Shadow

ਤਮੰਨਾ ਭਾਟੀਆ ਨੂੰ ਲੱਗਿਆ ਵੱਡਾ ਝਟਕਾ! ਅਦਾਲਤ ਨੇ ਦਾਇਰ ਅਪੀਲ ਨੂੰ ਕੀਤਾ ਰੱਦ, ਜਾਣੋ ਪੂਰਾ ਮਾਮਲਾ

ਹੈਦਰਾਬਾਦ: ਅਦਾਕਾਰਾ ਤਮੰਨਾ ਭਾਟੀਆ ਨੂੰ ਮਦਰਾਸ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਮਦਰਾਸ ਹਾਈ ਕੋਰਟ ਨੇ ਵੀਰਵਾਰ 16 ਅਪ੍ਰੈਲ ਨੂੰ ਭਾਟੀਆ ਦੇ ਪਾਵਰ ਸੋਪਸ ਮਾਮਲੇ ਦੀ ਸੁਣਵਾਈ ਕੀਤੀ। ਅਦਾਲਤ ਨੇ ਭਾਟੀਆ ਵੱਲੋਂ ਦਾਇਰ ਅਪੀਲ ਨੂੰ ਰੱਦ ਕਰ ਦਿੱਤਾ। ਇਹ ਮਾਮਲਾ ਅਦਾਕਾਰਾ ਅਤੇ ਸਾਬਣ ਕੰਪਨੀ ਪਾਵਰ ਸੋਪਸ ਵਿਚਕਾਰ ਹੋਏ ਵਿਵਾਦ ਨਾਲ ਜੁੜਿਆ ਹੈ। ਤਮੰਨਾ ਨੇ ਇਸ ਮਾਮਲੇ ਵਿੱਚ 1 ਕਰੋੜ ਦੇ ਮੁਆਵਜ਼ੇ ਦੀ ਮੰਗ ਵੀ ਕੀਤੀ ਸੀ।

ਮੀਡੀਆ ਰਿਪੋਰਟਾਂ ਮੁਤਾਬਕ, ਮਦਰਾਸ ਹਾਈ ਕੋਰਟ ਨੇ ਵੀਰਵਾਰ ਨੂੰ ਤਮੰਨਾ ਭਾਟੀਆ ਵੱਲੋਂ ਦਾਇਰ ਅਪੀਲ ਨੂੰ ਰੱਦ ਕਰ ਦਿੱਤਾ। ਇਸ ਅਪੀਲ ਵਿੱਚ ਉਨ੍ਹਾਂ ਨੇ ਇੱਕ ਸਿੰਗਲ ਜੱਜ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਉਨ੍ਹਾਂ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਪਾਵਰ ਸੋਪਸ ਤੋਂ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ।

ਤਮੰਨਾ ਨੇ ਦੋਸ਼ ਲਗਾਇਆ ਸੀ ਕਿ ਕੰਪਨੀ ਨੇ ਉਨ੍ਹਾਂ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਉਣ ਦਾ ਸਮਝੌਤਾ ਖਤਮ ਹੋਣ ਤੋਂ ਬਾਅਦ ਵੀ ਸਾਬਣ ਦੇ ਰੈਪਰ ਅਤੇ ਪ੍ਰਚਾਰ ਕੰਟੈਟ ‘ਤੇ ਉਨ੍ਹਾਂ ਦੀਆਂ ਤਸਵੀਰਾਂ ਦਾ ਇਸਤੇਮਾਲ ਕੀਤਾ। ਜਸਟਿਸ ਪੀ. ਵੇਲਮੁਰੂਗਨ ਅਤੇ ਕੇ. ਗੋਵਿੰਦਰਾਜਨ ਥਿਲਕਾਵਾੜੀ ਦੀ ਬੈਂਚ ਨੇ ਸਾਲ 2017 ਵਿੱਚ ਸਿੰਗਲ ਜੱਜ ਵੱਲੋਂ ਦਿੱਤੇ ਆਦੇਸ਼ ਨੂੰ ਸਹੀਂ ਦੱਸਿਆ।

ਆਪਣੇ ਮੁਕੱਦਮੇ ਵਿੱਚ ਤਮੰਨਾ ਨੇ ਕਿਹਾ ਸੀ ਕਿ ਉਨ੍ਹਾਂ ਨੇ 7 ਅਕਤੂਬਰ 2008 ਨੂੰ ਪਾਵਰ ਸੋਪਸ ਦੇ ਨਾਲ ਇੱਕ ਸਮਝੌਤਾ ਕੀਤਾ ਸੀ, ਜਿਸ ਵਿੱਚ ਕੰਪਨੀ ਵੱਲੋਂ ਬਣਾਏ ਗਏ ਸਾਬਣਾਂ ਦੇ ਰੈਪਰ ‘ਤੇ ਆਪਣੀਆਂ ਤਸਵੀਰਾਂ ਦੇ ਇਸਤੇਮਾਲ ਦੀ ਆਗਿਆ ਦਿੱਤੀ ਸੀ। ਇਹ ਸਮਝੌਤਾ ਇੱਕ ਸਾਲ ਲਈ ਕੀਤਾ ਗਿਆ ਸੀ ਅਤੇ 6 ਅਕਤੂਬਰ 2009 ਤੱਕ ਸੀ।

ਸਮਝੌਤਾ ਖਤਮ ਹੋਣ ਤੋਂ ਬਾਅਦ ਇਸਨੂੰ ਮੁੜ ਨਵਾਂ ਨਹੀਂ ਕੀਤਾ ਗਿਆ ਸੀ। ਤਮੰਨਾ ਨੇ ਦਲੀਲ ਦਿੱਤੀ ਕਿ ਸਮਝੌਤਾ ਖਤਮ ਹੋਣ ਤੋਂ ਬਾਅਦ ਵੀ ਕੰਪਨੀ ਉਨ੍ਹਾਂ ਦੀ ਆਗਿਆ ਦੇ ਬਿਨਾਂ ਆਪਣੇ ਪ੍ਰੋਡਕਟਾਂ ‘ਤੇ ਉਨ੍ਹਾਂ ਦੀਆਂ ਤਸਵੀਰਾਂ ਦਾ ਇਸਤੇਮਾਲ ਕਰਦੀ ਰਹੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਲਗਾਤਾਰ ਇਸਤੇਮਾਲ ਨਾਲ ਉਨ੍ਹਾਂ ਨੂੰ ਨੁਕਸਾਨ ਹੋਇਆ ਹੈ, ਜਿਸਦੀ ਉਨ੍ਹਾਂ ਨੇ 1 ਕਰੋੜ ਰੁਪਏ ਦੀ ਕੀਮਤ ਲਗਾਈ।

ਦੂਜੇ ਪਾਸੇ, ਕਪਨੀ ਨੇ ਇਸ ਪਟੀਸ਼ਨ ਦਾ ਵਿਰੋਧ ਕੀਤਾ ਅਤੇ ਇਹ ਦਲੀਲ ਦਿੱਤੀ ਕਿ ਤਮੰਨਾ ਨੇ ਕੋਈ ਵੀ ਅਜਿਹਾ ਦੋਸ਼ੀ ਸਬੂਤ ਪੇਸ਼ ਨਹੀਂ ਕੀਤਾ ਹੈ, ਜਿਸ ਬਾਰੇ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਇਸਦੀ ਜਾਣਕਾਰੀ ਮਿਲੀ ਸੀ। ਕੰਪਨੀ ਨੇ ਇਹ ਤਰਕ ਦਿੱਤਾ ਕਿ ਤਮੰਨਾ ਉਨ੍ਹਾਂ ਕਾਲਪਨਿਕ ਨੁਕਸਾਨਾਂ ਲਈ ਕਿਸੇ ਵੀ ਰਾਸ਼ੀ ਦਾ ਦਾਅਵਾ ਕਰਨ ਦੀ ਹੱਕਦਾਰ ਨਹੀਂ ਹੈ, ਜਿਸਦਾ ਦਾਅਵਾ ਉਨ੍ਹਾਂ ਨੇ ਕੀਤਾ ਹੈ।

ਸਿੰਗਲ ਜੱਜ ਨੇ ਤਮੰਨਾ ਭਾਟੀਆ ਵੱਲੋਂ ਪੇਸ਼ ਕੀਤੇ ਸਬੂਤਾਂ, ਜਿਸ ਵਿੱਚ ਪ੍ਰੋਡਕਟ ਦੇ ਰੈਪਰ, ਖਰੀਦ ਦਾ ਇੱਕ ਦਸਤਾਵੇਜ ਅਤੇ ਇੰਟਰਨੈੱਟ ਲਿਸਟਿੰਗ ਸ਼ਾਮਲ ਹੈ, ਨੂੰ ਗੈਰ ਭਰੋਸੇਮੰਦ ਪਾਉਦੇ ਹੋਏ ਮੁਕੱਦਮਾ ਰੱਦ ਕਰ ਦਿੱਤਾ। ਜੱਜ ਨੇ ਪਾਇਆ ਕਿ ਇਹ ਸਬੂਤ ਪਾਵਰ ਸੋਪਸ ਅਤੇ ਤਮੰਨਾ ਭਾਟੀਆ ਦੀਆਂ ਤਸਵੀਰਾਂ ਦੇ ਗਲਤ ਇਸਤੇਮਾਲ ਵਿਚਕਾਰ ਕੋਈ ਵੀ ਸਬਧ ਦਿਖਾਉਣ ਵਿੱਚ ਅਸਫ਼ਲ ਹੈ।

Leave a Reply

Your email address will not be published. Required fields are marked *