Shadow

ਰਾਮ ਮੰਦਰ ਦੇ ਡਾਕੂਆਂ ਨੂੰ ਸਜ਼ਾ ਦਿਵਾਉਣ ਲਈ ਐਤਵਾਰ ਨੂੰ ਸੁੰਦਰਕਾਂਡ ਪਾਠ ਕਰਕੇ ਸਿਗਨੇਚਰ ਕੰਪੇਨ ਦੀ ਸ਼ੁਰੂਆਤ ਕਰੇਗੀ ‘ਆਪ’- ਕੇਜਰੀਵਾਲ

ਨਵੀਂ ਦਿੱਲੀ, 10 ਜੁਲਾਈ – ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਮ ਮੰਦਰ ਵਿੱਚ ਡਾਕਾ ਮਾਰਨ ਵਾਲੇ ਮਹਾਂ ਪਾਪੀਆਂ ਨੂੰ ਸਜ਼ਾ ਦਿਵਾਉਣ ਲਈ ਐਤਵਾਰ ਨੂੰ ਸੁੰਦਰਕਾਂਡ ਪਾਠ ਕਰਵਾਉਣ ਅਤੇ ਦੇਸ਼ ਭਰ ਵਿੱਚ ਸਿਗਨੇਚਰ ਕੰਪੇਨ ਚਲਾਉਣ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਦਿੱਲੀ ਦੇ ਰੋਹਿਣੀ ਸੈਕਟਰ-10 ਸਥਿਤ ਜੇ.ਐਮ.ਡੀ ਟੈਂਟ, ਜਾਪਾਨੀ ਪਾਰਕ ਵਿੱਚ ਸਵੇਰੇ 10 ਵਜੇ ਸੁੰਦਰਕਾਂਡ ਪਾਠ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਬਾਅਦ ਹਨੂਮਾਨ ਜੀ ਦਾ ਆਸ਼ੀਰਵਾਦ ਲੈ ਕੇ ਦੇਸ਼ ਭਰ ਵਿੱਚ ਸਿਗਨੇਚਰ ਕੰਪੇਨ ਚਲਾਈ ਜਾਵੇਗੀ। ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੇ ਘਟਨਾਕ੍ਰਮ ਤੋਂ ਪਤਾ ਲੱਗਦਾ ਹੈ ਕਿ ਮੋਦੀ ਸਰਕਾਰ ਰਾਮ ਮੰਦਰ ਵਿੱਚ ਡਾਕਾ ਮਾਰਨ ਵਾਲੇ ਮਹਾਂ ਪਾਪੀਆਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ, ਜਦਕਿ ਸਨਾਤਨ ਦੇ ਇਹਨਾਂ ਗੁਨਾਹਗਾਰਾਂ ਨੂੰ ਫਾਂਸੀ ਮਿਲਣੀ ਚਾਹੀਦੀ ਸੀ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਹਰ ਸਨਾਤਨੀ ਹਿੰਦੂ ਦਾ ਧਰਮ ਹੈ ਕਿ ਇਹਨਾਂ ਮਹਾਂ ਪਾਪੀਆਂ ਨੂੰ ਸਜ਼ਾ ਦਿਵਾਉਣ ਲਈ ਆਪਣੇ ਆਪ ਨੂੰ ਸਮਰਪਿਤ ਕਰੇ। ਜਿਹੜੇ ਲੋਕ ਇਹਨਾਂ ਪਾਪੀਆਂ ਨੂੰ ਸਜ਼ਾ ਦਿਵਾਉਣ ਲਈ ਯਤਨ ਕਰਨਗੇ, ਪ੍ਰਭੂ ਸ਼੍ਰੀ ਰਾਮ ਉਹਨਾਂ ਦਾ ਅਤੇ ਉਹਨਾਂ ਦੇ ਪਰਿਵਾਰ ਦਾ ਭਲਾ ਕਰਨਗੇ। ਇਸ ਦੇ ਲਈ ਇਸ ਐਤਵਾਰ ਨੂੰ ਦਿੱਲੀ ਵਿੱਚ ਸੁੰਦਰਕਾਂਡ ਪਾਠ ਦਾ ਆਯੋਜਨ ਕੀਤਾ ਜਾ ਰਿਹਾ ਹੈ। ਤੁਸੀਂ ਸਾਰੇ ਲੋਕ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ। ਪਾਠ ਤੋਂ ਬਾਅਦ ਇਸ ‘ਤੇ ਚਰਚਾ ਹੋਵੇਗੀ ਕਿ ਪ੍ਰਭੂ ਸ਼੍ਰੀ ਰਾਮ ਦੇ ਗੁਨਾਹਗਾਰਾਂ ਨੂੰ ਸਜ਼ਾ ਦਿਵਾਉਣ ਲਈ ਕੀ ਯਤਨ ਕਰਨੇ ਹਨ। ਸਿਗਨੇਚਰ ਕੰਪੇਨ ਵਿੱਚ ਇੱਕ ਪੱਤਰ ‘ਤੇ ਰਾਮ ਭਗਤ ਦਸਤਖਤ ਕਰਨਗੇ, ਜੋ ਪ੍ਰਧਾਨ ਮੰਤਰੀ ਨੂੰ ਭੇਜੇ ਜਾਣਗੇ।

ਆਪ ਮੁੱਖ ਦਫ਼ਤਰ ‘ਤੇ ਪ੍ਰੈੱਸ ਕਾਨਫਰੰਸ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦਾ ਘਟਨਾਕ੍ਰਮ ਇਹ ਦਰਸਾਉਂਦਾ ਹੈ ਕਿ ਮੋਦੀ ਸਰਕਾਰ ਉੱਪਰ ਤੋਂ ਲੈ ਕੇ ਹੇਠਾਂ ਤੱਕ ਪੂਰੀ ਤਰ੍ਹਾਂ ਉਹਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਨੇ ਸ਼੍ਰੀ ਰਾਮਚੰਦਰ ਜੀ ਦੇ ਘਰ ਵਿੱਚ ਚੋਰੀ ਅਤੇ ਡਾਕਾ ਮਾਰਨ ਦਾ ਮਹਾਂਪਾਪ ਕੀਤਾ ਹੈ। ਉੱਥੇ ਜ਼ਮੀਨਾਂ ਦੇ ਵੱਡੇ-ਵੱਡੀਆਂ ਘੁਟਾਲੇ ਹੋਏ, ਜਿਸ ਦੇ ਸਾਰੇ ਕਾਗਜ਼ਾਤ ਮੌਜੂਦ ਹਨ। 2 ਕਰੋੜ ਰੁਪਏ ਦੀ ਜ਼ਮੀਨ ਮੰਦਰ ਟ੍ਰਸਟ ਨੇ 18 ਕਰੋੜ ਰੁਪਏ ਵਿੱਚ ਖਰੀਦੀ। ਸਾਰੇ ਕਾਗਜ਼ਾਤ ਮੌਜੂਦ ਹੋਣ ਦੇ ਬਾਵਜੂਦ ਉਸ ‘ਤੇ ਕੋਈ ਜਾਂਚ ਨਹੀਂ ਹੋ ਰਹੀ, ਕੋਈ ਐਫ.ਆਈ.ਆਰ ਦਰਜ ਨਹੀਂ ਹੋ ਰਹੀ ਅਤੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ।

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਨਿਰਮਾਣ ਕਾਰਜਾਂ ਵਿੱਚ ਕਿਹੜੀਆਂ ਕੰਪਨੀਆਂ ਨੂੰ ਠੇਕੇ ਦਿੱਤੇ ਗਏ, ਇਸ ‘ਤੇ ਖੁੱਲ੍ਹੇਆਮ ਦੋਸ਼ ਲੱਗ ਰਹੇ ਹਨ। ਉਹਨਾਂ ਦੇ ਇੰਜੀਨੀਅਰ ਕਹਿ ਰਹੇ ਹਨ ਕਿ ਕੰਸਟ੍ਰਕਸ਼ਨ ਵਿੱਚ 40 ਫੀਸਦੀ ਕਮਿਸ਼ਨ ਮੰਗਿਆ ਜਾਂਦਾ ਸੀ, ਪਰ ਉਸ ਦੀ ਕੋਈ ਜਾਂਚ ਨਹੀਂ ਹੋ ਰਹੀ। ਇੰਨੇ ਵੱਡੇ ਪੱਧਰ ‘ਤੇ ਚੜ੍ਹਾਵੇ ਦੀ ਚੋਰੀ ਹੋਈ, ਸੀਸੀਟੀਵੀ ਕੈਮਰੇ ਦੇ ਅੰਦਰ ਇੰਨੀਆਂ ਸਾਰੀਆਂ ਘਟਨਾਵਾਂ ਕੈਦ ਹੋਈਆਂ, ਪਰ ਉਸ ਦੀ ਵੀ ਕੋਈ ਜਾਂਚ ਨਹੀਂ ਹੋ ਰਹੀ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਠ ਛੋਟੇ ਲੋਕਾਂ ਨੂੰ ਫੜ ਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ ਅਤੇ ਬਾਕੀ ਸਾਰੇ ਵੱਡੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ਵਿੱਚ ਹੁਣ ਜਨਤਾ ਨੂੰ ਆਵਾਜ਼ ਉਠਾਉਣੀ ਪਵੇਗੀ ਅਤੇ ਪ੍ਰਭੂ ਦੀ ਸ਼ਰਨ ਵਿੱਚ ਜਾਣਾ ਹੋਵੇਗਾ। ਇਸ ਲਈ ਇਸ 12 ਜੁਲਾਈ, ਐਤਵਾਰ ਨੂੰ ਸਵੇਰੇ 10 ਵਜੇ ਜੇਐਮਡੀ ਟੈਂਟ, ਜਾਪਾਨੀ ਪਾਰਕ, ਸੈਕਟਰ 10, ਰੋਹਿਣੀ ਵਿਖੇ ਅਸੀਂ ਸਾਰੇ ਸੁੰਦਰਕਾਂਡ ਦਾ ਪਾਠ ਕਰਾਂਗੇ। ਸਾਰੇ ਸ਼ਰਧਾਲੂਆਂ ਅਤੇ ਰਾਮ ਭਗਤਾਂ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਪਹੁੰਚਣ। ਸੁੰਦਰਕਾਂਡ ਪਾਠ ਤੋਂ ਬਾਅਦ ਹਨੂਮਾਨ ਜੀ ਦਾ ਆਸ਼ੀਰਵਾਦ ਲੈ ਕੇ ਇੱਕ ਸਿਗਨੇਚਰ ਕੰਪੇਨ ਸ਼ੁਰੂ ਕੀਤੀ ਜਾਵੇਗੀ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਇਹ ਸਿਗਨੇਚਰ ਕੰਪੇਨ ਦੇਸ਼ ਭਰ ਵਿੱਚ ਚਲਾਈ ਜਾਵੇਗੀ। ਇਹ ਸਿਰਫ਼ ਆਮ ਆਦਮੀ ਪਾਰਟੀ ਦੀ ਸਿਗਨੇਚਰ ਕੰਪੇਨ ਨਹੀਂ ਹੈ, ਸਗੋਂ ਜਿੱਥੇ-ਜਿੱਥੇ ਵੀ ਰਾਮ ਭਗਤ ਅਤੇ ਸ਼ਰਧਾਲੂ ਹਨ, ਜੋ ਇਸ ਪੂਰੇ ਘਟਨਾਕ੍ਰਮ ਤੋਂ ਦੁਖੀ ਹਨ, ਉਹ ਸਾਰੇ ਇਹ ਮੁਹਿੰਮ ਚਲਾਉਣਗੇ। ਇਸ ਸਿਗਨੇਚਰ ਕੰਪੇਨ ਵਿੱਚ ਇੱਕ ਆਮ ਨਾਗਰਿਕ ਵੱਲੋਂ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਾਮ ਇੱਕ ਚਿੱਠੀ ਹੈ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਇਹਨਾਂ ਪੱਤਰਾਂ ‘ਤੇ ਦਸਤਖਤ ਕਰਵਾਏ ਜਾਣਗੇ, ਅਸੀਂ ਘਰ-ਘਰ ਜਾਵਾਂਗੇ ਅਤੇ ਦਿੱਲੀ ਸਮੇਤ ਹਰ ਥਾਂ ਹਜ਼ਾਰਾਂ ਦੀ ਗਿਣਤੀ ਵਿੱਚ ਹਨੂਮਾਨ ਚਾਲੀਸਾ ਦੇ ਪਾਠ ਰੱਖੇ ਜਾਣਗੇ। ਲੋਕ ਹਨੂਮਾਨ ਚਾਲੀਸਾ ਪੜ੍ਹਨਗੇ, ਹਨੂਮਾਨ ਜੀ ਅਤੇ ਰਾਮਚੰਦਰ ਜੀ ਦੀ ਆਰਤੀ ਗਾਉਣਗੇ ਅਤੇ ਉਸ ਤੋਂ ਬਾਅਦ ਪੂਰੀ ਸ਼ਰਧਾ ਨਾਲ ਇਸ ਪੱਤਰ ‘ਤੇ ਦਸਤਖਤ ਕਰਨਗੇ। ਇਸ ਤੋਂ ਬਾਅਦ ਇਹ ਸਾਰੇ ਪੱਤਰ ਪ੍ਰਧਾਨ ਮੰਤਰੀ ਜੀ ਨੂੰ ਭੇਜੇ ਜਾਣਗੇ।

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਜਦੋਂ ਲੋਕ ਭਗਵਾਨ ਦੀ ਸ਼ਰਨ ਵਿੱਚ ਜਾ ਕੇ ਅਤੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਇਹ ਕੰਮ ਕਰਨਗੇ, ਤਾਂ ਚੰਦਾ ਚੋਰੀ ਕਰਨ ਵਾਲਿਆਂ ਅਤੇ ਰਾਮਚੰਦਰ ਜੀ ਦੇ ਘਰ ਵਿੱਚ ਡਾਕਾ ਮਾਰਨ ਵਾਲਿਆਂ ਨੂੰ ਜ਼ਰੂਰ ਸਜ਼ਾ ਮਿਲੇਗੀ। ਹਰ ਸਨਾਤਨੀ ਦਾ ਇਹ ਫਰਜ਼ ਅਤੇ ਧਰਮ ਹੈ ਕਿ ਉਹ ਸ਼੍ਰੀ ਰਾਮਚੰਦਰ ਜੀ ਦੇ ਇੱਥੇ ਡਾਕਾ ਮਾਰਨ ਵਾਲੇ ਮਹਾਂ ਪਾਪੀਆਂ ਨੂੰ ਸਜ਼ਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰੇ। ਜੋ ਲੋਕ ਵੀ ਇਹ ਕਾਰਜ ਕਰਨਗੇ, ਉਹਨਾਂ ਦਾ ਅਤੇ ਉਹਨਾਂ ਦੇ ਪਰਿਵਾਰ ਦਾ ਵੱਡਾ ਭਲਾ ਹੋਵੇਗਾ।

ਪ੍ਰਧਾਨ ਮੰਤਰੀ ਦੇ ਨਾਮ ਇਸ ਚਿੱਠੀ ‘ਤੇ ਰਾਮ ਭਗਤ ਕਰਨਗੇ ਦਸਤਖਤ

ਆਦਰਨੀਯ ਪ੍ਰਧਾਨ ਮੰਤਰੀ ਜੀ,

ਸ਼੍ਰੀ ਰਾਮ ਮੰਦਰ ਵਿੱਚ ਹੋਈ ਚੜ੍ਹਾਵਾ ਚੋਰੀ ਨੇ ਮੈਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ। ਕਰੋੜਾਂ ਸ਼ਰਧਾਲੂਆਂ ਨੇ ਆਪਣੀ ਛੋਟੀ-ਵੱਡੀ ਬਚਤ ਨਾਲ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਵਿੱਚ ਯੋਗਦਾਨ ਪਾਇਆ ਸੀ। ਕਈ ਲੋਕਾਂ ਨੇ ਤਾਂ ਆਪਣੀ ਪੂਰੀ ਜ਼ਿੰਦਗੀ ਦੀ ਜਮ੍ਹਾ ਪੂੰਜੀ ਦੇ ਦਿੱਤੀ ਅਤੇ ਬਹੁਤਿਆਂ ਨੇ ਰਸੀਦ ਤੱਕ ਨਹੀਂ ਮੰਗੀ ਕਿਉਂਕਿ ਉਹਨਾਂ ਨੇ ਸੋਚਿਆ ਕਿ ਇਹ ਭਗਵਾਨ ਦਾ ਘਰ ਹੈ, ਇੱਥੇ ਕੀ ਹਿਸਾਬ ਮੰਗਣਾ? ਅੱਜ ਉਸ ਭਰੋਸੇ ਨੂੰ ਭਾਰੀ ਠੇਸ ਪਹੁੰਚੀ ਹੈ।

ਸ਼੍ਰੀ ਰਾਮ ਮੰਦਰ ਨਾਲ ਸਬੰਧਤ ਹਰ ਕਾਰਜ ਪ੍ਰਧਾਨ ਮੰਤਰੀ ਜੀ ਤੁਸੀਂ ਅੱਗੇ ਵਧ-ਚੜ੍ਹ ਕੇ ਕੀਤੇ। ਤੁਸੀਂ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟ੍ਰਸਟ ਬਣਾਇਆ ਅਤੇ ਉਸ ਦੇ ਹਰ ਮੈਂਬਰ ਨੂੰ ਨਿੱਜੀ ਤੌਰ ‘ਤੇ ਚੁਣ ਕੇ ਨਿਯੁਕਤ ਕੀਤਾ, ਜੋ ਤੁਹਾਡੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਹਨ। ਹੁਣ ਜਦੋਂ ਇੰਨੇ ਵੱਡੇ ਪੱਧਰ ‘ਤੇ ਬੇਈਮਾਨੀ ਹੋਈ ਹੈ, ਤਾਂ ਤੁਹਾਡੀ ਚੁੱਪੀ ਤੋਂ ਮੈਂ ਬਹੁਤ ਦੁਖੀ ਹਾਂ। 2021 ਤੋਂ ਪਹਿਲਾਂ ਹੀ ਟ੍ਰਸਟ ਵਿੱਚ ਜ਼ਮੀਨਾਂ ਦੇ ਘੁਟਾਲੇ, ਨਿਰਮਾਣ ਕਾਰਜਾਂ ਵਿੱਚ 40 ਫੀਸਦੀ ਤੱਕ ਦੀ ਕਮਿਸ਼ਨਖੋਰੀ ਅਤੇ ਹੁਣ ਇੰਨੇ ਵੱਡੇ ਪੱਧਰ ‘ਤੇ ਚੜ੍ਹਾਵਾ ਚੋਰੀ ਦੀਆਂ ਖ਼ਬਰਾਂ ਕਈ ਸਾਲਾਂ ਤੋਂ ਮੀਡੀਆ ਵਿੱਚ ਪ੍ਰਮੁੱਖਤਾ ਨਾਲ ਆ ਰਹੀਆਂ ਹਨ।

ਮੈਨੂੰ ਲੱਗਦਾ ਰਿਹਾ ਕਿ ਇਹ ਸਭ ਤੁਹਾਡੇ ਧਿਆਨ ਵਿੱਚ ਹੋਵੇਗਾ ਅਤੇ ਤੁਸੀਂ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ੋਗੇ। ਪਰ ਪਿਛਲੇ ਕੁਝ ਦਿਨਾਂ ਦੇ ਘਟਨਾਕ੍ਰਮ ਨੇ ਮੇਰੇ ਭਰੋਸੇ ਨੂੰ ਧੱਕਾ ਪਹੁੰਚਾਇਆ ਹੈ। ਅਜਿਹਾ ਲੱਗ ਰਿਹਾ ਹੈ ਕਿ ਭਗਵਾਨ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਬਜਾਏ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹਾ ਲੱਗਦਾ ਹੈ ਕਿ ਐਸਆਈਟੀ ਅਤੇ ਐਫਆਈਆਰ ਮਹਿਜ਼ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਅਤੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀਆਂ ਕੋਸ਼ਿਸ਼ਾਂ ਹਨ। ਅੱਠ ਛੋਟੇ ਕਰਮਚਾਰੀਆਂ ਨੂੰ ਫੜ ਕੇ ਵੱਡੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜੀ, ਅਜਿਹਾ ਪਲੀਜ਼ ਨਾ ਕਰੋ। ਭਗਵਾਨ ਰਾਮ ਦੇ ਮੰਦਰ ਵਿੱਚੋਂ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਸ਼ਰੇਆਮ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਨੂੰ ਬਚਾਉਣਾ ਮਹਾਂਪਾਪ ਹੈ। ਮੈਂ ਤੁਹਾਨੂੰ ਇਹ ਪੱਤਰ ਬਹੁਤ ਉਮੀਦ ਨਾਲ ਲਿਖ ਰਿਹਾ ਹਾਂ।

Leave a Reply

Your email address will not be published. Required fields are marked *