ਪਾਣੀਆਂ ਦੇ ਮੁੱਦੇ ‘ਤੇ ਝੂਠਾ ਪ੍ਰਚਾਰ ਕਰ ਰਿਹੈ ਹਰਿਆਣਾ, ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਤੱਥਾਂ ਨਾਲ ਸਬੂਤ ਕੀਤੇ ਜਨਤਕ
ਚੰਡੀਗੜ੍ਹ/ਸ੍ਰੀ ਮੁਕਤਸਰ ਸਾਹਿਬ, 3 ਮਈ:
ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਆਖਿਆ ਹੈ ਕਿ ਪਾਣੀਆਂ ਦੇ ਮੁੱਦੇ 'ਤੇ ਹਰਿਆਣਾ ਭਰਮ ਫੈਲਾ ਰਿਹਾ ਹੈ।
ਅੱਜ ਇੱਥੇ ਉਨ੍ਹਾਂ ਨੇ ਇਸ ਵਿਸ਼ੇ ਸਬੰਧੀ ਸਾਰੇ ਤੱਥ ਜਨਤਕ ਕਰਦਿਆਂ ਕਿਹਾ ਕਿ ਪੰਜਾਬ ਨੇ ਕਿਸੇ ਦਾ ਹੱਕ ਨਹੀਂ ਰੋਕਿਆ ਪਰ ਨਾਲ ਹੀ ਉਨ੍ਹਾਂ ਦੁਹਰਾਇਆ ਕਿ ਪੰਜਾਬ ਆਪਣਾ ਹੱਕ ਛੱਡੇਗਾ ਵੀ ਨਹੀਂ ਅਤੇ ਕੇਂਦਰ ਜਾਂ ਹਰਿਆਣਾ ਦੇ ਦਬਾਅ ਅੱਗੇ ਝੁਕੇਗਾ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲਈ ਪੰਜਾਬ ਦੇ ਹਿੱਤ ਸਭ ਤੋਂ ਪਹਿਲਾਂ ਹਨ ਅਤੇ ਪੰਜਾਬ ਦੇ ਪਾਣੀਆਂ 'ਤੇ ਸਿਰਫ਼ ਪੰਜਾਬ ਦਾ ਹੱਕ ਹੈ।
ਇਸ ਵਿਸ਼ੇ ਸਬੰਧੀ ਵਿਸਥਾਰ ਨਾਲ ਤੱਥ ਰੱਖਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਡੈਮਾਂ ਵਿੱਚ ਜੋ ਪਾਣੀ ਜਮ੍ਹਾ ਹੁੰਦਾ ਹੈ, ਉਸ ਅਨੁਸਾਰ ਪਾਣੀ ਦੀ ਵੰਡ ਪਿਛਲੇ ਲਗਭਗ 44 ਸਾਲਾਂ ਤੋਂ ਹੁੰਦੀ ਆ ਰਹੀ ਹੈ। ਹਰਿਆਣਾ ਨੂੰ ਇਸ ਵਰ੍ਹੇ 2.987 ਐਮਏਐਫ ਪਾਣੀ ਅਲਾਟ ਹੋਇਆ ਸੀ ਅਤੇ ਉਹ ਆਪਣੇ ਅਲਾਟ ਕੀਤੇ ਪਾਣੀ ਦੀ ਵਰਤੋਂ ਪਹਿਲਾਂ ਹੀ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵੱਲੋਂ...








