
ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਅਤੇ ‘ਭੰਗੜਾ ਕਿੰਗ’ ਦਲੇਰ ਮਹਿੰਦੀ ਹੁਣ ਬਾਲੀਵੁੱਡ ਵਿੱਚ ਅਦਾਕਾਰੀ ਦੇ ਖੇਤਰ ਵਿੱਚ ਵੀ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਦਲੇਰ ਮਹਿੰਦੀ ਆਉਣ ਵਾਲੀ ਬਾਲੀਵੁੱਡ ਫਿਲਮ ‘ਵੈਲਕਮ ਟੂ ਦ ਜੰਗਲ’ ਰਾਹੀਂ ਆਪਣਾ ਬਾਲੀਵੁੱਡ ਡੈਬਿਊ ਕਰਨ ਲਈ ਤਿਆਰ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਹ ਇੱਕ ਵੱਡੀ ਖੁਸ਼ਖਬਰੀ ਹੈ, ਕਿਉਂਕਿ ਸਾਲਾਂ ਤੋਂ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਦਲੇਰ ਮਹਿੰਦੀ ਹੁਣ ਵੱਡੇ ਪਰਦੇ ‘ਤੇ ਵੀ ਆਪਣੀ ਛਾਪ ਛੱਡਣਗੇ।
‘ਵੈਲਕਮ ਟੂ ਦ ਜੰਗਲ’ ਮਸ਼ਹੂਰ ‘ਵੈਲਕਮ’ ਫ੍ਰੈਂਚਾਈਜ਼ੀ ਦਾ ਤੀਜਾ ਭਾਗ ਹੈ, ਜਿਸ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਵਿੱਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਨਜ਼ਰ ਆਉਣਗੇ ਅਤੇ ਇਸ ਦੇ ਨਾਲ ਹੀ ਦਲੇਰ ਮਹਿੰਦੀ ਦੀ ਐਂਟਰੀ ਨੇ ਫਿਲਮ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਹੈ। ਦਲੇਰ ਮਹਿੰਦੀ ਦੀ ਊਰਜਾਵਾਨ ਸ਼ਖਸੀਅਤ ਅਤੇ ਉਨ੍ਹਾਂ ਦਾ ਵਿਲੱਖਣ ਅੰਦਾਜ਼ ਦਰਸ਼ਕਾਂ ਨੂੰ ਹਮੇਸ਼ਾ ਹੀ ਪਸੰਦ ਆਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਦਲੇਰ ਮਹਿੰਦੀ ਨੇ ਆਪਣੇ ਕਰੀਅਰ ਦੌਰਾਨ ਕਈ ਸੁਪਰਹਿੱਟ ਗੀਤ ਦਿੱਤੇ ਹਨ, ਜਿੰਨ੍ਹਾਂ ਵਿੱਚ ‘ਤੁਨਕ ਤੁਨਕ ਤੁਨਕ’, ‘ਬੋਲੋ ਤਾ ਰਾ ਰਾ’ ਅਤੇ ‘ਨਮੋ ਨਮੋ’ ਵਰਗੇ ਗੀਤ ਸ਼ਾਮਲ ਹਨ। ਉਨ੍ਹਾਂ ਦੀ ਗਾਇਕੀ ਨੇ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਵੱਡੀ ਪਹਿਚਾਣ ਬਣਾਈ ਹੈ। ਹੁਣ ਫਿਲਮਾਂ ਵਿੱਚ ਉਨ੍ਹਾਂ ਦੀ ਐਂਟਰੀ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਫਿਲਮ ਦੇ ਨਿਰਮਾਤਾਵਾਂ ਨੂੰ ਉਮੀਦ ਹੈ ਕਿ ਦਲੇਰ ਮਹਿੰਦੀ ਦੀ ਮੌਜੂਦਗੀ ਫਿਲਮ ਵਿੱਚ ਇੱਕ ਨਵਾਂ ਰੰਗ ਭਰੇਗੀ। ਹਾਲ ਹੀ ਵਿੱਚ ਰਿਲੀਜ਼ ਹੋਏ ਫਿਲਮ ਦੇ ਟ੍ਰੇਲਰ ਵਿੱਚ ਦਲੇਰ ਮਹਿੰਦੀ ਕਾਫੀ ਚੰਗਾ ਕਿਰਦਾਰ ਨਿਭਾਉਂਦੇ ਨਜ਼ਰੀ ਪੈ ਰਹੇ ਹਨ।
ਦਲੇਰ ਮਹਿੰਦੀ ਦਾ ਇਹ ਨਵਾਂ ਸਫ਼ਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਯਾਦਗਾਰ ਪਲ ਹੈ। ਹੁਣ ਸਭ ਦੀਆਂ ਨਜ਼ਰਾਂ ‘ਵੈਲਕਮ ਟੂ ਦ ਜੰਗਲ’ ਦੀ ਰਿਲੀਜ਼ ‘ਤੇ ਟਿਕੀਆਂ ਹੋਈਆਂ ਹਨ, ਜਿੱਥੇ ਦਲੇਰ ਮਹਿੰਦੀ ਨੂੰ ਪਹਿਲੀ ਵਾਰ ਬਾਲੀਵੁੱਡ ਅਦਾਕਾਰ ਦੇ ਰੂਪ ਵਿੱਚ ਦੇਖਿਆ ਜਾਵੇਗਾ।
ਇਸ ਦੌਰਾਨ ਜੇਕਰ ਫਿਲਮ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਇੱਕ ਵੱਡੀ ਸਟਾਰ ਕਾਸਟ ਹੈ। ਅਕਸ਼ੈ ਕੁਮਾਰ ਦੇ ਨਾਲ ਇਸ ਕਾਸਟ ਵਿੱਚ ਸੁਨੀਲ ਸ਼ੈੱਟੀ, ਪਰੇਸ਼ ਰਾਵਲ, ਅਰਸ਼ਦ ਵਾਰਸੀ, ਰਵੀਨਾ ਟੰਡਨ, ਦਿਸ਼ਾ ਪਟਾਨੀ, ਜੈਕਲੀਨ ਫਰਨਾਂਡੀਜ਼, ਲਾਰਾ ਦੱਤਾ, ਜੈਕੀ ਸ਼ਰਾਫ, ਜੌਨੀ ਲੀਵਰ, ਰਾਜਪਾਲ ਯਾਦਵ, ਸ਼੍ਰੇਅਸ ਤਲਪੜੇ, ਤੁਸ਼ਾਰ ਕਪੂਰ, ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ ਅਤੇ ਦਲੇਰ ਮਹਿੰਦੀ ਸ਼ਾਮਲ ਹਨ। ਅਹਿਮਦ ਖਾਨ ਦੁਆਰਾ ਨਿਰਦੇਸ਼ਤ ਇਹ ਫਿਲਮ 26 ਜੂਨ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।