31 ਮਈ ਤੇ 1 ਜੂਨ ਨੂੰ ਅਖਬਾਰਾਂ ਵਿਚ ਕੋਈ ਵੀ ਸਿਆਸੀ ਇਸਤਿਹਾਰ ਬਿਨ੍ਹਾਂ ਐਮ.ਸੀ.ਐਮ.ਸੀ. ਦੀ ਪ੍ਰਵਾਨਗੀ ਦੇ ਨਹੀਂ ਛਪੇਗਾ – ਧੀਮਾਨ

ਫ਼ਿਰੋਜ਼ਪੁਰ, 27 ਮਈ 2024:

ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 31 ਮਈ ਅਤੇ 1 ਜੂਨ 2024 ਨੂੰ ਚੋਣਾਂ ਵਾਲੇ ਦਿਨ ਅਤੇ ਉਸ ਤੋਂ ਇਕ ਦਿਨ ਪਹਿਲਾਂ ਪ੍ਰਿੰਟ ਮੀਡੀਆ ਵਿਚ ਛੱਪਣ ਵਾਲੇ ਹਰੇਕ ਸਿਆਸੀ ਇਸ਼ਤਿਹਾਰ ਦੀ ਪੂਰਵ ਪ੍ਰਵਾਨਗੀ (ਪ੍ਰੀ ਸਰਟੀਫਿਕੇਸ਼ਨ)  ਮੀਡੀਆ ਸਰਟੀਫ਼ਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ.) ਤੋਂ ਲਈ ਜਾਣੀ ਲਾਜਮੀ ਹੈ। ਰਜਿਸਟਰਡ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਦੇ ਮਾਮਲੇ ਵਿੱਚ ਇਹ ਮਨਜ਼ੂਰੀ ਤਿੰਨ ਦਿਨ ਪਹਿਲਾਂ ਅਤੇ ਗੈਰ ਰਜਿਸਟਰਡ ਪਾਰਟੀਆਂ ਸੱਤ ਦਿਨ ਪਹਿਲਾਂ ਐਮ.ਸੀ.ਐਮ.ਸੀ. ਸੈਲ ਵਿਖੇ ਮਨਜ਼ੂਰੀ ਲਈ ਅਰਜ਼ੀ ਦੇਣਗੀਆਂ। ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕੀਤਾ।

ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਤਹਿਤ ਹਰ ਪ੍ਰਕਾਰ ਦੇ ਸੋਸ਼ਲ ਮੀਡੀਆ ’ਤੇ ਪਾਉਣ ਵਾਲੀ ਪ੍ਰਚਾਰ ਸਮੱਗਰੀ ਦੀ ਪੂਰਵ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਉਮੀਦਵਾਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਪਾਏ ਜਾਣ ਵਾਲੇ ਇਸ਼ਤਿਹਾਰ ਦਾ ਖ਼ਰਚਾ ਵੀ ਦੱਸਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਹਰ ਕਿਸਮ ਦੇ ਪੋਸਟਰ, ਬੈਨਰ, ਪੈਫਲਿਟ ਦੇ ਕੰਟੈਂਟ / ਵਿਸ਼ਾ ਸਮੱਗਰੀ ਦੀ ਨਿਰੋਲ ਜ਼ਿੰਮੇਵਾਰੀ ਛਾਪਕ (ਪ੍ਰਿੰਟਰ/ਪਬਲਿਸ਼ਰ) ਦੀ ਹੋਵੇਗੀ ਅਤੇ ਇਸ ਦਾ ਖ਼ਰਚਾ ਬੁੱਕ ਕਰਵਾਉਣਾ ਲਾਜ਼ਮੀ ਹੋਵੇਗਾ। ਪੋਸਟਰ, ਪੈਂਫਲਿਟ, ਬੈਨਰ, ਲੀਫਲੈਟ ਦੀ ਪੂਰਵ ਪ੍ਰਵਾਨਗੀ ਨਿਯਮਾਂ ਮੁਤਾਬਿਕ ਲੋੜੀਂਦੀ ਨਹੀਂ ਹੈ। ਵੀਡੀਓ ਦੇ ਮਾਮਲੇ ਵਿੱਚ ਵੀਡੀਓ ਤੋਂ ਇਲਾਵਾ ਲਿਖਤੀ ਤਸਦੀਕ ਸ਼ੁਦਾ ਸਕ੍ਰਿਪਟ ਵੀ ਦੇਣੀ ਲਾਜ਼ਮੀ ਹੋਵੇਗੀ। ਇਸ ਦੇ ਨਾਲ ਹੀ ਵੀਡੀਓ ਬਣਾਉਣ ਤੇ ਕੀਤੇ ਗਏ ਖਰਚੇ ਦਾ ਵੇਰਵਾ ਵੀ ਦੱਸਣਾ ਹੋਵੇਗਾ। ਉਨ੍ਹਾਂ ਮੀਡੀਆ ਅਦਾਰਿਆਂ ਨੂੰ ਵੀ ਅਪੀਲ ਕੀਤੀ ਕਿ 31 ਮਈ ਅਤੇ 1 ਜੂਨ 2024 ਨੂੰ ਛਾਪਣ ਲਈ ਉਹੀ ਸਿਆਸੀ ਇਸ਼ਤਿਹਾਰ ਸਵਿਕਾਰ ਕਰਨ ਜਿਸਦੀ ਪ੍ਰੀ-ਸਰਟੀਫਿਕੇਸ਼ਨ ਉਮੀਦਵਾਰ ਨੇ ਕਰਵਾਈ ਹੋਵੇ।

ਉਨ੍ਹਾਂ ਕਿਹਾ ਕਿ ਕੋਈ ਵੀ ਰਾਜਨੀਤਿਕ ਸਮੱਗਰੀ, ਸੰਦੇਸ਼/ਕਮੈਂਟ/ਫੋਟੋ/ਪੋਸਟ ਕੀਤਾ ਬਲੋਗ/ਸੈਲਫ ਅਕਾਊਂਟ ਤੇ ਅਪਲੋਡ ਕੀਤਾ ਗਿਆ, ਇਸ ਨੂੰ ਰਾਜਨੀਤਿਕ ਇਸ਼ਤਿਹਾਰ ਵਜੋਂ ਨਹੀਂ ਦੇਖਿਆ ਜਾਵੇਗਾ ਅਤੇ ਇਸ ਦੀ ਪ੍ਰੀ ਸਰਟੀਫਿਕੇਸ਼ਨ ਦੀ ਲੋੜ ਨਹੀਂ ਹੋਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਮਤਦਾਨ ਖਤਮ ਹੋਣ ਦੇ ਨਿਰਧਾਰਤ ਸਮੇਂ ਤੋਂ 48 ਘੰਟੇ ਪਹਿਲਾਂ ਦੇ ਸਮੇਂ ਦੌਰਾਨ ਸਿਆਸੀ ਪਾਰਟੀਆਂ ਜਾਂ ਉਮੀਦਵਾਰ ਆਪਣੇ ਚੋਣ ਪ੍ਰਚਾਰ ਲਈ ਕੋਈ ਵੀ ਜਨਤਕ ਰੈਲੀ, ਸਭਾ ਨਹੀਂ ਕਰ ਸਕਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਖਰੀ 48 ਘੰਟਿਆਂ ਦੌਰਾਨ ਲੋਕ ਪ੍ਰਤਿਨਿਧਤਾ ਕਾਨੂੰਨ 1951 ਦੀ ਧਾਰਾ 126 ਅਨੁਸਾਰ ਸਿਆਸੀ ਲਾਹੇ ਲਈ ਕੋਈ ਵੀ ਜਨਤਕ ਚੋਣ ਸਭਾ ਨਹੀਂ ਕੀਤੀ ਜਾ ਸਕਦੀ। ਇਸ ਤੋਂ ਬਿਨ੍ਹਾਂ ਇਲੈਕਟ੍ਰੋਨਿਕ ਮੀਡੀਆ ਜਿਸ ਵਿਚ ਸਿਨੇਮਾ, ਟੈਲੀਵਿਜ਼ਨ ਵਰਗੇ ਬਿਜਲਈ ਸਾਧਨ ਸ਼ਾਮਿਲ ਹਨ ਆਦਿ ’ਤੇ ਵੀ ਅਜਿਹੀ ਚੋਣ ਸਮੱਗਰੀ ਪ੍ਰਸਾਰਿਤ ਨਹੀਂ ਕੀਤੀ ਜਾ ਸਕਦੀ ਜਿਸ ਨਾਲ ਕਿਸੇ ਉਮੀਦਵਾਰ ਨੂੰ ਫਾਇਦਾ ਜਾਂ ਨੁਕਸਾਨ ਹੁੰਦਾ ਹੋਵੇ। ਇਸ ਦੀ ਉਲੰਘਣਾ ਕਰਨ ਤੇ 2 ਸਾਲ ਤੱਕ ਦੀ ਸਜਾ, ਜੁਰਮਾਨਾ ਜਾਂ ਦੋਨੋਂ ਹੋ ਸਕਦੇ ਹਨ।

ਇਸੇ ਤਰਾਂ ਆਖਰੀ 48 ਘੰਟਿਆਂ ਦੌਰਾਨ ਸਬੰਧਤ ਹਲਕੇ ਤੋਂ ਬਾਹਰ ਤੋਂ ਚੋਣ ਪ੍ਰਚਾਰ ਲਈ ਆਏ ਸਮਰੱਥਕਾਂ ਨੂੰ ਵੀ ਵਾਪਿਸ ਜਾਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰੇ ਬਾਹਰੀ ਲੋਕ ਹਲਕੇ ਤੋਂ ਬਾਹਰ ਚਲੇ ਜਾਣ ਇਸ ਲਈ ਪੁਲਿਸ ਵਿਭਾਗ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਅਜਿਹੇ ਬਾਹਰੀ ਲੋਕਾਂ ਦੇ ਸੰਭਾਵਿਤ ਠਹਿਰਾਓ ਵਾਲੀ ਥਾਂ ਤੇ ਪੂਰੀ ਚੌਕਸੀ ਰੱਖੀ ਜਾਵੇ।

Leave a Reply

Your email address will not be published. Required fields are marked *