ਡੀ. ਏ. ਪੀ. ਦੀ ਕਾਲਾਬਜ਼ਾਰੀ ਰੋਕਣ ਲਈ ਖਾਦ ਡੀਲਰਾਂ ਦੀਆਂ ਦੁਕਾਨਾਂ ਦੀ ਚੈਕਿੰਗ

ਮੋਗਾ 7 ਨਵੰਬਰ
ਹਾੜ੍ਹੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਮੋਗਾ  ਦੇ ਖਾਦ ਦੀਆਂ ਰੀਟੇਲ ਅਤੇ ਹੋਲਸੋਲ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਖਾਦਾਂ ਦੇ ਗੋਦਾਮਾਂ ਅਤੇ ਪੀ.ਓ.ਐਸ. ਮਸ਼ੀਨਾਂ ਦੀ ਪੜ੍ਹਤਾਲ ਕੀਤੀ ਗਈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਖਾਦ ਦੀ ਕਾਲਾਬਜ਼ਾਰੀ ਨਾ ਹੋਵੇ। ਚੈਕਿੰਗ ਟੀਮ ਵਿੱਚ ਬਲਾਕ ਖੇਤੀਬਾੜੀ ਅਫ਼ਸਰ  ਡਾ ਅੰਮ੍ਰਿਤਪਾਲ ਸਿੰਘ, ਡਾ ਅਮਨਦੀਪ ਸਿੰਘ ਤੋਂ ਇਲਾਵਾ ਕੰਵਲਜੀਤ ਸਿੰਘ ਤੇ ਦਿਲਸ਼ਾਦ ਮੌਜੂਦ ਸਨ।

ਬਲਾਕ ਖੇਤੀਬਾੜੀ ਅਫ਼ਸਰ ਡਾ ਅੰਮ੍ਰਿਤਪਾਲ ਸਿੰਘ  ਨੇ ਦੱਸਿਆ ਵਿਭਾਗ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਦੀਆਂ ਸਖ਼ਤ ਹਦਾਇਤਾਂ ਹਨ ਕਿ ਜ਼ਿਲ੍ਹਾ ਮੋਗਾ ਵਿੱਚ ਖਾਦਾਂ ਦੀ ਕਾਲਾਬਾਜ਼ਾਰੀ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਹਨਾਂ ਦੱਸਿਆ ਕਿ  ਫਰਮਾਂ ਦਾ ਸਾਰਾ ਰਿਕਾਰਡ ਘੋਖਿਆ ਗਿਆ,  ਹਾੜ੍ਹੀ ਸੀਜ਼ਨ ਲਈ ਖਾਦਾਂ ਮੁਹੱਈਆ ਕਰਾਉਣ ਲਈ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਟੀਮਾਂ ਲਗਾਤਾਰ ਖਾਦ ਵਿਕਰੇਤਾਵਾਂ ਦੀਆਂ ਚੈਕਿੰਗ ਕਰ ਰਹੀਆਂ ਹਨ ਤਾਂ ਜੋ ਖਾਦ ਦੀ ਵਿਕਰੀ ਸਮੇਂ ਕਿਸੇ ਵੀ ਵਾਧੂ ਸਮਾਨ ਦੀ ਟੈਗਿੰਗ ਨਾ ਹੋਵੇ ਅਤੇ ਖਾਦ ਦੀ ਵਿਕਰੀ ਨਿਰਧਾਰਤ ਕੀਮਤ ਤੇ ਕਿਸਾਨਾਂ ਨੂੰ ਹੋਵੇ।
ਉਹਨਾਂ ਦੱਸਿਆ ਕਿ ਡੀ ਏ ਪੀ ਖਾਦ ਦੀ ਘਾਟ ਤੋਂ ਕਿਸਾਨਾਂ ਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਕਿਉਕਿ ਹੁਣ ਇਸਦੇ ਬਦਲ ਦੇ ਤੌਰ ਤੇ ਬਾਜ਼ਾਰ ਵਿਚ ਹੋਰ ਬਹੁਤ ਖਾਦਾਂ ਹਨ ਜੋਂ ਹਾੜ੍ਹੀ ਦੀਆਂ ਫ਼ਸਲਾਂ ਲਈ ਡੀ ਏ ਪੀ ਖਾਦ ਜਿੰਨੀਆਂ  ਹੀ ਕਾਰਗਰ ਹਨ। ਉਨ੍ਹਾਂ ਦੱਸਿਆ ਕਿ  ਡੀ.ਏ.ਪੀ ਵਿਚੋਂ ਫ਼ਸਲ ਨੂੰ 18 ਫੀਸਦੀ ਨਾਈਟ੍ਰੋਜਨ ਅਤੇ  ਅਤੇ  46 ਫੀਸਦੀ ਫਾਸਫੋਰਸ ਖੁਰਾਕੀ ਤੱਤ ਮਿਲ ਜਾਂਦਾ ਹੈ। ਡੀ ਏ ਪੀ ਖਾਦ ਦੇ ਬਦਲ ਵਜੋਂ ਬਾਜ਼ਾਰ ਵਿਚ ਹੋਰ ਖਾਦਾਂ ਜਿਵੇਂ ਟ੍ਰਿਪਲ ਸੁਪਰ  ਫਾਸਫੇਟ,ਸਿੰਗਲ ਸੁਪਰ ਫਾਸਫੇਟ , ਕਿਸਾਨ ਖਾਦ  ਉਪਲਬਧ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਟ੍ਰਿਪਲ ਸਪਰ ਫਾਸਫੇਟ ਵਿੱਚ ਡੀ ਏ ਪੀ ਵਾਂਗੂ 46% ਫਾਸਫੋਰਸ ਤੱਤ ਹੁੰਦਾ ਹੈ ਅਤੇ ਇਸ ਦੀ ਕੀਮਤ ਪ੍ਰਤੀ ਬੋਰੀ 1250/-ਰੁਪਏ ਹੈ ਜਦ ਕਿ ਡੀ ਏ ਪੀ ਦੀ ਕੀਮਤ ਪ੍ਰਤੀ ਬੈਗ 1350/- ਰੁਪਏ ਹੈ।  ਖਾਦ (12:32:16) ਦੀ ਵਰਤੋਂ ਵੀ ਡੀ ਏ ਪੀ ਦੇ ਬਦਲ ਵੱਜੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦਸਿਆ ਕਿ ਬਿਜਾਈ ਸਮੇਂ ਡੇਢ ਬੋਰੀ ਕਿਸਾਨ ਖਾਦ ਦੀ ਵਰਤੋਂ ਕੀਤੀ ਜਾ ਸਕਦੀ ਹੈ ।  ਇਸ ਤੋਂ ਇਲਾਵਾ ਬਾਜ਼ਾਰ ਵਿੱਚ ਮੌਜੂਦ ਹੋਰ ਫਾਸਫੈਟਿਕ ਖਾਦਾਂ ਵੀ ਵਰਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਤਿੰਨ ਬੈਗ ਸਿੰਗਲ ਸੁਪਰ ਫਸਫੇਟ 16% ਪ੍ਰਤੀ ਏਕੜ ਵਰਤੇ ਜਾ ਸਕਦੇ ਹਨ ਜਿਸ ਦੀ ਕੀਮਤ ਪ੍ਰਤੀ ਬੋਰੀ 450/- ਹੈ ਅਤੇ ਇਸ ਵਿਚੋਂ ਸਲਫ਼ਰ ਤੱਤ ਵੀ ਮਿਲ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਣਕ ਦੀ ਬਿਜਾਈ ਲਈ ਟ੍ਰਿਪਲ ਸੁਪਰ ਫਸਫੇਟ ਖਾਦ ਜਾਂ ਸਿੰਗਲ ਸੁਪਰ ਫਸਫੇਟ ਖਾਦ ਵਰਤਣੀ ਹੋਵੇ ਤਾਂ ਕਣਕ ਦੀ ਬਿਜਾਈ ਸਮੇਂ 20 ਕਿਲੋ ਯੂਰੀਆ ਪ੍ਰਤੀ ਏਕੜ ਜ਼ਰੁਰ ਪਾਂ ਲੈਣੀ ਚਾਹੀਦੀ ਹੈ। ਇਹ ਖਾਦ ਫਸਲਾਂ ਲਈ ਡੀਏਪੀ ਨਾਲੋਂ ਵਧੀਆ ਕੰਮ ਕਰਦੀ ਹੈ।

Leave a Reply

Your email address will not be published. Required fields are marked *