Shadow

ਕੀ ਸਿਆਸਤ ‘ਚ ਐਂਟਰੀ ਕਰਨਗੇ ਅਦਾਕਾਰ ਬਿੰਨੂ ਢਿੱਲੋਂ, ਲੜਨਗੇ 2027 ਦੀਆਂ ਚੋਣਾਂ?

ਚੰਡੀਗੜ੍ਹ: ‘ਦੁਨੀਆਂ ਵਿੱਚ ਬਹੁਤ ਸਾਰੇ ਲੋਕ ਮਿਲਦੇ ਹਨ, ਜੋ ਤੁਹਾਨੂੰ ਰਵਾ ਸਕਦੇ ਹਨ, ਪਰ ਬਹੁਤ ਘੱਟ ਲੋਕ ਤੁਹਾਨੂੰ ਹਸਾ ਸਕਦੇ ਹਨ, ਕਿਉਂਕਿ ਜਦੋਂ ਕਿ ਕਿਸੇ ਨੂੰ ਰਵਾਉਣਾ ਆਸਾਨ ਹੈ, ਕਿਸੇ ਦੇ ਚਿਹਰੇ ‘ਤੇ ਮੁਸਕਰਾਹਟ ਲਿਆਉਣਾ ਸੱਚਮੁੱਚ ਮੁਸ਼ਕਲ ਹੈ।’ ਇਹ ਵਿਚਾਰ ਸਾਡਾ ਨਹੀਂ ਬਲਕਿ ਪੰਜਾਬੀ ਸਿਨੇਮਾ ਦੇ ਮਸ਼ਹੂਰ ਕਾਮੇਡੀ ਅਦਾਕਾਰ ਬਿੰਨੂ ਢਿੱਲੋਂ ਦਾ ਹੈ। ਜੋ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ ‘ਕੈਰੀ ਔਨ ਜੱਟਾ 4’ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਹਨ।

ਫਿਲਮਾਂ ਵਿੱਚ ਪ੍ਰਦਰਸ਼ਨ ਤੋਂ ਇਲਾਵਾ ਅਦਾਕਾਰ ਇਸ ਸਮੇਂ ਇੱਕ ਹੋਰ ਚੀਜ਼ ਕਾਰਨ ਵੀ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ, ਉਹ ਹੈ ਅਦਾਕਾਰ ਦੀ ਸਿਆਸਤ ਵਿੱਚ ਐਂਟਰੀ। ਲਗਾਤਾਰ ਸੋਸ਼ਲ ਮੀਡੀਆ ਉਤੇ ਅਟਕਲਾਂ ਚੱਲ ਰਹੀਆਂ ਹਨ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਅਦਾਕਾਰ ਬਿੰਨੂ ਢਿੱਲੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉੱਤਰ ਸਕਦੇ ਹਨ।

ਕੀ ਕਰਨਗੇ ਬਿੰਨੂ ਢਿੱਲੋਂ ਸਿਆਸਤ ਵਿੱਚ ਐਂਟਰੀ?

ਆਪਣੀ ਤਾਜ਼ਾ ਦਿੱਤੀ ਇੰਟਰਵਿਊ ਵਿੱਚ ਅਦਾਕਾਰ ਨੇ ਆਲੇ-ਦੁਆਲੇ ਚੱਲ ਰਹੀਆਂ ਸਾਰੀਆਂ ਅਟਕਲਾਂ ਨੂੰ ਸਪੱਸ਼ਟ ਕਰ ਦਿੱਤਾ ਹੈ, ਅਦਾਕਾਰ ਨੇ ਦੱਸਿਆ ਹੈ ਕਿ ਫਿਲਹਾਲ ਉਨ੍ਹਾਂ ਦਾ ਰਾਜਨੀਤੀ ਵਿੱਚ ਉੱਤਰਨ ਦਾ ਕੋਈ ਇਰਾਦਾ ਨਹੀਂ ਹੈ, ਉਹ ਖੁਦ ਹੈਰਾਨ ਹਨ ਕਿ ਉਨ੍ਹਾਂ ਨੂੰ ਲੈ ਕੇ ਇਹ ਅਫ਼ਵਾਹਾਂ ਕਿਵੇਂ ਫੈਲ ਰਹੀਆਂ ਹਨ, ਹਾਲਾਂਕਿ ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਹੈ ਕਿ ਅਦਾਕਾਰ ਕਰਮਜੀਤ ਅਨਮੋਲ ਇੱਕ ਵਾਰ ਫਿਰ ਤੋਂ ਚੋਣਾਂ ਲੜਨ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਭਾਵੇਂ ਉਹ ਪਿਛਲੀ ਵਾਰ ਬਹੁਤ ਥੋੜ੍ਹੇ ਫ਼ਰਕ ਨਾਲ ਹਾਰ ਗਏ ਸਨ, ਪਰ ਉਹ ਦੁਬਾਰਾ ਚੋਣਾਂ ਲੜਨਗੇ।

ਤੁਹਾਨੂੰ ਦੱਸ ਦੇਈਏ ਕਿ ਬਿੰਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਦੋਸਤ ਹਨ, ਉਨ੍ਹਾਂ ਦੀ ਦੋਸਤੀ ਉਨ੍ਹਾਂ ਦੇ ਕਾਲਜ ਦੇ ਦਿਨਾਂ ਤੋਂ ਹੈ ਅਤੇ ਉਨ੍ਹਾਂ ਨੇ ਇਕੱਠੇ ਥੀਏਟਰ ਵਿੱਚ ਵੀ ਪ੍ਰਦਰਸ਼ਨ ਕੀਤਾ ਹੈ।

ਬਿੰਨੂ ਢਿੱਲੋਂ ਦੀਆਂ ਰਿਲੀਜ਼ ਹੋ ਚੁੱਕੀਆਂ ਫਿਲਮਾਂ

ਹੁਣ ਜੇਕਰ ਅਦਾਕਾਰ ਬਿੰਨੂ ਢਿੱਲੋਂ ਦੇ ਕਰੀਅਰ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ‘ਕੈਰੀ ਔਨ ਜੱਟਾ’, ‘ਮਿੱਟੀ ਵਾਜਾਂ ਮਾਰਦੀ’, ‘ਮਿਸਟਰ ਐਂਡ ਮਿਸਿਜ਼ 420’, ‘ਸਿੰਘ ਵਰਸਿਜ਼ ਕੌਰ’, ‘ਲੱਕੀ ਦੀ ਅਨਲੱਕੀ ਸਟੋਰੀ’, ‘ਰੰਗੀਲੇ’, ‘ਜੱਟ ਇਨ ਗੋਲਮਾਲ’, ‘ਨੌਟੀ ਜੱਟਸ’, ‘ਜੱਟ ਏਅਰਵੇਜ਼’, ‘ਇਸ਼ਕ ਬ੍ਰਾਂਡੀ’, ‘ਓ ਮਾਈ ਪਿਓ’, ‘ਆ ਗਏ ਮੁੰਡੇ ਯੂਕੇ ਦੇ’, ‘ਮੁੰਡੇ ਕਮਾਲ ਦੇ’ ਅਤੇ ਹਾਲ ਹੀ ਵਿੱਚ ਰਿਲੀਜ਼ ਹੋਈ ‘ਜੋਂਬੀਲੈਂਡ’, ‘ਬੰਬੂਕਾਟ 2’ ਵਰਗੀਆਂ ਫਿਲਮਾਂ ਸ਼ਾਮਿਲ ਹਨ।

ਬਿੰਨੂ ਢਿੱਲੋਂ ਦਾ ਵਰਕਫਰੰਟ

ਇਸ ਦੌਰਾਨ ਜੇਕਰ ਅਦਾਕਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ‘ਕੈਰੀ ਔਨ ਜੱਟਾ 4’ ਨੂੰ ਲੈ ਕੇ ਚਰਚਾ ਵਿੱਚ ਹਨ, ਇਹ ਫਿਲਮ 26 ਜੂਨ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ। ਫਿਲਮ ਵਿੱਚ ਗਿੱਪੀ ਗਰੇਵਾਲ, ਸਰਗੁਣ ਮਹਿਤਾ, ਕਰਮਜੀਤ ਅਨਮੋਲ, ਪੁਖਰਾਜ ਭੱਲਾ ਵਰਗੇ ਮੰਝੇ ਹੋਏ ਸਿਤਾਰੇ ਨਜ਼ਰ ਆਉਣਗੇ।

Leave a Reply

Your email address will not be published. Required fields are marked *