਲਾ ਕੇ ਇਤਿਹਾਸ ਸਿਰਜਿਆ ਹੈ। ਇਸ ਇਤਿਹਾਸਕ ਪਹਿਲਕਦਮੀ ਦੀ ਸ਼ੁਰੂਆਤ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ
ਲਾਲੜੂ-ਹੰਡੇਸਰਾ ਰੋਡ ‘ਤੇ ਸਥਿਤ ਪਿੰਡ ਜੌਹਲਾਂ ਕਲਾਂ ਵਿਖੇ ਜ਼ਿਲ੍ਹਾ ਪੱਧਰੀ ਉਦਘਾਟਨੀ ਸਮਾਰੋਹ ਦੌਰਾਨ ਬੂਟਾ ਲਾ ਕੇ ਕੀਤੀ। ਇਸ ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਨਾਲ ਲੈਕੇ ਕਰੀਬ 10 ਹਜ਼ਾਰ ਬੂਟੇ ਲਗਾਏ ਗਏ।

ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਾਤਾਵਰਨ ਦੀ ਸੰਭਾਲ ਵੱਲ ਉਚੇਚਾ ਧਿਆਨ ਦੇ ਰਹੀ ਹੈ। ਅੱਜ ਜਦੋਂ ਸਾਰੀ ਦੁਨੀਆਂ ਵਾਤਾਵਰਨ ਸਬੰਧੀ ਮੁਸ਼ਕਲਾਂ ਨਾਲ ਜੂਝ ਰਹੀ ਹੈ ਤਾਂ ਵਾਤਾਵਰਨ ਸੰਭਾਲ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਜੇ ਵਾਤਾਵਰਨ ਸਾਫ਼ ਹੋਵੇਗਾ ਤਾਂ ਅਸੀਂ ਸਾਫ਼ ਹਵਾ ਵਿੱਚ ਸਾਹ ਲੈ ਸਕਾਂਗੇ ਤੇ ਬਿਮਾਰੀਆਂ ਤੋਂ ਬਚੇ ਰਹਾਂਗੇ। ਇਸ ਦੇ ਨਾਲ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਾਫ਼ ਸੁਥਰਾ ਵਾਤਾਵਰਨ ਮਿਲ ਸਕੇਗਾ।

ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਕਿਸਾਨ ਆਪਣੇ ਖੇਤਾਂ ਵਿਚੋਂ ਦਰੱਖਤ ਵੱਢ ਰਹੇ ਹਨ, ਉਸ ਹਿਸਾਬ ਨਾਲ ਆਉਣ ਵਾਲੀਆਂ ਨਸਲਾਂ ਨੂੰ ਸਾਹ ਲੈਣ ਜੋਗੀ ਆਕਸੀਜ਼ਨ ਵੀ ਨਹੀਂ ਮਿਲਣੀ।ਇਸ ਲਈ ਦਰੱਖਤ ਵੱਢਣ ਦੀ ਮਾੜੀ ਪਿਰਤ ਛੱਡ ਕੇ ਬੂਟੇ ਲਾਉਣ ਦੀ ਮੁਹਿੰਮ ਵਿੱਢੀ ਜਾਵੇ। ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਬੂਟੇ ਲਾਉਣ ਵੇਲੇ ਤਰਜੀਹ ਸਥਾਨਕ ਬੂਟੇ ਲਾਉਣ ਨੂੰ ਹੀ ਦਿੱਤੀ ਜਾਵੇ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਹਫਤੇ ਵਿੱਚ ਇੱਕ ਵਾਰ ਇਸ ਪਿੰਡ ਵਿਖੇ ਆਪਣੇ ਵੱਲੋਂ ਲਾਏ ਬੂਟੇ ਦੇਖ ਕੇ ਜਾਇਆ ਕਰਨਗੇ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਿਆਪਕ ਪੱਧਰ ‘ਤੇ ਮਿਸ਼ਨ ਹਰਿਆਵਲ ਦਾ ਸੁਨੇਹਾ ਦੇਣ ਲਈ ਇੱਕ ਦਿਨ ਵਿੱਚ ਕੁੱਲ 1.5 ਲੱਖ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਵੱਡੇ ਪੱਧਰ ‘ਤੇ ਪੌਦੇ ਲਗਾਉਣ ਦਾ ਉਦੇਸ਼ ਹਰਿਆਵਲ ਨੂੰ ਵਧਾ ਕੇ ਵਾਤਾਵਰਣ ਦੀ ਸੰਭਾਲ ਪ੍ਰਤੀ ਲੋਕਾਂ ਅਤੇ ਸਰਕਾਰੀ ਵਿਭਾਗਾਂ ਨੂੰ ਲਾਮਬੰਦ ਕਰਨਾ ਅਤੇ ਜਾਗਰੂਕ ਕਰਨਾ ਹੈ।

ਪਿੰਡ ਜੌਹਲਾਂ ਕਲਾਂ ਵਿਖੇ ਇਕ ਵਾਰ ਵਿਚ 10000 ਬੂਟੇ ਲਗਾਏ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ‘ਤੇ ਸਬ ਡਵੀਜ਼ਨ ਪੱਧਰੀ ਬੂਟੇ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ ਹੈ। ਖਰੜ ਦੇ ਮਲਕਪੁਰ ਵਿਖੇ 2000, ਇਸੇ ਤਰ੍ਹਾਂ ਮੁਹਾਲੀ ਦੇ ਕੁਰੜੀ ਵਿਖੇ 2000, ਮੋਟੇ ਮਾਜਰਾ, ਤੰਗੋਰੀ ਅਤੇ ਠਸਕਾ ਵਿਖੇ ਇੱਕ-ਇੱਕ ਹਜ਼ਾਰ ਤੋਂ ਇਲਾਵਾ ਮੌਜਪੁਰ ਵਿਖੇ 500 ਬੂਟੇ ਲਗਾਏ ਗਏ ਹਨ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਤਿੰਨੋਂ ਸਬ-ਡਵੀਜ਼ਨਾਂ ਵਿੱਚ ਇੱਕ ਦਿਨ ਵਿੱਚ ਔਸਤਨ 50,000 ਬੂਟੇ ਲਗਾਏ ਗਏ ਹਨ। ਮਿਸ਼ਨ ਗ੍ਰੀਨ ਤਹਿਤ ਪੂਰੇ ਜ਼ਿਲ੍ਹੇ ਵਿੱਚ 11 ਲੱਖ ਬੂਟੇ ਲਗਾਏ ਜਾਣੇ ਹਨ ਅਤੇ ਇਹ ਉਪਰਾਲਾ ਚੱਲ ਰਹੀ ਮਿਸ਼ਨ ਹਰਿਆਲੀ ਮੁਹਿੰਮ ਦਾ ਹਿੱਸਾ ਹੈ।

ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ ਗ੍ਰੀਨ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਾਉਣ ਅਤੇ ਲਾਉਣ ਵਿੱਚ ਸਹਿਯੋਗ ਵੀ ਦੇਣ।

ਬੂਟੇ ਲਾਉਣ ਦੀ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਸਰਕਾਰੀ ਹਾਈ ਸਕੂਲ ਜੌਹਲਾਂ ਕਲਾਂ ਦੇ ਵਿਦਿਆਰਥੀ ਜੈਸਮੀਨ ਕੌਰ ਤੇ ਹਰਕੀਰਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਪਿੰਡ ਵਿੱਚ ਬੂਟੇ ਲਾਉਣ ਦਾ ਕੀਤਾ ਉਪਰਾਲਾ ਸ਼ਲਾਘਾਯੋਗ ਹੈ। ਬੂਟੇ ਲਾ ਕੇ ਉਹਨਾਂ ਨੂੰ ਬਹੁਤ ਹੀ ਖੁਸ਼ੀ ਪ੍ਰਾਪਤ ਹੋਈ ਹੈ ਤੇ ਉਹ ਇਹਨਾਂ ਦੀ ਸਾਂਭ ਸੰਭਾਲ ਵੀ ਕਰਨਗੇ। ਇਕ ਰੁੱਖ਼ ਸੌ ਸੁੱਖ ਦਾ ਨਾਅਰਾ ਦੇ ਕੇ ਉਹ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਵੀ ਪ੍ਰੇਰਨਗੇ।

ਇਸ ਮੌਕੇ ਸੀ.ਆਰ.ਪੀ. ਐੱਫ. ਦੀ ਪੰਜਵੀਂ ਸਿਗਨਲ ਬਟਾਲੀਅਨ ਅਤੇ ਵੱਖੋ-ਵੱਖ ਐਨਜੀਓਜ਼ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਦੀ ਇਸ ਮੁਹਿੰਮ ਵਿੱਚ ਭਰਪੂਰ ਸਹਿਯੋਗ ਦਿੱਤਾ।

ਇਸ ਮੌਕੇ ਵਣ ਮੰਡਲ ਅਫ਼ਸਰ ਸ. ਕੰਵਰ ਦੀਪ ਸਿੰਘ ਆਈ.ਐੱਫ.ਐੱਸ., ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀਮਤੀ ਸੋਨਮ ਚੌਧਰੀ, ਐੱਸ.ਡੀ.ਐਮ. ਡੇਰਾਬੱਸੀ ਸ਼੍ਰੀ ਹਿਮਾਂਸ਼ੂ ਗੁਪਤਾ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ, ਵੱਡੀ ਗਿਣਤੀ ਪਿੰਡ ਵਾਸੀ ਤੇ ਸਕੂਲੀ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *